
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਹੁਦਾ ਸੰਭਾਲਣ ਮਗਰੋਂ ਭਾਰਤ ਤੋਂ ਬਾਹਰ ਪਹਿਲੇ ਦੌਰੇ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸਰਕਾਰ....
ਮਨਾਮਾ, 9 ਜਨਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਹੁਦਾ ਸੰਭਾਲਣ ਮਗਰੋਂ ਭਾਰਤ ਤੋਂ ਬਾਹਰ ਪਹਿਲੇ ਦੌਰੇ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਵਿਰੁਧ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦੇ ਗੁੱਸੇ ਨੂੰ ਸਮਾਜ ਵਿਚ ਨਫ਼ਰਤ ਵਿਚ ਤਬਦੀਲ ਕਰ ਰਹੀ ਹੈ। ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਨਫ਼ਰਤ ਅਤੇ ਵੰਡ ਪਾਉਣ ਦੀਆਂ ਤਾਕਤਾਂ ਨਾਲ ਲੜਨ ਵਿਚ ਮਦਦ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਬਹਿਰੀਨ ਦੇ ਮਨਾਮਾ ਵਿਚ ਭਾਰਤੀਆਂ ਨੂੰ ਭਰੋਸਾ ਦਿਤਾ ਕਿ ਉਹ ਅਗਲੇ ਛੇ ਮਹੀਨੇ ਵਿਚ ਨਵੀਂ 'ਚਮਕਦੀ ਕਾਂਗਰਸ ਪਾਰਟੀ' ਵੇਖਣਗੇ ਜਿਸ 'ਤੇ ਲੋਕ ਵਿਸ਼ਵਾਸ ਕਰਨਗੇ। ਇਸ ਤਰ੍ਹਾਂ ਉਨ੍ਹਾਂ ਪਾਰਟੀ ਵਿਚ ਵਿਆਪਕ ਬਦਲਾਅ ਦਾ ਸੰਕੇਤ ਦਿਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਗੰਭੀਰ ਸਮੱਸਿਆ ਹੈ ਅਤੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਵਿਚ ਸਾਥ ਦੇਣ।
ਰਾਹੁਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਂਗਰਸ 2019 ਦੀਆਂ ਚੋਣਾਂ ਵਿਚ ਭਾਜਪਾ ਨੂੰ ਹਰਾਏਗੀ ਕਿਉਂਕਿ ਉਸ ਕੋਲ ਅਜਿਹਾ ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਭਗਵਾਂ ਪਾਰਟੀ ਅਪਣੇ ਗੜ੍ਹ ਗੁਜਰਾਤ ਵਿਚ ਹਾਲੀਆ ਚੋਣਾਂ ਵਿਚ ਮੁਸ਼ਕਲ ਨਾਲ ਬਚ ਸਕੀ। ਰਾਹੁਲ ਨੇ ਪ੍ਰਵਾਸੀ ਭਾਰਤੀਆਂ ਕੋਲ ਦੇਸ਼ ਬਾਰੇ ਅਪਣਾ ਦ੍ਰਿਸ਼ਟੀਕੋਣ ਰਖਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਹਿਲ ਰੁਜ਼ਗਾਰ ਪੈਦਾ ਕਰਨਾ, ਚੰਗੀਆਂ ਸਿਹਤ ਸਹੂਲਤਾਂ ਅਤੇ ਸਿਖਿਆ ਪ੍ਰਬੰਧ ਦੇਣਾ ਹੈ। (ਏਜੰਸੀ)