
ਨਬਾਲਿਗ ਕੁੜੀ ਨੂੰ ਭਜਾਉਣ ਦੇ ਇਲਜ਼ਾਮ ਵਿਚ ਗਿੱਦੜਬਾਹਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ 22 ਸਾਲ ਦੇ ਇਕ ਨੌਜਵਾਨ ਨੇ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ...
ਗਿੱਦੜਬਾਹਾ (ਪੀਟੀਆਈ) : ਨਬਾਲਿਗ ਕੁੜੀ ਨੂੰ ਭਜਾਉਣ ਦੇ ਇਲਜ਼ਾਮ ਵਿਚ ਗਿੱਦੜਬਾਹਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ 22 ਸਾਲ ਦੇ ਇਕ ਨੌਜਵਾਨ ਨੇ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਥਾਣੇ ਦੀ ਹਵਾਲਾਤ ਵਿਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਕਤ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੌਜਵਾਨ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲੈ ਗਈ। ਸੂਤਰਾਂ ਮੁਤਾਬਕ, ਕੁੜੀ ਦੇ ਪਿਤਾ ਨੇ 23 ਅਕਤੂਬਰ ਨੂੰ ਗਿੱਦੜਬਾਹਾ ਥਾਣੇ ਵਿਚ ਸ਼ਿਕਾਇਤ ਦਿਤੀ
ਕਿ ਉਸ ਦੀ 16 ਸਾਲ ਦੀ ਨਬਾਲਿਗ ਕੁੜੀ ਨੂੰ 22 ਸਾਲ ਦਾ ਬਲਰਾਜ ਸਿੰਘ ਭਜਾ ਕੇ ਲੈ ਗਿਆ। ਬਲਰਾਜ ਅਕਸਰ ਹੀ ਉਨ੍ਹਾਂ ਦੀ ਗਲੀ ਵਿਚ ਚੱਕਰ ਲਗਾਉਂਦਾ ਰਹਿੰਦਾ ਸੀ ਅਤੇ ਉਸ ਦੀ ਕੁੜੀ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦਾ ਸੀ। ਧਿਆਨ ਯੋਗ ਹੈ ਕਿ ਥਾਣਾ ਗਿੱਦੜਬਾਹਾ ਪੁਲਿਸ ਨੇ ਉਕਤ ਨਾਬਾਲਿਗਾ ਦੇ ਪਿਤਾ ਦੇ ਬਿਆਨਾਂ ‘ਤੇ ਬਲਰਾਜ ਸਿੰਘ ਉਰਫ਼ ਰਾਜੇ ਦੇ ਖਿਲਾਫ਼ ਉਸ ਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ।
ਦੇਰ ਸ਼ਾਮ ਪੁਲਿਸ ਨੇ ਬਲਰਾਜ ਸਿੰਘ ਅਤੇ ਕੁੜੀ ਨੂੰ ਕਾਬੂ ਕਰ ਲਿਆ ਅਤੇ ਕੁੜੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ ਜਦੋਂ ਕਿ ਬਲਰਾਜ ਨੂੰ ਪੁਲਿਸ ਨੇ ਹਵਾਲਾਤ ਵਿਚ ਭੇਜ ਦਿਤਾ। ਜਿਥੇ ਉਸ ਨੇ ਅਪਣੀ ਪਹਿਨੀ ਹੋਈ ਲੋਅਰ (ਪਜਾਮੇ) ਦੇ ਨਾਡੇ ਦੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਤੁਰਤ ਬਲਰਾਜ ਸਿੰਘ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਲੈ ਕੇ ਗਈ ਜਿਥੇ ਡਿਊਟੀ ਡਾਕਟਰ ਜਸ਼ਨਪ੍ਰੀਤ ਨੇ ਉਸ ਨੂੰ ਮੋਇਆ ਕਰਾਰ ਦੇ ਦਿਤਾ।
ਸਥਾਨਿਕ ਪੁਲਿਸ ਨੇ ਮੀਡੀਆ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿਤੀ। ਇਸ ਸਬੰਧੀ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਥਾਣਾ ਗਿੱਦੜਬਾਹਾ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਇਕ ਨੌਜਵਾਨ ਨੇ ਪੁਲਿਸ ਹਿਰਾਸਤ ਵਿਚ ਖ਼ੁਦਕੁਸ਼ੀ ਕਰ ਲਈ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਿਊਡੀਸ਼ੀਅਲ ਜਾਂਚ ਵੀ ਕਰਵਾਈ ਜਾਵੇਗੀ। ਦੂਜੇ ਪਾਸੇ ਮ੍ਰਿਤਕ ਬਲਰਾਜ ਦੇ ਪਰਵਾਰਕ ਮੈਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।