
ਸਮਰਾਲਾ ਦੇ ਫਲਾਈ ਓਵਰ 'ਤੇ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਦਰੜਿਆ, ਤਿੰਨਾਂ ਦੀ ਹੋਈ ਮੌਤ
Samarala News : ਸਮਰਾਲਾ ਦੇ ਚਹਿਲਾਂ ਫਲਾਈ ਓਵਰ 'ਤੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਪਿੱਛੋਂ ਆ ਰਹੀ ਹੋਂਡਾ ਸਿਟੀ ਤੇਜ਼ ਰਫਤਾਰ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰੀ। ਜਿਸ ਕਾਰਨ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਨੂੰ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਡਿੱਗੇ।
ਇਸ ਘਟਨਾ ਵਿੱਚ ਦੋਵੇਂ ਔਰਤਾਂ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਮਰਾਲਾ ਦੇ ਐਸਐਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸੋਨਾ ਉਮਰ 54 ਸਾਲ,ਉਸ ਦੀ ਨੂੰਹ ਪੂਜਾ ਉਮਰ 23 ਸਾਲ ਅਤੇ ਪੂਜਾ ਦੇ ਮਾਸੂਮ ਪੁੱਤਰ ਜਨੂ ਉਮਰ ਇੱਕ ਸਾਲ ਵਜੋਂ ਹੋਈ ਹੈ।
ਇਸ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਕਾਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਮ੍ਰਿਤਕਾਂ ਦੀ ਪਹਿਚਾਣ ਸੱਸ, ਨੂੰਹ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤਾਂ ਜੋ ਕਿ ਪ੍ਰਵਾਸੀ ਹਨ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿਖੇ ਰਹਿੰਦੀਆਂ ਸਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਗੱਡੀ ਨੇ ਇਨਾਂ ਤਿੰਨਾਂ ਜੀਆਂ ਨੂੰ ਟੱਕਰ ਮਾਰੀ ਅਤੇ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ।ਪੁਲਿਸ ਨੇ ਉਸਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ। ਇਸ ਮੌਕੇ ਉਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ।