
ਪਰਾਲੀ ਸਾੜਨਾ ਗ਼ਰੀਬ ਕਿਸਾਨ ਦੀ ਮਜ਼ਬੂਰੀ : ਬਲਬੀਰ ਸਿੰਘ ਰਾਜੇਵਾਲ
ਚੰਡੀਗੜ੍ਹ (ਜੀ.ਸੀ ਭਾਰਦਵਾਜ): ਵਿਸ਼ਵ ਵਪਾਰ ਸੰਗਠਨ ਤੇ ਹੋਰ ਕਈ ਅੰਦਰਰਾਸ਼ਟਰੀ ਸਮਝੌਤਿਆਂ ਰਾਹੀਂ ਭਾਰਤ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੇ ਲੱਖਾਂ ਕਿਸਾਨਾਂ 'ਤੇ ਪੈਣ ਵਾਲੇ ਮਾੜੇ ਅਸਰ ਦੀ ਲੰਮੀ ਚੌੜੀ ਤਸਵੀਰ ਪੇਸ਼ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਨੇ ਅੱਜ ਮਹੱਤਵਪੂਰਨ ਬੈਠਕ ਕਰ ਕੇ ਆਰ.ਸੀ.ਈ.ਪੀ ਯਾਨੀ ਖੇਤਰੀ ਆਰਥਕ ਪੈਕੇਜ ਦਾ ਡੱਟ ਕੇ ਵਿਰੋਧ ਕੀਤਾ। ਆਉਂਦੇ ਦਿਨਾਂ 'ਚ ਰਾਜਪਾਲ ਕੋਲ ਮੈਮੋਰੰਡਮ ਦੇ ਕੇ ਕੇਂਦਰ ਸਰਕਾਰ 'ਤੇ ਦਬਾਅ ਪਾਉਣ ਦਾ ਪਤਾ ਵੀ ਪਾਸ ਕੀਤਾ।
Indian Farmers Union
ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਆਏ, ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ ਇਹ ਵੀ ਫ਼ੈਸਲਾ ਕੀਤਾ ਕਿ ਪੰਜਾਬ ਸਰਕਾਰ 'ਤੇ ਦਬਾਅ ਪਾਇਆ ਜਾਏ ਕਿ ਆਉਂਦੇ ਵਿਧਾਨ ਸਭਾ ਸੈਸ਼ਨ 'ਚ ਕੇਰਲ ਵਿਧਾਨ ਸਭਾ ਦੀ ਤਰਜ਼ 'ਤੇ ਇਨ੍ਹਾਂ ਕਿਸਾਨ ਮਾਰੂ ਸਮਝੌਤਿਆ ਦੇ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇ।
ਅੱਜ ਦੀ ਮਹੱਤਵਪੂਰਨ ਮੀਟਿੰਗ 'ਚ ਕੀਤੀ ਚਰਚਾ ਤੋਂ ਬਾਅਦ ਸ.ਬਲਬੀਰ ਸਿੰੰਘ ਰਾਜੇਵਾਲ ਨੇ ਦਸਿਆ ਕਿ ਏਸ਼ੀਆ ਦੇ 16 ਦੇਸ਼ਾਂ ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ, ਦੀ ਕਿਸਾਨੀ ਅਤੇ ਡੇਅਰੀ ਫਾਰਮਿੰਗ ਦਾ ਮਾੜਾ ਹਾਲ ਹੋ ਜਾਏਗਾ ਕਿਊਂਕਿ ਇਨ੍ਹਾਂ ਨਵੇਂ ਸਮਝੌਤਿਆਂ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਡੈਨਮਾਰਕ ਤੋਂ ਕਣਕ, ਚਾਵਲ ਤੇ ਦੁੱਧ ਦੀਆਂ ਵਸਤਾਂ ਪੰਜਾਬ ਤੇ ਹੋਰ ਸੂਬਿਆਂ 'ਚ ਆਉਣ ਨਾਲ 45000 ਕਰੋੜ ਦੇ ਸਾਲਾਨਾ ਅਰਥਚਾਰੇ 'ਚ ਖੜੋਤ ਆਏਗੀ।
Balbir Singh Rajewal
ਸ.ਰਾਜੇਵਾਲ ਨੇ ਸਪਸ਼ਟ ਕੀਤਾ ਕਿ ਪੰਜਾਬ ਦਾ 90000 ਕਰੋੜ ਦੀ ਸਾਲਾਨਾ ਕਣਕ ਝੋਨੇ ਦੀ ਪੈਦਾਵਾਰ ਤੇ ਖ਼ਰੀਦ ਵੇਚ ਨਾਲ ਲੱਖਾਂ ਕਿਸਾਨ ਪਰਵਾਰਾਂ ਸਮੇਤ, ਆੜਤੀਆਂ ਤੇ ਸ਼ਹਿਰੀ ਪੇਂਡੂ ਲੋਕਾਂ ਦਾ ਕਾਰੋਬਾਰ ਤੇ ਵਪਾਰ ਚੱਲਦਾ ਹੈ, ਉਨ੍ਹਾਂ ਸਾਰਿਆਂ ਨੂੰ ਡੂੰਘੀ ਸੱਟ ਵੱਜੇਗੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਨਵੇਂ ਸਿਸਟਮ ਤੇ ਸਮਝੌਤੇ ਤਹਿਤ, ਹਰਿਆਣੇ 'ਚ ਤਾਂ ਵੋਟਾਂ ਮਗਰੋਂ ਹੀ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰ ਦਿਤੀ ਅਤੇ ਅਗਲੇ ਸੀਜ਼ਨ 'ਚ ਪੰਜਾਬ ਤੇ ਹਰਿਆਣਾ 'ਚ ਕਣਕ ਖ਼ਰੀਦ ਵੀ ਬੰਦ ਹੋ ਜਾਏਗੀ
ਅਤੇ 180 ਲੱਖ ਟਨ ਝੋਨਾ ਅਤੇ ਇੰਨੀ ਹੀ ਕਣਕ ਪੈਦਾ ਕਰਨ ਵਾਲੇ ਪੰਜਾਬੀ ਕਿਸਾਨ ਤਬਾਹ ਹੋ ਜਾਣਗੇ ਕਿਉਂਕਿ ਨਵੇਂ ਸਮਝੋਤਿਆਂ ਹੇਠ, ਵੇਦਸ਼ਾਂ ਤੋਂ ਸਸਤੀ ਕਣਕ ਤੇ ਸਸਤਾ ਚਾਵਲ ਆਉਣਾ ਸ਼ੁਰੂ ਹੋ ਜਾਏਗਾ। ਦਿੱਲੀ 'ਚ ਵੱਧ ਰਹੇ ਪ੍ਰਦੂਸ਼ਣ ਅਤੇ ਪੰਜਾਬ ਹਰਿਆਣਾ 'ਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਦੇ ਸਬੰਧ 'ਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ.ਰਾਜੇਵਾਲ ਨੇ ਸਪਸ਼ਟ ਕੀਤਾ ਕਿ ਦਿੱਲੀ ਦੀ ਸਰਕਾਰ ਉਸ ਦੇ ਮੁੱਖ ਮੰਤਰੀ ਕੇਜਰੀਵਾਲ ਉਸ ਦੇ ਮੰਤਰੀ ਐਂਵੇ ਹੀ ਕਿਸਾਨਾ ਸਿਰ ਇਲਜ਼ਾਮ ਲਾ ਰਹੇ ਹਨ
Stubble Burning
ਜਦੋਂ ਕਿ ਦਿੱਲੀ 'ਚ 2 ਕਰੋੜ ਗੱਡੀਆਂ, ਬੱਸਾਂ, ਟਰੱਕ, ਟੈਂਪੂ, ਆਟੋ ਰੋਜ਼ਾਨਾ 24 ਘੰਟੇ ਕਾਰਬਨ ਮੌਨੋ ਆਕਸਾਈਡ ਛੱਡ ਕੇ ਵਾਤਾਵਰਣ ਨੂੰ ਗੰਧਲਾ ਕਰਦੇ ਹਨ, ਜਿਸ ਬਾਰੇ ਇਹ ਸਿਆਸੀ ਨੇਤਾ ਚੁੱਪ ਹਨ। ਰਾਜੇਵਾਲ ਦਾ ਤਰਕ ਹੈ ਕਿ ਪਰਾਲੀ ਸਾੜਨਾ ਗਰੀਬ ਕਿਸਾਨ ਦੀ ਮਜਬੂਰੀ ਹੈ ਕਿਊਂਕਿ ਕੇਂਦਰ ਤੇ ਪੰਜਾਬ ਸਰਕਾਰ ਵਾਅਦੇ ਅਨੁਸਾਰ ਨਾ ਤਾਂ ਮੁਫ਼ਤ ਮਸ਼ੀਨਰੀ ਦੇ ਰਹੀ ਹੈ, ਨਾ ਹੀ ਪਰਾਲੀ ਨੂੰ ਬੰਨਣ ਦਾ ਬੰਦੋਬਸਤ ਕਰਦੀ ਹੈ ਅਤੇ ਨਾ ਹੀ ਕੋਈ ਮੁਆਵਜ਼ਾ ਦੇ ਰਹੀ ਹੈ।
ਸ.ਰਾਜੇਵਾਲ ਨੇ ਤਰਕ ਦਿਤਾ, ਨਾ ਤਾਂ ਹਵਾ ਦਾ ਰੁਖ ਅੱਜ ਕੱਲ੍ਹ ਦਿੱਲੀ ਵੱਲ ਨੂੰ ਹੈ, ਨਾ ਹੀ 300 ਕਿਲੋਮੀਟਰ ਦੂਰ ਰਾਜਧਾਨੀ ਵੱਲ, ਪਰਾਲੀ ਦੀ ਅੱਗ ਦਾ ਧੂੰਆ ਕੋਈ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ, ਸਿਰਫ਼ ਗਰੀਬ ਤੇ ਮਿਹਨਤੀ ਕਿਸਾਨ ਉੱਤੇ ਬੇ-ਲੋੜਾ ਦਬਾਅ ਪਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸ.ਰਾਜੇਵਾਲ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ 'ਚ ਵੱਡਾ ਕਿਸਾਨੀ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਦੀ ਸਕੀਮ 15 ਨਵੰਬਰ ਨੂੰ ਕੀਤੀ ਜਾਣ ਵਾਲੀ ਬੈਠਕ 'ਚ ਤਿਆਰ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।