
ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੀ.ਐਸ.ਪੀ.ਸੀ.ਐਲ. ਦੇ ਸਪੋਰਟਸ ਸੈੱਲ ਦੇ ਖਿਡਾਰੀਆਂ ਦੀ ਮੰਗ ਦੇ ਹੱਕ ਵਿਚ ਨਿਤਰਦਿਆਂ..........
ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੀ.ਐਸ.ਪੀ.ਸੀ.ਐਲ. ਦੇ ਸਪੋਰਟਸ ਸੈੱਲ ਦੇ ਖਿਡਾਰੀਆਂ ਦੀ ਮੰਗ ਦੇ ਹੱਕ ਵਿਚ ਨਿਤਰਦਿਆਂ ਅੱਜ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵਿਚ ਖੇਡ ਸਭਿਆਚਾਰ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਦੀਆਂ ਢੁਕਵੀਂਆਂ ਥਾਵਾਂ 'ਤੇ ਸੇਵਾਵਾਂ ਲੈਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਖੇਡ ਸੈੱਲ ਦੀ ਸ਼ੁਰੂਆਤ ਤੋਂ ਹੁਣ ਤਕ 400 ਤੋਂ ਵੱਧ ਖਿਡਾਰੀ ਇਸ ਦਾ ਹਿੱਸਾ ਬਣ ਚੁੱਕੇ ਹਨ ਅਤੇ ਪੀ.ਐਸ.ਪੀ.ਸੀ.ਐਲ. ਅਪਣੀ ਇਸ ਪ੍ਰਾਪਤੀ 'ਤੇ ਵੀ ਮਾਣ ਕਰਦੀ ਹੈ ਕਿ ਇਸ ਵਲੋਂ ਪਿਛਲੇ 15 ਸਾਲਾਂ ਤੋਂ ਆਲ ਇੰਡੀਆ ਸਪੋਰਟਸ ਕੰਟਰੋਲ ਬੋਰਡ ਚੈਂਪੀਅਨਜ਼ ਟਰਾਫ਼ੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਦਾਰੇ ਵਿਚ ਇਕ ਅਰਜੁਨ ਐਵਾਰਡੀ ਬਤੌਰ ਸੀਨੀਅਰ ਸਪੋਰਟਸ ਅਫ਼ਸਰ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸਾਡੇ ਕੋਲ ਪਟਿਆਲਾ, ਬਠਿੰਡਾ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਖੇਡਾਂ ਦਾ ਵਿਸ਼ਾਲ ਬੁਨਿਆਦੀ ਢਾਂਚਾ ਮੌਜੂਦ ਹੈ। ਕਾਂਗੜ ਨੇ ਕਿਹਾ, ''ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਖੇਡ ਸੈੱਲ ਨੂੰ ਖ਼ਤਮ ਕਾਡਰ ਐਲਾਨਿਆ ਜਾਵੇ। ਮੈਂ ਬੋਰਡ ਆਫ਼ ਡਾਇਰੈਕਟਰਜ਼ ਨੂੰ ਫ਼ੈਸਲੇ ਦੀ ਤੁਰਤ ਸਮੀਖਿਆ ਦੇ ਨਿਰਦੇਸ਼ ਦਿਤੇ ਹਨ ਅਤੇ ਖਿਡਾਰੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੀ.ਐਸ.ਪੀ.ਸੀ.ਐਲ. ਆਮ ਵਾਂਗ ਖਿਡਾਰੀਆਂ ਦੀਆਂ ਸੇਵਾਵਾਂ ਲੈਂਦੀ ਰਹੇਗੀ।''