
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਲਗਾਤਾਰ ਜਾਰੀ ਰੱਖੇਗੀ ਜਦਕਿ ਕੁੱਝ ...
ਬਠਿੰਡਾ (ਦਿਹਾਤੀ), ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਲਗਾਤਾਰ ਜਾਰੀ ਰੱਖੇਗੀ ਜਦਕਿ ਕੁੱਝ ਸਿਆਸੀ ਪਾਰਟੀਆਂ ਅਪਣੇ ਹਿਤਾਂ ਦੀ ਪੂਰਤੀ ਲਈ ਫ਼ੀਡਰਾਂ 'ਤੇ ਲਗਾਏ ਜਾਣ ਵਾਲੇ ਮੀਟਰਾਂ ਸਬੰਧੀ ਗ਼ਲਤ ਪ੍ਰਚਾਰ ਕਰ ਰਹੀਆਂ ਹਨ ਪਰ ਪਾਵਰਕਾਮ ਵਲੋਂ ਖੇਤੀਬਾੜੀ ਫ਼ੀਡਰਾਂ 'ਤੇ ਲਗਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿਲ ਨਹੀਂ ਆਵੇਗਾ। ਕੈਪਟਨ ਸਰਕਾਰ ਕਿਸਾਨਾਂ ਦੇ ਹਿਤਾਂ ਨੂੰ ਮੁੱਖ ਰਖਦੇ ਹੋਏ ਅਤੇ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਲਈ ਮੁਫ਼ਤ ਬਿਜਲੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਫ਼ੀਡਰਾਂ ਉਪਰ ਪਾਵਰਕਾਮ ਵਲੋਂ ਜੋ ਮੀਟਰ ਲਗਾਏ ਜਾ ਰਹੇ ਹਨ ਉਨ੍ਹਾਂ ਦਾ ਮੁੱਖ ਮੰਤਵ ਬਿਜਲੀ ਦੇ ਸੰਚਾਲਨ ਅਤੇ ਵੰਡ ਦੌਰਾਨ ਦਰਪੇਸ਼ ਆਉਂਦੇ ਘਾਟੇ ਨੂੰ ਮਾਪਿਆ ਜਾ ਸਕੇ। ਇਸ ਨਾਲ ਹੀ ਇਹ ਮੀਟਰ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ 2016-17 ਹੁਕਮਾਂ ਅਨੁਸਾਰ ਲਗਾਏ ਜਾ ਰਹੇ ਹਨ ਜਿਨ੍ਹਾਂ ਦੁਆਰਾ ਕਿਸਾਨਾਂ ਨੂੰ ਮੁਫ਼ਤ ਦਿਤੀ ਜਾਣ ਵਾਲੀ ਬਿਜਲੀ ਦਾ ਵੀ ਸਹੀ ਅਨੁਮਾਨ ਲਗਾਇਆ ਜਾ ਸਕੇਗਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਵਰਕਾਮ ਕਰਮਚਾਰੀਆਂ ਦਾ ਇਸ ਕੰਮ ਵਿਚ ਸਾਥ ਦੇਣ। ਵਿਰੋਧੀ ਸਿਆਸੀ ਪਾਰਟੀਆਂ ਵਲੋਂ ਦੁਆਰਾ ਇਨ੍ਹਾਂ ਮੀਟਰਾਂ ਸਬੰਧੀ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਨੂੰ ਸਿਰੇ ਤੋਂ ਨਕਾਰਦਿਆਂ ਕਾਂਗੜ ਨੇ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਿਸਾਨ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹਨ। ਇਸ ਮੌਕੇ ਕਰਮਜੀਤ ਸਿੰਘ ਖ਼ਾਲਸਾ, ਰਾਕੇਸ਼ ਸਹਾਰਾ ਪ੍ਰਧਾਨ, ਕਮਲ ਕਾਂਤ ਪ੍ਰਧਾਨ ਪੈਂਥਰਜ ਕਲੱਬ, ਮੁਕੇਸ਼ ਗੋਇਲ ਬੀ.ਕੇ.ਓ, ਤਰੁਣ ਬਾਂਸਲ, ਸੁਰੇਸ਼ ਕੁਮਾਰ ਕਾਲਾ ਸਣੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਅਧਿਕਾਰੀ ਹਾਜ਼ਰ ਸਨ।