
9 ਦਸੰਬਰ ਤੋਂ ਹੋਵੇਗੀ ਹੁਣ ਇਸ ਕੇਸ ਦੀ ਸੁਣਵਾਈ
ਚੰਡੀਗੜ੍ਹ: 6000 ਕਰੋੜ ਰੁਪਏ ਦੇ ਡਰੱਗ ਮਾਮਲੇ 'ਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕੀ ਪੰਜਾਬ ਸਰਕਾਰ ਸਾਢੇ ਚਾਰ ਸਾਲਾਂ ਤੋਂ ਸੁੱਤੀ ਪਈ ਸੀ, ਇਸ ਦੇ ਜਵਾਬ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਡੀਐਸ ਪਟਵਾਲੀਆ ਨੇ ਵੀ ਹਾਮੀ ਭਰਦਿਆਂ ਕਿਹਾ ਕਿ ਹੁਣ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
Punjab and Haryana High court
ਇਸ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਰਫ਼ ਗੱਲਬਾਤ ਹੋ ਰਹੀ ਹੈ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਇਸ ਮਾਮਲੇ ਦੀ ਸੁਣਵਾਈ ਵੀਰਵਾਰ ਯਾਨੀ 9 ਦਸੰਬਰ ਨੂੰ ਹੋਵੇਗੀ, ਅਦਾਲਤ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਹਰ ਰੋਜ਼ ਕਾਰਵਾਈ ਕੀਤੀ ਜਾ ਸਕਦੀ ਹੈ।
Drug Case
ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮੰਨਿਆ ਕਿ ਉਹ ਡਰੱਗ ਮਾਮਲੇ ਵਿਚ ਕਾਰਵਾਈ ਕਰ ਸਕਦੀ ਹੈ ਕਿਉਂਕਿ ਸਰਕਾਰ ਦੇ ਕਾਰਵਾਈ ਕਰਨ 'ਤੇ ਕੋਈ ਰੋਕ ਨਹੀਂ ਹੈ। ਇਸ ਪਿੱਛੋਂ ਅਦਾਲਤ ਨੇ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਸਾਨੂੰ ਹੈਰਾਨੀ ਹੈ ਕਿ ਜਦੋਂ ਕਾਰਵਾਈ ਕਰਨ 'ਤੇ ਕੋਈ ਰੁਕਾਵਟ ਨਹੀਂ ਹੈ ਤਾਂ ਸਰਕਾਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ। ਇਸ ਮਾਮਲੇ 'ਚ ਅਦਾਲਤ ਨੇ ਬਿਕਰਮ ਮਜੀਠੀਆ ਦੀ ਅਰਜ਼ੀ 'ਤੇ ਕਿਹਾ ਕਿ ਇਹ ਜਨਤਕ ਹਿੱਤ ਦਾ ਮਾਮਲਾ ਹੈ, ਇਸ ਲਈ ਅਦਾਲਤ ਦਾ ਫੈਸਲਾ ਕਿਸੇ ਨਿੱਜੀ ਵਿਅਕਤੀ ਬਾਰੇ ਨਹੀਂ ਹੈ, ਇਸ ਲਈ ਫੈਸਲਾ ਲੋਕ ਹਿੱਤ 'ਚ ਹੋਵੇਗਾ।
Drug Case
ਅਦਾਲਤ ਨੇ ਕਿਹਾ ਕਿ ਅਸੀਂ ਸਾਰੇ ਹੁਕਮ ਪੜ੍ਹੇ ਹਨ ਅਤੇ ਸਾਰੇ ਹੁਕਮਾਂ ਬਾਰੇ ਨੁਕਤੇ ਵੀ ਬਣਾਏ ਹਨ। ਅਦਾਲਤ 'ਚ ਸੀਲਬੰਦ ਰਿਪੋਰਟ ਬਾਰੇ ਵੀ ਚਰਚਾ ਹੋਈ, ਜਿੱਥੇ ਪੰਜਾਬ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਿਹੜੀ ਵੀ ਰਿਪੋਰਟ ਸੀਲ ਕੀਤੀ ਜਾਂਦੀ ਹੈ, ਉਹ ਕਾਨੂੰਨ ਦੇ ਨਿਯਮਾਂ ਦੇ ਵਿਰੁੱਧ ਹੈ, ਜਿਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ।