
ਖ਼ੁੁਦਕੁਸ਼ੀ ਮਾਮਲਾ: ਪਟੀਸ਼ਨ ਬਦਲਣ ਲਈ ਅਰਨਬ ਗੋਸਵਾਮੀ ਨੂੰ ਮਿਲਿਆ ਹੋਰ ਸਮਾਂ
ਮੁੰਬਈ, 6 ਜਨਵਰੀ: ਬੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਅਪਣੀ ਪਟੀਸ਼ਨ ਵਿਚ ਬਦਲਾਅ ਕਰਨ ਅਤੇ 2018 ਵਿਚ ਇਕ ਖ਼ੁੁਦਕੁਸ਼ੀ ਕਰਨ ਲਈ ਉਕਸਾਉਣ ਨਾਲ ਜੁੜੇ ਇਕ ਕੇਸ ਵਿਚ ਉਸ ਅਤੇ ਦੋ ਹੋਰਨਾਂ ਵਿਰੁਧ ਦੋਸ਼ ਪੱਤਰ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ ਹੋਰ ਸਮਾਂ ਦੇ ਦਿਤਾ ਹੈ।
ਗੋਸਵਾਮੀ ਅਤੇ ਦੋ ਹੋਰ ਮੁਲਜ਼ਮਾਂ - ਫ਼ਿਰੋਜ ਸ਼ੇਖ ਅਤੇ ਨਿਤੀਸ਼ ਸ਼ਾਰਦਾ ਨੂੰ ਦਸੰਬਰ 2020 ਵਿਚ ਜਾਰੀ ਸੰਮਨ ਦੀ ਪਾਲਣਾ ਹਿਤ ਵੀਰਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ਼ ਵਿਚ ਇਕ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਹੋਣਾ ਪਏਗਾ। ਮੈਜਿਸਟਰੇਟ ਦੀ ਅਦਾਲਤ ਨੇ ਅਲੀਬਾਗ਼ ਪੁਲਿਸ ਵਲੋਂ 16 ਦਸੰਬਰ, 2020 ਨੂੰ ਇਸ ਕੇਸ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਤਿੰਨਾਂ ਮੁਲਜ਼ਮਾਂ ਨੂੰ 7 ਜਨਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿਤਾ ਤਾਂ ਜੋ ਇਹ ਮਾਮਲਾ ਸੈਸ਼ਨ ਅਦਾਲਤ ਵਿਚ ਭੇਜਿਆ ਜਾ ਸਕੇ।
ਇਸ ਕੇਸ ਵਿਚ ਲਗਾਏ ਗਏ ਦੋਸ਼ਾਂ ਵਿਚ ਸੱਤ ਸਾਲ ਤੋਂ ਵੱਧ ਦੀ ਸਜ਼ਾ ਦਾ ਪ੍ਰਬੰਧ ਹੈ, ਜਿਸ ਕੇਸ ਵਿਚ ਸੈਸ਼ਨ ਅਦਾਲਤ ਵਲੋਂ ਕੇਸ ਦੀ ਸੁਣਵਾਈ ਕੀਤੀ ਜਾਏਗੀ।
ਗੋਸਵਾਮੀ ਨੇ ਪਿਛਲੇ ਸਾਲ ਨਵੰਬਰ ਵਿਚ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਅਲੀਬਾਗ਼ ਪੁਲਿਸ ਵਲੋਂਂ ਉਸ ਵਿਰੁਧ ਦਰਜ ਕੀਤੀ ਗਈ ਐਫ਼ਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ। (ਪੀਟੀਆਈ)