
ਅਦਾਲਤ 'ਚ ਪੇਸ਼ ਹੋਏ ਸੁਖਬੀਰ ਬਾਦਲ
Kotkapura Firing Case: ਸਾਲ 2015 ਦੇ ਕੋਟਕਪੂਰਾ ਗੋਲੀਕਾਡ ਨਾਲ ਜੁੜੇ ਦੋ ਮਾਮਲਿਆਂ ਵਿਚ ਅੱਜ ਫਰਦਿਕੋਟ ਦੀ ਜੇਐਮਆਈਸੀ ਅਦਾਲਤ ਵਿਚ ਅਹਿਮ ਸੁਣਵਾਈ ਹੋਈ। ਸੁਣਵਾਈ ਦੌਰਾਨ ਚਾਰਜਸ਼ੀਟ ਦੇ ਮੁਲਜ਼ਮਾਂ ਵਿਚੋਂ ਸਿਰਫ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਅਦਾਲਤ ‘ਚ ਹਾਜ਼ਰ ਹੋਏ। ਜਦਕਿ ਬਾਕੀ ਸਾਰਿਆਂ ਦੀ ਹਾਜ਼ਰੀ ਮੁਆਫ਼ ਹੋ ਗਈ।
ਅਦਾਲਤ ਨੇ ਮੁਲਜ਼ਮਾਂ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਚਾਰਜਸ਼ੀਟ ਦਾਖ਼ਲ ਕਰ ਕੇ ਅਗਲੀ ਸੁਣਵਾਈ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਭੇਜ ਦਿਤੀ ਹੈ। ਹੁਣ ਕੋਟਕਪੂਰਾ ਗੋਲ ਕਾਂਡ ਦੀ ਸੁਣਵਾਈ ਜ਼ਿਲ੍ਹਾ ਅਦਾਲਤ ਵਿਚ 21 ਨਵੰਬਰ ਨੂੰ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ 17 ਅਕਤੂਬਰ 2023 ਨੂੰ ਅਦਾਲਤ ਨੇ ਸੁਣਵਾਈ ਦੌਰਾਨ ਪੁਲਿਸ ਵਲੋਂ ਪੇਸ਼ ਕੀਤੀ ਵੀਡੀਉ ਨੂੰ ਦੇਖਿਆ ਸੀ। ਜਿਸ ਤੋਂ ਬਾਅਦ ਅਦਾਲਤ ਵਲੋਂ ਉਕਤ ਮਾਮਲੇ ਦੀ ਸੁਣਵਾਈ ਲਈ 4 ਨਵੰਬਰ ਦੀ ਤਰੀਕ ਤੈਅ ਕੀਤੀ ਗਈ ਸੀ।
2015 ਦੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਦੋਵੇਂ ਕੇਸਾਂ ਦੀ ਸੁਣਵਾਈ ਜੇਐਮਆਈਸੀ ਅਜੈਪਾਲ ਸਿੰਘ ਦੀ ਅਦਾਲਤ ਵਿਚ ਹੋਈ ਸੀ, ਜਿਸ ਦੌਰਾਨ ਕੇਸ ਵਿਚ ਨਾਮਜ਼ਦ ਤਤਕਾਲੀ ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ, ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ਅਤੇ ਤਤਕਾਲੀ ਐਸਐਸਪੀ ਫਰੀਦਕੋਟ ਸੁਖਮੰਦਰ ਸਿੰਘ ਹਾਜ਼ਰ ਸਨ ਜਦਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਮੁਲਜ਼ਮਾਂ ਦੀ ਹਾਜ਼ਰੀ ਮੁਆਫ਼ ਹੋ ਗਈ।