
'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਇਸ ਸਮੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ।
ਅਹਿਮਦਾਬਾਦ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਇੰਨੀ ਡਰੀ ਹੋਈ ਹੈ ਕਿ ਉਸ ਨੇ ਆਪਣੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਹੈ। ਕੇਜਰੀਵਾਲ 'ਤੇ ਪਲਟਵਾਰ ਕਰਦੇ ਹੋਏ, ਗੁਜਰਾਤ ਭਾਜਪਾ ਦੇ ਮੀਡੀਆ ਕੋਆਰਡੀਨੇਟਰ ਯਗਨੇਸ਼ ਦਵੇ ਨੇ ਕਿਹਾ ਕਿ ਉਹ ਸੁਪਨੇ ਦੇਖਣਾ ਬੰਦ ਕਰਨ ਅਤੇ ਪਾਟਿਲ ਬਾਰੇ ਸੋਚਣ ਦੀ ਬਜਾਏ ਆਪਣੇ 'ਤੇ ਧਿਆਨ ਕੇਂਦਰਿਤ ਕਰਨ।
'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਇਸ ਸਮੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ। ਸੂਬੇ ਵਿਚ ਇਸ ਸਾਲ ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਪਣੇ ਦੌਰੇ ਦੇ ਦੂਜੇ ਦਿਨ ਕੇਜਰੀਵਾਲ ਨੇ ਟਵੀਟ ਕੀਤਾ, ''ਗੁਜਰਾਤ 'ਚ ਭਾਜਪਾ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ। ਸੂਤਰਾਂ ਮੁਤਾਬਕ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਨੂੰ ਜਲਦ ਹੀ ਹਟਾਇਆ ਜਾ ਰਿਹਾ ਹੈ। ਕੀ ਭਾਜਪਾ ਇੰਨੀ ਡਰੀ ਹੋਈ ਹੈ?”
ਹਾਲਾਂਕਿ ਭਾਜਪਾ ਨੇਤਾ ਦਵੇ ਨੇ ਇਕ ਬਿਆਨ 'ਚ ਕਿਹਾ ਕਿ ਦਿਨ ਵਿਚ ਸੁਪਨੇ ਦੇਖਣਾ ਕੇਜਰੀਵਾਲ ਦੀ ਆਦਤ ਬਣ ਗਈ ਹੈ। ਦਰਅਸਲ ਦੋ ਦਿਨ ਪਹਿਲਾਂ ਗੁਜਰਾਤ ਦੇ ਕੈਬਨਿਟ ਮੰਤਰੀ ਰਾਜੇਂਦਰ ਤ੍ਰਿਵੇਦੀ ਅਤੇ ਪੂਰਨੇਸ਼ ਮੋਦੀ ਤੋਂ ਮਾਲ ਅਤੇ ਸੜਕ ਅਤੇ ਬਿਲਡਿੰਗ ਵਿਭਾਗ ਵਾਪਸ ਲੈ ਲਏ ਗਏ ਸਨ। ਇਸ ਤੋਂ ਬਾਅਦ ਕੇਜਰੀਵਾਲ ਨੇ ਉਪਰੋਕਤ ਟਿੱਪਣੀ ਕੀਤੀ।