
ਲੋੜਵੰਦ ਧੀ ਦਾ ਪਰਿਵਾਰ ਕਿਸੇ ਵੀ ਧਰਮ ਦਾ ਹੋਵੇ, ਕੋਈ ਵਿਤਕਰਾ ਨਹੀਂ
ਲੁਧਿਆਣਾ: ਦੁਸਹਿਰੇ ਦਾ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਉਂਦੇ ਹੋਏ, ਲੁਧਿਆਣਾ ਜ਼ਿਲ੍ਹੇ ਦਾ ਪਿੰਡ ਮਨਸੂਰਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਹਜ਼ਾਰਾਂ ਲੜਕੀਆਂ ਲਈ ਵਰਦਾਨ ਸਾਬਤ ਹੋਇਆ ਹੈ। ਉਨ੍ਹਾਂ ਦੇ ਵਿਆਹੁਤਾ ਜੀਵਨ ਦੀ ਸ਼ੁਰੂਆਤ 'ਚ ਇਹ ਪਿੰਡ ਮਦਦਗਾਰ ਸਾਬਤ ਹੁੰਦਾ ਆ ਰਿਹਾ ਹੈ, ਅਤੇ ਇਸ ਸ਼ੁਰੂਆਤ ਮੌਕੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਫ਼ਰਨੀਚਰ, ਕੱਪੜੇ, ਸਿਲਾਈ ਮਸ਼ੀਨਾਂ, ਕਰਿਆਨੇ ਸਮੇਤ ਹਰ ਘਰ 'ਚ ਲੋੜੀਂਦਾ ਸਮਾਨ ਵੀ ਦਿੱਤਾ ਜਾਂਦਾ ਹੈ। ਇਹ ਪਿੰਡ ਪਿਛਲੇ 18 ਸਾਲਾਂ ਤੋਂ ਦੁਸਹਿਰੇ ਮੌਕੇ ਸਮੂਹਿਕ ਵਿਆਹਾਂ ਦਾ ਉਪਰਾਲਾ ਕਰਦਾ ਆ ਰਿਹਾ ਹੈ। ਇਸ ਵਾਰ ਵੀ ਦੁਸਹਿਰੇ ਮੌਕੇ 11 ਵਿਆਹ ਕਰਵਾਏ ਗਏ।
"ਦਰੇਸੀ ਮੈਦਾਨ ਤੋਂ ਬਾਅਦ ਸਾਡਾ ਪਿੰਡ ਸ਼ਾਇਦ ਲੁਧਿਆਣਾ ਜ਼ਿਲ੍ਹੇ ਦਾ ਦੂਜਾ ਸਥਾਨ ਹੈ ਜਿੱਥੇ ਪਿਛਲੇ ਕਰੀਬ 300 ਸਾਲਾਂ ਤੋਂ ਦੁਸਹਿਰਾ ਮਨਾਇਆ ਜਾਂਦਾ ਹੈ। ਮੈਂ 1978 ਤੋਂ ਇਸ ਪਿੰਡ ਦਾ ਸਰਪੰਚ ਹਾਂ ਅਤੇ ਗ਼ਰੀਬ ਤੇ ਲੋੜਵੰਦ ਲੜਕੀਆਂ ਸਮੂਹਿਕ ਵਿਆਹਾਂ ਦੇ ਆਯੋਜਨ ਲਈ ਸਾਨੂੰ ਬਹੁਤ ਸਾਰੀਆਂ ਬੇਨਤੀਆਂ ਮਿਲਦੀਆਂ ਸੀ। ਇਨ੍ਹਾਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਲਗਭਗ 18 ਸਾਲ ਪਹਿਲਾਂ ਇਹ ਰਵਾਇਤ ਸ਼ੁਰੂ ਕੀਤੀ। ਹਰ ਸਾਲ, ਅਸੀਂ ਦੁਸਹਿਰੇ ਦੇ ਮੇਲੇ ਦੌਰਾਨ ਅਜਿਹੇ ਸਮੂਹਿਕ ਵਿਆਹ ਕਰਵਾਉਂਦੇ ਹਾਂ," ਮਨਸੂਰਾਂ ਦੇ ਸਰਪੰਚ ਓਮ ਪ੍ਰਕਾਸ਼ ਨੇ ਕਿਹਾ।
"ਇਸ ਸਾਲ ਵੀ ਦੁਸਹਿਰੇ ਮੌਕੇ ਧਾਂਦਰਾ, ਜੱਸੋਵਾਲ, ਜੜਤੌਲੀ, ਸਹੌਲੀ, ਹਲਵਾਰਾ, ਡੱਲਾ, ਕਪੂਰਥਲਾ ਖੇਤਰ, ਕੁਠਾਲਾ ਨਾਲ ਸੰਬੰਧਿਤ 11 ਲੜਕੀਆਂ ਨੂੰ ਆਪਣੇ ਜੀਵਨ ਸਾਥੀ ਮਿਲੇ। ਅਸੀਂ ਸਮੂਹਿਕ ਵਿਆਹਾਂ ਦਾ ਆਯੋਜਨ ਕਰਦੇ ਹਾਂ, ਪਰ ਆਪਣੇ ਬੱਚਿਆਂ ਲਈ ਢੁਕਵਾਂ ਜੀਵਨ-ਸਾਥੀ ਉਨ੍ਹਾਂ ਦੇ ਮਾਪੇ ਹੀ ਲੱਭਦੇ ਹਨ।" ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਕਿਸੇ ਵੀ ਧਰਮ ਦਾ ਹੋਵੇ, ਇਸ ਗੱਲ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸੱਤ ਸਾਲ ਪਹਿਲਾਂ ਦੇ ਇੱਕ ਸਮਾਗਮ ਦੌਰਾਨ ਇੱਕ ਮੁਸਲਿਮ ਕੁੜੀ ਦਾ ਵਿਆਹ ਕਰਵਾਇਆ ਗਿਆ ਸੀ।
ਪਿੰਡ ਦੀ ਦੁਸਹਿਰਾ ਕਮੇਟੀ ਦੇ ਮੈਂਬਰਾਂ ਨੂੰ ਪਿੰਡ ਦੇ ਪ੍ਰਵਾਸੀ ਭਾਈਚਾਰੇ ਅਤੇ ਪਿੰਡ ਵਾਸੀਆਂ ਦਾ ਦਿਲੋਂ ਸਹਿਯੋਗ ਮਿਲਦਾ ਹੈ। ਕਮੇਟੀ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਹਰ ਲਾੜੀ ਨੂੰ 2.5 ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਦਿੱਤੇ ਜਾਂਦੇ ਹਨ। ਕਮੇਟੀ ਇਨ੍ਹਾਂ ਸਮੂਹਿਕ ਵਿਆਹਾਂ ਦੌਰਾਨ ਖਾਣ-ਪੀਣ ਸਮੇਤ ਸਾਰੇ ਪ੍ਰਬੰਧ ਕਰਦੀ ਹੈ।