
ਇੰਜੀਨੀਅਰ ਸੰਦੀਪ ਸਿੰਘ ਸਹੋਤਾ ਅਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਕੌਰਪਾਲ ਨੇ ਅਪਣਾ ਵਿਆਹ ਐਤਵਾਰ ਨੂੰ ਇਕ ਨਵੇਂ ...
ਹੁਸ਼ਿਆਰਪੁਰ (ਪੀਟੀਆਈ) : ਇੰਜੀਨੀਅਰ ਸੰਦੀਪ ਸਿੰਘ ਸਹੋਤਾ ਅਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਕੌਰਪਾਲ ਨੇ ਅਪਣਾ ਵਿਆਹ ਐਤਵਾਰ ਨੂੰ ਇਕ ਨਵੇਂ ਅੰਦਾਜ਼ ਵਿਚ ਕੀਤਾ। ਪਿੰਡ ਭਾਰਟਾ-ਗਣੇਸ਼ਪੁਰ ਵਿਚ ਵਿਆਹ ਦੀਆਂ ਤਿਆਰੀਆਂ ਆਮ ਵਿਆਹ ਦੀ ਤਰ੍ਹਾਂ ਹੀ ਸਨ ਪਰ ਅੰਦਰ ਵਿਆਹ ਦੇ ਪ੍ਰਬੰਧ ਦਾ ਨਜ਼ਾਰਾ ਕੁਝ ਵੱਖ ਜਿਹਾ ਸੀ। ਡੀਜੇ ਦੀ ਬਜਾਏ ਸਾਹਿਤਕਾਰਾਂ, ਕਵੀਆਂ ਅਤੇ ਸ਼ੇਰ-ਓ-ਸ਼ਾਇਰੀ ਨਾਲ ਬਾਰਾਤੀਆਂ ਅਤੇ ਹੋਰ ਘਰ ਦੇ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ।
ਖਾਣ-ਪੀਣ ਦੇ ਸਟਾਲ ਦੇ ਨਾਲ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ। ਵਿਆਹ ਵਿਚ ਮਹਿਮਾਨਾਂ ਨੇ ਕਵੀਆਂ ਦੀ ਰਚਨਾ ਅਤੇ ਗਜ਼ਲ ‘ਤੇ ਭੰਗੜਾ ਕੀਤਾ। ਦੋ ਸਟਾਲ ਪੰਜਾਬੀ ਸਾਹਿਤ ਅਤੇ ਹੋਰ ਕਿਤਾਬਾਂ ਦੇ ਵੀ ਲਗਾਏ। ਮਹਿਮਾਨਾਂ ਨੇ ਪੰਜਾਬੀ ਸਾਹਿਤ ਦੀ ਤਾਰੀਫ਼ ਕੀਤੀ। ਪ੍ਰੋਗਰਾਮ ਵਿਚ ਆਏ 455 ਮਹਿਮਾਨਾਂ ਨੇ ਲਗਭੱਗ 9,000 ਰੁਪਏ ਦੀਆਂ ਕਿਤਾਬਾਂ ਖ਼ਰੀਦੀਆਂ। ਕੁੜੀ ਦੇ ਪਿਤਾ ਪ੍ਰੀਤਨੀਤ ਪੁਰੀ ਪੰਜਾਬੀ ਕਹਾਣੀਕਾਰ ਹਨ।
ਉਨ੍ਹਾਂ ਨੇ ਦੱਸਿਆ, ਪੂਰਾ ਪਰਵਾਰ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੈ। ਇੰਟਰਨੈਟ ਦੇ ਇਸ ਯੁੱਗ ਵਿਚ ਲੋਕਾਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਹਰ ਕੋਈ ਜਲਦੀ ਵਿਚ ਹੈ, ਸਾਹਿਤਕ ਕਿਤਾਬਾਂ ਲਈ ਸਮਾਂ ਨਹੀਂ ਕੱਢ ਪਾ ਰਹੇ ਹਨ, ਇਸ ਲਈ ਇਸ ਪ੍ਰਬੰਧ ਵਿਚ ਮੈਂ ਖਾਣ-ਪੀਣ ਦੇ 25 ਸਟਾਲਾਂ ਦੇ ਨਾਲ ਕਿਤਾਬਾਂ ਦੇ ਵੀ ਦੋ ਸਟਾਲ ਲਵਾ ਦਿਤੇ। ਪੰਜਾਬੀ ਸਾਹਿਤ ਅਤੇ ਸ਼ਾਇਰੀ ਦੀਆਂ ਕਿਤਾਬਾਂ ਰੱਖੀਆਂ ਗਈਆਂ ਸਨ। ਇਹ ਸਭ ਬੇਟੀ ਅਤੇ ਜੁਆਈ ਨੂੰ ਵੀ ਪਸੰਦ ਆਇਆ ਹੈ। ਵਿਆਹ ਵਿਚ 112 ਪ੍ਰਸਿੱਧ ਸ਼ਾਇਰ ਮੌਜੂਦ ਸਨ।