
ਕਿਹਾ- ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਵਗਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਚੰਡੀਗੜ੍ਹ: ਪੰਜਾਬ ਦੇ ਮਾਲ ਤੇ ਮੁੜ-ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਤਹਿਤ ‘ਵਗਾਰ ਕਲਚਰ’ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬੇ ਦੇ ਮਾਲ ਅਫ਼ਸਰਾਂ ਨੂੰ ਮਾਲ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਵਿਚ ‘ਵਗਾਰ ਕਲਚਰ’ ਨਹੀਂ ਚੱਲੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ‘ਵਗਾਰ ਕਲਚਰ’ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਪੰਜਾਬ ਵਿਚ ਵੀਆਈਪੀਜ਼ ਦੀ ਆਮਦ ਮੌਕੇ ਪ੍ਰਾਹੁਣਚਾਰੀ ਦੀ ਸਾਰੀ ਜ਼ਿੰਮੇਵਾਰੀ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਸਿਰ ਪੈ ਜਾਂਦੀ ਹੈ। ਕਈ ਸਰਕਾਰੀ ਸਮਾਗਮਾਂ ਮੌਕੇ ਵੀ ਵਗਾਰ ਨਾਲ ਕੰਮ ਚਲਾਇਆ ਜਾਂਦਾ ਹੈ। ਮਾਲ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਸਰਕਟ ਹਾਊਸ ਵਿਚ ਠਹਿਰਨ ਦੀ ਸ਼ੁਰੂਆਤ ਕੀਤੀ ਹੈ।
ਉਹਨਾਂ ਕਿਹਾ ਕਿ ਕਈ ਵਾਰੀ ਜ਼ਿਲ੍ਹਾ ਪੱਧਰ ’ਤੇ ਮਾਲ ਅਫਸਰਾਂ ਨੂੰ ਵਗਾਰ ਪਾਈ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮਾਲ ਮੰਤਰੀ ਨੇ ਦੱਸਿਆ ਕਿ ਜਲਦ ਹੀ 500 ਰੁਪਏ ਤੱਕ ਦਾ ਅਸ਼ਟਾਮ ਆਮ ਲੋਕਾਂ ਨੂੰ ਆਨਲਾਈਨ ਪ੍ਰਾਪਤ ਹੋ ਸਕੇਗਾ। ਇਸ ਦੇ ਲਈ ਲੋਕਾਂ ਨੂੰ 500 ਰੁਪਏ ਤੱਕ ਦਾ ਅਸ਼ਟਾਮ ਲੈਣ ਲਈ ਦਫ਼ਤਰਾਂ ਜਾਂ ਕਚਹਿਰੀਆਂ ਦੇ ਗੇੜੇ ਨਹੀਂ ਮਾਰਨੇ ਪੈਣਗੇ।