
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਲੰਘੀ 4 ਅਗੱਸਤ 2018 ਨੂੰ 2749 ਲੱਖ ਯੂਨਿਟ ਬਿਜਲੀ ਸਪਲਾਈ ਕਰ ਕੇ ਅੱਜ ਤਕ ਦਾ ਅਪਣਾ ਬਿਜਲੀ ਸਪਲਾਈ............
ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਲੰਘੀ 4 ਅਗੱਸਤ 2018 ਨੂੰ 2749 ਲੱਖ ਯੂਨਿਟ ਬਿਜਲੀ ਸਪਲਾਈ ਕਰ ਕੇ ਅੱਜ ਤਕ ਦਾ ਅਪਣਾ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਤੋੜਿਆ ਹੈ। 4 ਅਗੱਸਤ ਦਿਨ ਸਨਿਚਰਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਪਬਲਿਕ ਅਦਾਰੇ ਸਕੂਲ ਅਤੇ ਕਾਲਜ ਹਫ਼ਤਾਵਰੀ ਛੁੱਟੀ ਕਾਰਨ ਬੰਦ ਸਨ, ਇਸ ਦੇ ਬਾਵਜੂਦ ਵੀ 2749 ਲੱਖ ਯੂਨਿਟ ਬਿਜਲੀ ਸਪਲਾਈ ਕਰ ਕੇ ਪੀ.ਐਸ.ਪੀ.ਸੀ.ਐਲ. ਨੇ ਰੀਕਾਰਡ ਸਥਾਪਿਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਪੋਰੇਸ਼ਨ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰ੍ਹਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ 2749 ਲੱਖ ਯੂਨਿਟ ਪੰਜਾਬ ਵਿਚ ਬਿਜਲੀ ਸਪਲਾਈ ਕਰ ਕੇ ਅਪਣਾ ਰੀਕਾਰਡ ਤੋੜਿਆ ਹੈ ਅਤੇ ਇਸ ਤੋਂ ਇਲਾਵਾ ਪਾਵਰ ਐਕਸਚੈਂਜ ਅਧੀਨ 6 ਲੱਖ ਯੂਨਿਟ ਬਿਜਲੀ 6.78 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਵੇਚੀ ਹੈ। ਇਸ ਦਿਨ 4 ਅਗੱਸਤ ਨੂੰ ਸਿਖਰ ਮੰਗ 12059 ਮੈਗਾਵਾਟ ਰਹੀ। ਇੰਜ. ਸਰ੍ਹਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ 10 ਜੁਲਾਈ ਨੂੰ 2745 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਸੀ ਅਤੇ 12556 ਮੈਗਾਵਾਟ ਸਿਖਰ ਬਿਜਲੀ ਮੰਗ ਰਹੀ ਸੀ।
ਇੰਜ. ਸਰ੍ਹਾਂ ਨੇ ਦਸਿਆ ਕਿ ਹਾਈਡਰੋ ਬਿਜਲੀ ਉਤਪਾਦਨ ਵਿਚ ਭਾਰੀ ਗਿਰਾਵਟ ਆਉਣ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਪਣੇ ਖੇਤੀਬਾੜੀ ਟਿਊਬਵੈਲ ਖਪਤਕਾਰਾਂ ਨੂੰ 8 ਘੰੰਟੇ ਬਿਜਲੀ ਸਪਲਾਈ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮੁਹੱਈਆਂ ਕਰਵਾਈ ਜਾ ਰਹੀ ਹੈ।
ਕਿਸੇ ਵੀ ਸ਼੍ਰੇਣੀ ਤੇ ਕੋਈ ਪਾਵਰ ਕੱਟ ਨਹੀਂ ਲਗਾਇਆ ਜਾ ਰਿਹਾ। ਇੰਜ. ਸਰ੍ਹਾਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਜੋਕੇ ਮੌਸਮ ਅਤੇ ਵੱਧ ਗਰਮੀ ਹੋਣ ਦੇ ਬਾਵਜੂਦ ਵੀ ਬਿਜਲੀ ਸਪਲਾਈ ਦੀ ਮੋਨੀਟਰਿੰਗ ਲਗਾਤਾਰ ਕੀਤੀ ਜਾ ਰਹੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖੇਤੀਬਾੜੀ ਅਤੇ ਬਾਕੀ ਸਾਰੇ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ।