
ਦੋ ਕਤਲ ਮਾਮਲਿਆਂ ਦੇ ਮੁੱਖ ਦੋਸ਼ੀ ਬਸਤੀ ਟੈਂਕਾਂ ਵਾਲੀ ਦੇ ਰਹਿਣ ਵਾਲੇ ਗੈਂਗਸਟਰ ਵਿੱਕੀ ਸੈਮੁਅਲ ਨੂੰ ਪੁਲਿਸ ਨੇ ਕਾਬੂ...
ਫਿਰੋਜ਼ਪੁਰ : ਦੋ ਕਤਲ ਮਾਮਲਿਆਂ ਦੇ ਮੁੱਖ ਦੋਸ਼ੀ ਬਸਤੀ ਟੈਂਕਾਂ ਵਾਲੀ ਦੇ ਰਹਿਣ ਵਾਲੇ ਗੈਂਗਸਟਰ ਵਿੱਕੀ ਸੈਮੁਅਲ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੋਸ਼ੀ ਨੇ 7 ਅਕਤੂਬਰ ਨੂੰ ਦੇਰ ਰਾਤ ਗੋਲੀ ਮਾਰ ਕੇ ਸੋਨੂੰ ਗਿੱਲ ਅਤੇ ਮਿੰਟਾ ਦਾ ਕਤਲ ਕਰਕੇ ਜ਼ਿਲ੍ਹੇ ਵਿਚ ਸਨਸਨੀ ਫੈਲਾ ਦਿਤੀ ਸੀ ਅਤੇ ਬਾਅਦ ਵਿਚ ਫੇਸਬੁੱਕ ਉਤੇ ਲਾਈਵ ਹੋ ਕੇ ਦੋਵਾਂ ਕਤਲ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਬਾਕੀਆਂ ਨੂੰ ਵੀ ਅੰਜਾਮ ਭੁਗਤਣ ਦੀ ਚਿਤਾਵਨੀ ਦੇ ਦਿਤੀ ਸੀ।
ਪਤਾ ਲੱਗਿਆ ਹੈ ਕਿ ਇਨ੍ਹਾਂ ਦਿਨੀਂ ਦੋਸ਼ੀ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਉਹ ਬੁੱਢਾ ਗੈਂਗ ਦੇ ਸੰਪਰਕ ਵਿਚ ਸੀ ਪਰ ਪੁਲਿਸ ਵਲੋਂ ਉਸ ਨੂੰ ਦਬੋਚ ਲਿਆ ਗਿਆ। ਪ੍ਰੈੱਸ ਕਾਨਫਰੰਸ ਵਿਚ ਫਿਰੋਜ਼ਪੁਰ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ, ਐਸਐਸਪੀ ਪ੍ਰੀਤਮ ਸਿੰਘ, ਬਲਜੀਤ ਸਿੰਘ ਸਿੱਧੂ ਐਸਪੀ (ਡੀ) ਬਲਜੀਤ ਸਿੰਘ ਅਤੇ ਏਆਈਜੀ ਨਰਿੰਦਰਪਾਲ ਸਿੰਘ ਕਾਂਊਟਰ ਇੰਟੈਲੀਜੈਂਸ ਦੀ ਨਿਗਰਾਨੀ ਵਿਚ ਚੱਲ ਰਹੇ ਆਪਰੇਸ਼ਨ ਦੇ ਦੌਰਾਨ ਪੁਲਿਸ ਅਤੇ ਕਾਂਉਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਕਿ ਦੋ ਕਤਲ ਮਾਮਲਿਆਂ ਦਾ ਮੁੱਖ ਦੋਸ਼ੀ ਫਿਰੋਜ਼ਪੁਰ ਇਲਾਕੇ ਵਿਚ ਘੁੰਮ ਰਿਹਾ ਹੈ।
ਪੁਲਿਸ ਨੇ ਚੁੰਗੀ ਨੰਬਰ ਸੱਤ ਦੇ ਕੋਲ ਨਾਕਾਬੰਦੀ ਕਰਕੇ ਟਾਟਾ ਸਫ਼ਾਰੀ ਗੱਡੀ ਨੂੰ ਰੋਕਿਆ, ਜੋ ਵਿੱਕੀ ਸੈਮੁਅਲ ਚਲਾ ਰਿਹਾ ਸੀ। ਤਲਾਸ਼ੀ ਦੌਰਾਨ 32 ਬੋਰ ਦਾ ਰਿਵਾਲਵਰ, ਤਿੰਨ ਕਾਰਤੂਸ ਅਤੇ 2 ਕਾਰਤੂਸ ਦੇ ਖੋਲ ਬਰਾਮਦ ਕੀਤੇ। ਆਈਜੀ ਨੇ ਦੱਸਿਆ ਇਸ ਦੋਸ਼ੀ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ 20 ਦੇ ਕਰੀਬ ਮਾਮਲੇ ਦਰਜ ਹਨ। ਦੋਸ਼ੀ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਕਿ ਕਤਲ ਦੇ ਸਮੇਂ ਉਹ 6 ਲੋਕ ਸਨ, ਜਿਨ੍ਹਾਂ ਵਿਚ ਉਸ ਦੇ ਨਾਲ ਉਸ ਦਾ ਭਤੀਜਾ ਸੂਰਜ ਘਾਰੂ, ਜੈਕਬ, ਰਿਸ਼ੁ, ਕਾਲੂ ਭਈਆ, ਮੈਨੁਅਲ ਦੇ ਨਾਮ ਸ਼ਾਮਿਲ ਹਨ।
ਕਤਲ ਦੇ ਅਗਲੇ ਦਿਨ ਜੱਗਾ ਨਾਮ ਦੇ ਵਿਅਕਤੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਦੁਸ਼ਮਣੀ ਕਰੀਬ ਢਾਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਕਿਸੇ ਗੱਲ ਨੂੰ ਲੈ ਕੇ ਵਿੱਕੀ ਨੇ ਸੋਨੂੰ ਗਿੱਲ ਨੂੰ ਥੱਪੜ ਮਾਰ ਦਿਤਾ। ਉਸ ਤੋਂ ਬਾਅਦ ਵਿੱਕੀ ਨੇ ਅਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਉਤੇ ਐਨਡੀਪੀਸੀ ਐਕਟ ਦਾ ਮਾਮਲਾ ਦਰਜ ਕਰਵਾ ਦਿਤਾ। ਉਸ ਮਾਮਲੇ ਵਿਚ ਉਸ ਨੂੰ ਦਸ ਸਾਲ ਦੀ ਸਜ਼ਾ ਹੋ ਗਈ ਸੀ। ਕੁੱਝ ਸਮਾਂ ਪਹਿਲਾਂ ਵਿੱਕੀ ਕਿਸੇ ਮਾਮਲੇ ਵਿਚ ਜੇਲ੍ਹ ਵਿਚ ਆਇਆ ਸੀ, ਤੱਦ ਉਨ੍ਹਾਂ ਦੋਵਾਂ ਦੀ ਜੇਲ੍ਹ ਵਿਚ ਲੜਾਈ ਹੋ ਗਈ ਸੀ, ਜਿਸ ਦੇ ਕਾਰਨ ਵਿੱਕੀ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ।