ਭਾਰਤ ਅੰਦਰ ਏਡਜ਼ ਦੇ ਰੋਗੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ
Published : Apr 8, 2022, 12:13 am IST
Updated : Apr 8, 2022, 12:13 am IST
SHARE ARTICLE
image
image

ਭਾਰਤ ਅੰਦਰ ਏਡਜ਼ ਦੇ ਰੋਗੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ

ਕੋਟਕਪੂਰਾ, 7 ਅਪ੍ਰੈਲ (ਗੁਰਿੰਦਰ ਸਿੰਘ) : ਭਾਵੇਂ ਸਰਕਾਰਾਂ ਵਲੋਂ ਏਡਜ਼ ਰੋਗ ਦੇ ਸ਼ਿਕਾਰ ਹੋਏ ਲੋਕਾਂ ਦੇ ਇਲਾਜ ਤੇ ਆਮ ਲੋਕਾਂ ਨੂੰ ਬਚਾਅ ਰੱਖਣ ਲਈ ਜਾਗਰੂਕ ਕਰਨ ਦੇ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਭਾਰਤ ਅੰਦਰ ਏਡਜ਼ ਦੇ ਰੋਗੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਬਿਮਾਰੀ ਦੀ ਲਪੇਟ ’ਚ ਆਉਣ ਵਾਲੇ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਵੇਲੇ ਦੇਸ਼ ਅੰਦਰ 23.49 ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਭਾਰਤ ਅੰਦਰ ਪਹਿਲਾ ਐਚਆਈਵੀ ਪਾਜ਼ੇਟਿਵ ਕੇਸ ਸਾਲ 1986 ’ਚ ਤਾਮਿਲਨਾਡੂ ’ਚ ਸਾਹਮਣੇ ਆਇਆ ਸੀ। ਦੇਸ਼ ਦੀ ਸਰਕਾਰ ਵਲੋਂ ਇਸ ਭਿਆਨਕ ਬਿਮਾਰੀ ਨੂੰ ਕਾਬੂ ਕਰਨ ਲਈ 1986 ’ਚ ਨੈਸ਼ਨਲ ਏਡਜ਼ ਕਮੇਟੀ ਬਣਾਈ ਗਈ ਅਤੇ ਸਾਲ 1992 ’ਚ ਨੈਸ਼ਨਲ ਏਡਜ਼ ਕੰਟਰੋਲ ਸੰਸਥਾ ਸਥਾਪਤ ਕੀਤੀ ਗਈ। ਭਾਰਤ ਸਰਕਾਰ ਵਲੋਂ ਪਹਿਲੀ ਅਪ੍ਰ੍ਰੈਲ 2004 ਨੂੰ ਏਆਰਟੀ ਥਰੈਪੀ ਦੀ ਸ਼ੁਰੂਆਤ ਹੋਈ। ਇਸ ਸਮੇਂ ਦੇਸ਼ ਅੰਦਰ ਕਰੀਬ 600 ਏਆਰਟੀ ਸੈਂਟਰ ਹਨ। ਏਡਜ਼ ਦੇ ਖ਼ਤਰਨਾਕ ਰੋਗ ਦਾ ਮਰਦਾਂ ਤੋਂ ਇਲਾਵਾ ਔਰਤਾਂ ਤੇ ਬੱਚਿਆਂ ਦਾ ਸ਼ਿਕਾਰ ਹੋਣਾ ਵੀ ਚਿੰਤਾ ਵਾਲੀ ਗੱਲ ਹੈ। 
ਦੁਨੀਆਂ ’ਚ ਏਡਜ਼ ਦਾ ਹਰ ਛੇਵਾਂ ਮਰੀਜ਼ ਭਾਰਤੀ : ਏਡਜ਼ ਦੇ ਇਲਾਜ ਲਈ ਅੱਜ ਤੱਕ ਕੋਈ ਵੀ ਦਵਾਈ ਨਹੀਂ ਬਣੀ, ਜੋ ਇਸ ਨੂੂੰ ਜੜ੍ਹ ਤੋਂ ਖ਼ਤਮ ਕਰ ਸਕੇ। ਇਸ ਰੋਗ ਦੇ ਲੱਛਣ ਪ੍ਰਗਟ ਹੋਣ ਲਈ ਔਸਤਨ 7 ਸਾਲ ਲੱਗ ਜਾਂਦੇ ਹਨ। ਦੁਨੀਆਂ ’ਚ ਏਡਜ਼ ਦਾ ਹਰ ਛੇਵਾਂ ਮਰੀਜ਼ ਭਾਰਤੀ ਹੈ। ਭਾਵੇਂ ਸਮੇਂ ਦੀਆਂ ਸਰਕਾਰਾਂ ਸਮੇਤ ਵਿਸ਼ਵ ਸਿਹਤ ਸੰਸਥਾ, ਸਿਹਤ ਵਿਭਾਗ ਅਤੇ ਸਮਾਜਸੇਵੀ ਜਥਥੇਬੰਦੀਆਂ ਵਲੋਂ ਏਡਜ਼ ਦੀ ਰੋਕਥਾਮ, ਲੱਛਣ ਅਤੇ ਬਚਾਅ ਲਈ ਬਕਾਇਦਾ ਸੈਮੀਨਾਰ ਲਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਦੇ ਮਰੀਜਾਂ ਦੀ ਗਿਣਤੀ ਵਿਚ ਦਿਨੋ ਦਿਨ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ। ਏਡਜ਼ ਦਾ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਹੈ, ਇਕ ਬੀਮਾਰੀ ਵਜੋਂ ਅਤੇ ਇਸ ਤੋਂ ਉਪਜਦੇ ਵਿਤਕਰੇ ਵਜੋਂ ਵੀ ਇਸ ਬਿਮਾਰੀ ਦੇ ਕਈ ਮਹੱਤਵਪੂਰਨ ਆਰਥਿਕ ਪ੍ਰਭਾਵ ਵੀ ਹਨ। ਕਿਉਂਕਿ ਇਸ ਰੋਗ ਬਾਰੇ ਲੋਕਾਂ ਵਿਚ ਕਈ ਗ਼ਲਤਫ਼ਹਿਮੀਆਂ ਹਨ, ਜਿਵੇਂ ਕਿ ਇਹ ਸੋਚਣਾ ਕਿ ਇਹ ਗ਼ੈਰ ਸੰਭੋਗੀ ਛੋਹ ਨਾਲ ਫੈਲ ਸਕਦਾ ਹੈ। ਬਿਨਾ ਸ਼ੱਕ ਏਡਜ਼ ਦਾ ਰੋਗ ਕਈ ਧਾਰਮਕ ਤਕਰਾਰਾਂ ਦਾ ਸ਼ਿਕਾਰ ਵੀ ਹੋਇਆ ਹੈ।    
ਪੰਜਾਬ ’ਚ ਏਡਜ਼ ਦੇ ਮਰੀਜ਼ :- ਪੰਜਾਬ ਅੰਦਰ 1987 ’ਚ ਪਹਿਲਾ ਏਡਜ਼ ਰੋਗੀ ਸਾਹਮਣੇ ਆਇਆ ਸੀ ਅਤੇ ਇਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰਿਪੋਰਟਾਂ ਅਨੁਸਾਰ ਸੂਬੇ ਅੰਦਰ 2014-19 ਦੇ ਸਰਵੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਅੰਦਰ 4878, ਲੁਧਿਆਣਾ ਜ਼ਿਲ੍ਹੇ ’ਚ 4045, ਜਲੰਧਰ ਜ਼ਿਲ੍ਹੇ ’ਚ 3268 ਅਤੇ ਪਟਿਆਲਾ ਜ਼ਿਲ੍ਹੇ ਅੰਦਰ 2289 ਲੋਕ ਰੋਗ ਗ੍ਰਸਤ ਪਾਏ ਗਏ, ਸਾਲ 2019-20 ਤੱਕ ਪੰਜਾਬ ਅੰਦਰ ਏਡਜ਼ ਦੇ 40 ਹਜ਼ਾਰ 650 ਰੋਗੀ ਪਾਏ ਗਏ ਅਤੇ ਇਹ ਗਿਣਤੀ ਹੁਣ ਦੁੱਗਣੀ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਜ਼ਿਲ੍ਹਿਆਂ ਅੰਦਰ ਆਈਸੀਟੀਸੀ (ਸੰਯੁਕਤ ਟੈਸਟਿੰਗ ਅਤੇ ਕੌਂਸਲਿੰਗ ਸੈਂਟਰ) ਬਣਾਏ ਹੋਏ ਹਨ, ਜਿਥੇ ਆਉੁਣ ਵਾਲੇ ਮਰੀਜ਼ਾਂ ਦੇ ਖੂਨ ਦੀ ਜਾਂਚ ਕਰਨ ਤੋੋਂ ਬਾਅਦ ਐਚਆਈਵੀ ਰੋਗੀਆਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਪਾਜ਼ੇਟਿਵ ਆਉਣ ਵਾਲੇ ਲੋਕਾਂ ਨੂੰ ਏਆਰਟੀ ਸੈਂਟਰ ’ਚ ਭੇਜਿਆ ਜਾਂਦਾ ਹੈ। ਜਿਥੇ ਉਨ੍ਹਾਂ ਨੂੰ ਰਜਿਸਟਰਡ ਕਰ ਕੇ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰੋਗੀਆਂ ਦੇ ਟੈਸਟ ਆਦਿ ਵੀ ਬਿਲਕੁਲ ਮੁਫ਼ਤ ਹਨ।
ਦੁਨੀਆਂ ਭਰ ’ਚ ਏਡਜ਼ :- ਏਡਜ਼ ਨੇ ਦੁਨੀਆਂ ਭਰ ’ਚ 2009 ਤਕ ਲਗਭਗ 3 ਕਰੋੜ ਜਾਨਾਂ ਲੈ ਲਈਆਂ ਹਨ, ਜਦੋਂ ਕਿ 2010 ਤਕ ਦੁਨੀਆਂ ਭਰ ’ਚ ਲਗਭਗ 3.4 ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਸਨ ਤੇ ਸਾਲ 2020 ਤਕ ਇਹ ਗਿਣਤੀ 5 ਕਰੋੜ ਤੋਂ ਟੱਪ ਚੁਕੀ ਸੀ। ਭਾਵੇਂ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ ਹੈ, ਕਈ ਦੇਸ਼ਾਂ ਵਿਚ ਤਾਂ ਇਸ ਨੂੰ ਬਕਾਇਦਾ ਪ੍ਰਵਾਨਿਤ ਤੌਰ ’ਤੇ ਮੰਨ ਕੇ ਦੇਹ ਵਪਾਰ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਉਥੋਂ ਦੇ ਲੋਕ ਸੁਚੇਤ ਹਨ, ਭਾਰਤ ਸਮੇਤ ਬਹੁਤ ਸਾਰੇ ਅਜਿਹੇ ਹੋਰ ਮੁਲਕਾਂ ਦੇ ਲੋਕਾਂ ਵਲੋਂ ਸਾਵਧਾਨੀ ਨਾ ਰੱਖ ਸਕਣ ਕਰ ਕੇ ਜਿੱਥੇ ਅਪਣੀ ਕੀਮਤੀ ਜਾਨ ਅਜਾਂਈ ਗਵਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉੱਥੇ ਪਰਵਾਰ ਸਿਰ ਕਰਜ਼ਾ ਚੜ ਜਾਣ ਦੇ ਬਾਵਜੂਦ ਵੀ ਮਰੀਜ਼ ਦੇ ਨਾ ਬਚ ਸਕਣ ਦੀਆਂ ਅਨੇਕਾਂ ਖ਼ਬਰਾਂ ਸਾਹਮਣੇ ਆਉਣ ’ਤੇ ਵੀ ਲੋਕ ਸਾਵਧਾਨੀ ਵਰਤਣ ਨੂੰ ਤਿਆਰ ਨਹੀਂ।
ਸਟੈਮ ਸੈੱਲ ਦੇ ਟਰਾਂਸਪਲਾਂਟ :- ਇੰਗਲੈਂਡ ਵਿੱਚ ਸਟੈਮ ਸੱੈਲ ਦੇ ਟਰਾਂਸਪਲਾਂਟ ਮਗਰੋਂ ਇਕ ਐੱਚਆਈਵੀ ਮਰੀਜ਼ ਵਿਚ ਉਕਤ ਵਾਇਰਸ ਦੇ ਲੱਛਣ ਨਾ ਪਾਏ ਜਾਣ ਦਾ ਡਾਕਟਰਾਂ ਨੇ ਦਾਅਵਾ ਕੀਤਾ ਹੈ। ਸਾਇੰਸ ਜਨਰਲ ਨੇਚਰ ਵਿਚ ਡਾਕਟਰਾਂ ਦੀ ਇਸ ਬਾਰੇ ਰਿਪੋਰਟ ਛਪੀ ਹੈ ਕਿ ਇਹ ਅਜਿਹਾ ਦੂਜਾ ਮਾਮਲਾ ਹੈ। ਰਿਪੋਰਟ ਮੁਤਾਬਕ ਸਟੈਮ ਸੈੱਲ ਉਹ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਸਰੀਰ ਦੇ ਕਿਸੇ ਹਿੱਸੇ ਵਿਚ ਜਾ ਕੇ ਦੂਜੀਆਂ ਕੌਸ਼ਿਕਾਵਾਂ ਨੂੰ ਜਨਮ ਦਿੰਦੀਆਂ ਹਨ। ਲੰਡਨ ਦੇ ਉਕਤ ਮਰੀਜ਼ ਸਬੰਧੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਮਰੀਜ ਨੂੰ 18 ਮਹੀਨੇ ਬਾਅਦ ਏਡਜ਼ ਤੋਂ ਛੁਟਕਾਰਾ ਮਿਲ ਗਿਆ ਪਰ ਰਿਪੋਰਟ ਵਿਚ ਉਕਤ ਮਰੀਜ ਦੇ ਨਾਮ ਪਤੇ ਦਾ ਜਿਕਰ ਨਹੀਂ ਕੀਤਾ ਗਿਆ। ਉਕਤ ਮਰੀਜ਼ ਸਬੰਧੀ 2003 ਵਿਚ ਏਡਜ਼ ਪੀੜਤ ਹੋਣ ਦਾ ਪਤਾ ਲੱਗਾ, 2012 ਵਿਚ ਐਡਵਾਂਸ ਹੋਜਕਿਨ ਲਿਫ਼ੋਮਾ ਬਿਮਾਰੀ ਨਾਲ ਪੀੜਤ ਹੋਇਆ, ਹੋਜਕਿਨ ਲਿਫ਼ੋਮਾ ਇਕ ਤਰ੍ਹਾਂ ਦੀ ਗਿਲਟੀ ਹੈ, ਜਿਸ ਦਾ ਆਕਾਰ ਵਧਦਾ ਰਹਿੰਦਾ ਹੈ ਅਤੇ ਕੈਂਸਰ ਬਣ ਜਾਂਦਾ ਹੈ, ਮਰੀਜ ਦੀ ਕੈਂਸਰ ਦੇ ਇਲਾਜ ਲਈ ਕੀਮੋਥਰੈਪੀ ਚੱਲ ਰਹੀ ਸੀ, ਇਸੇ ਕੜੀ ਮਰੀਜ਼ ਦੇ ਸਰੀਰ ਵਿਚ ਇਕ ਡੋਨਰ ਦੇ ਸਟੈਮ ਸੈੱਲਜ਼ ਇੰਪਲਾਟ ਕੀਤੇ ਗਏ, ਉਹ ਸੈੱਲ ਐੱਚਆਈਵੀ ਰੋਧਕ ਵੀ ਸਨ, ਉਕਤ ਤਜਰਬੇ ਵਿਚ ਯੂਨੀਵਰਸਿਟੀ ਕਾਲਜ ਲੰਡਨ, ਇੰਪੀਰੀਅਲ ਲੰਡਨ, ਕੈਂਬਰਿਜ਼ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰ ਸ਼ਾਮਲ ਸਨ। 
ਦੇਹ ਵਪਾਰ ਦੇ ਨਾਜਾਇਜ਼ ਅੱਡੇ :- ਦੇਸ਼ ਦੇ ਹਰ ਵੱਡੇ ਛੋਟੇ ਸ਼ਹਿਰ ਸਮੇਤ ਕਸਬਿਆਂ ਅਤੇ ਪਿੰਡਾਂ ਤਕ ਵੀ ਦੇਹ ਵਪਾਰ ਦੇ ਧੰਦੇ ਸਬੰਧੀ ਭਾਵੇਂ ਬਹੁਤ ਵਾਰ ਖਬਰਾਂ ਅਖਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਤੇ ਇਹ ਮੁੱਦਾ ਸ਼ੋਸ਼ਲ ਮੀਡੀਏ ਰਾਹੀਂ ਲਗਾਤਾਰ ਚਰਚਾ ਵਿਚ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਦੇ ਆਗੂਆਂ ਦੀ ਸਰਪ੍ਰਸਤੀ ਹਾਸਲ ਕਰ ਕੇ ਅਜਿਹੇ ਸਫ਼ੈਦਪੋਸ਼ ਲੋਕ ਸਿਰਫ਼ ਦੇਹ ਵਪਾਰ ਦੇ ਧੰਦੇ ਤਕ ਹੀ ਸੀਮਤ ਨਹੀਂ ਰਹਿੰਦੇ ਬਲਕਿ ਅਨੈਤਿਕ ਕੰਮਾਂ ਨੂੰ ਵੀ ਅੰਜ਼ਾਮ ਦੇਣ ਤੋਂ ਬਾਜ਼ ਨਹੀਂ ਆਉਂਦੇ। ਪੰਜਾਬ ਸਮੇਤ ਦੇਸ਼ ਦੇ ਅਨੇਕਾਂ ਰਾਜਾਂ ਵਿਚ ਸਕੂਲਾਂ ਵਿਚ ਪੜ੍ਹਦੀਆਂ ਅੱਲ੍ਹੜ ਉਮਰ ਦੀਆਂ ਲੜਕੀਆਂ ਨੂੰ ਗ਼ਲਤ ਢੰਗ ਤਰੀਕਿਆਂ ਨਾਲ ਇਸ ਧੰਦੇ ਵਿਚ ਸ਼ਾਮਲ ਕੀਤਾ ਜਾਂਦਾ ਹੈ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾ ਵੀ ਅਜਿਹੇ ਗਿਰੋਹਾਂ ਦੇ ਚੁੰਗਲ ਵਿਚ ਫਸ ਕੇ ਅਪਣੀ ਜਾਨ ਜੋਖਮ ਵਿੱਚ ਪਾ ਬੈਠਦੀਆਂ ਹਨ ਪਰ ਅਜਿਹੀਆਂ ਸ਼ਰਮਨਾਕ ਖ਼ਬਰਾਂ ਅਖਬਾਰਾਂ ਸਮੇਤ ਹਰ ਤਰਾਂ ਦੇ ਮੀਡੀਏ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਵੀ ਨਾ ਤਾਂ ਸਰਕਾਰਾਂ ਜਾਗਦੀਆਂ ਹਨ ਤੇ ਨਾ ਹੀ ਅਫ਼ਸਰਸ਼ਾਹੀ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਸਮਝਦੀ ਹੈ। ਦੇਹ ਵਪਾਰ ਦੇ ਧੰਦੇ ਵਿਚ ਜਬਰੀ ਸ਼ਾਮਲ ਕੀਤੀਆਂ ਲੜਕੀਆਂ ਅਕਸਰ ਏਡਜ਼ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਇਹ ਲਾਗ ਬਹੁਤ ਸਾਰੇ ਉਹਨਾਂ ਸਫ਼ੈਦਪੋਸ਼ਾਂ ਨੂੰ ਵੀ ਲੱਗ ਜਾਂਦੀ ਹੈ, ਜੋ ਖ਼ੁਦ ਵੀ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।
ਏਡਜ਼ ਦੇ ਲੱਛਣ :-
1. ਸਰੀਰ ਦਾ ਭਾਰ ਘਟਣਾ ਅਤੇ ਇਸ ਦੇ ਕਾਰਨਾਂ ਦਾ ਪਤਾ ਨਾ ਲਗਣਾ।
2.  ਰੁਕ ਰੁਕ ਕੇ ਬੁਖ਼ਾਰ ਚੜ੍ਹਨਾ।
3. ਗ੍ਰੰਥੀਆਂ ’ਚ ਸੋਜ਼ ਆ ਜਾਣੀ।
4. ਡਾਇਰੀਆ ਹੋਣਾ ਅਤੇ ਆਮ ਦਵਾਈ ਨਾਲ ਠੀਕ ਨਾ ਹੋਣਾ।
5. ਰਾਤ ਨੂੰ ਪਸੀਨੇ ਦਾ ਆਉਣਾ ਅਤੇ ਸਰੀਰ ਦਾ ਦਰਦ ਨਾਲ ਟੁਟਣਾ।
6. ਮੂੰਹ ਅਤੇ ਭੋਜਨ ਨਾਲੀ ’ਚ ਸਫ਼ੈਦ ਦਾਗ਼ ਅਤੇ ਛਾਲੇ ਹੋਣੇ।
ਜੇਲਾਂ ’ਚ ਵੀ ਏਡਜ਼ ਦੇ ਮਰੀਜ਼ :- ਨਸ਼ਿਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਏਡਜ਼ ਵਰਗੀ ਖ਼ਤਰਨਾਕ ਬਿਮਾਰੀ ਵੀ ਤੇਜ਼ੀ ਨਾਲ ਘੇਰ ਰਹੀ ਹੈ। ਜਿਸ ਦਾ ਕਾਰਨ ਨਸ਼ਿਆਂ ਨੂੰ ਮੰਨਿਆ ਜਾ ਰਿਹਾ ਹੈ। ਨਸ਼ਈ ਜ਼ਿਆਦਾਤਰ ਇਕ ਸਰਿੰਜ ਨਾਲ ਹੀ ਸਰੀਰ ’ਚ ਟੀਕਾ ਲਾਉਂਦੇ ਹਨ, ਉਹੀ ਸੂਈ ਜਦ ਵਾਰ-ਵਾਰ ਵਰਤੀ ਜਾਂਦੀ ਹੈ ਤਾਂ ਏਡਜ਼ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੂਬੇ ਦੀਆਂ ਜੇਲਾਂ ’ਚ ਵੀ ਏਡਜ਼ ਪੀੜਤਾਂ ’ਚ ਵਾਧਾ ਹੋਇਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਹੀ 400 ਤੋਂ ਵੱਧ ਕੈਦੀ ਜਾਂ ਹਵਾਲਾਤੀ ਐਚਆਈਵੀ ਪੀੜਤ ਹਨ। ਸਾਰੇ ਪੰਜਾਬ ਦੀਆਂ ਜੇਲਾਂ ’ਚ ਇਹ ਅੰਕੜਾ 2700 ਤੋਂ ਵੱਧ ਦਸਿਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement