
ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ‘ਤੇ ਕੁੱਲ ਅੱਠ ਮਾਮਲੇ ਦਰਜ ਹਨ
ਲੁਧਿਆਣਾ: ਲੋਕ ਸਭਾ ਚੋਣਾਂ ਲਈ ਇਕ ਪਾਸੇ ਜਿੱਥੇ ਸਿਆਸੀ ਸਰਗਰਮੀਆਂ ਜਾਰੀ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਉਮੀਦਵਾਰ ਅਜਿਹੇ ਵੀ ਹਨ ਜਿਨ੍ਹਾਂ ਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ। ਇਹਨਾਂ ਉਮੀਦਵਾਰਾਂ ਵਿਚੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਵੀ ਅਜਿਹੇ ਉਮੀਦਵਾਰ ਹਨ। ਸਿਮਰਨਜੀਤ ਸਿੰਘ ਬੈਂਸ ‘ਤੇ ਕੁੱਲ ਅੱਠ ਮਾਮਲੇ ਦਰਜ ਹਨ ਅਤੇ ਇਕ ਮਾਮਲਾ ਐਨਡੀਪੀਐਸ ਐਕਟ ਦੇ ਅਧੀਨ ਵੀ ਹੈ ਜਿਸ ‘ਤੇ ਸੁਪਰੀਮ ਕੋਰਟ ਵੱਲੋਂ ਸਟੇਅ ਲਗਾਈ ਗਈ ਹੈ।
Ravneet Singh Bittu
ਨਾਮਜ਼ਦਗੀ ਭਰਨ ਮੌਕੇ ਇਨ੍ਹਾਂ ਕੇਸਾਂ ਦਾ ਜ਼ਿਕਰ ਸਾਹਮਣੇ ਆਇਆ ਸੀ ਅਤੇ ਇਸੇ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਬੈਂਸ ‘ਤੇ ਨਿਸ਼ਾਨੇਬਾਜ਼ੀ ਜਾਰੀ ਹੈ। ਜਿਥੇ ਇਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਨੇ ਬੈਂਸ ‘ਤੇ ਨਿਸਾਨਾ ਲਗਾਇਆ ਹੈ ਤਾਂ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਵੀ ਸਿਮਰਨਜੀਤ ਬੈਂਸ ‘ਤੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਬੈਂਸ ਅਪਣੇ ਆਪ ਨੂੰ ਇਮਾਨਦਾਰ ਦੱਸਦੇ ਹਨ ਅਤੇ ਉਹਨਾਂ ਖਿਲਾਫ਼ ਦਰਜ ਮਾਮਲੇ ਉਹਨਾਂ ਦੀ ਇਮਾਨਦਾਰੀ ਦਾ ਸਬੂਤ ਦੇ ਰਹੇ ਹਨ। ਉਹਨਾਂ ਕਿਹਾ ਕਿ ਨਾਮਜ਼ਦਗੀ ਪੱਤਰਾਂ ਤੋਂ ਸਭ ਕੁਝ ਸਾਫ ਹੋ ਗਿਆ ਹੈ।
Prof. Tejpal Singh Aap
ਉਧਰ ਜਦੋਂ ਇਸ ਮਾਮਲੇ ਬਾਰੇ ਸਿਮਰਨਜੀਤ ਬੈਂਸ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਪਰਚੇ ਲੋਕਾਂ ਵੱਲੋਂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦਾ ਹੀ ਉਹਨਾਂ ਨੂੰ ਇਹ ਸਿਲਾ ਮਿਲਿਆ ਹੈ। ਬੈਂਸ ਨੇ ਕਿਹਾ ਕਿ ਉਹਨਾਂ ‘ਤੇ ਹੋਏ ਪਰਚਿਆਂ ਦਾ ਉਹਨਾਂ ਨੂੰ ਕੋਈ ਅਫਸੋਸ ਨਹੀਂ ਸਗੋਂ ਮਾਣ ਹੈ ਕਿਉਂਕਿ ਉਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਹਮੇਸ਼ਾਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਨ।
Simranjit Singh Bains
ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਦੌਰਾਨ ਲੁਧਿਆਣਾ ਦੀ ਲੋਕ ਸਭਾ ਸੀਟ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਦਾ ਮੁਕਾਬਲਾ ਸ੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਦੇ ਤੇਜਪਾਲ ਸਿੰਘ ਅਤੇ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨਾਲ ਹੈ।