
ਬਾਦਲ ਦੀ 'ਜਬਰ-ਵਿਰੋਧੀ ਰੈਲੀ' ਦਾ ਸੱਭ ਤੋਂ ਵੱਡਾ ਫ਼ੈਸਲਾ ਜੋ ਸੱਚ ਲਿਖੇ ਉਸ ਨੂੰ ਨਾ ਪੜ੍ਹੋ, ਜੋ ਸੱਚ ਵਿਖਾਵੇ ਉਸ ਨੂੰ ਨਾ ਵੇਖੋ
ਅਰਥਾਤ ਰੋਜ਼ਾਨਾ ਸਪੋਕਸਮੈਨ ਨੂੰ ਨਾ ਪੜ੍ਹੋ, ਸਪੋਕਸਮੈਨ ਟੀਵੀ ਤੇ ਜ਼ੀ ਟੀਵੀ ਨੂੰ ਨਾ ਵੇਖੋ,
7 ਅਕਤੂਬਰ ਨੂੰ ਹੋਈਆਂ ਤਿੰਨ ਵੱਡੀਆਂ ਰੈਲੀਆਂ ਵਿਚ ਗਿਣਤੀ ਪੱਖੋਂ ਤੀਜੇ ਨੰਬਰ ਤੇ ਆਉਣ ਕਾਰਨ ਖਿੱਝੇ ਹੋਏ ਅਕਾਲੀਆਂ ਨੇ ਸਪੋਕਸਮੈਨ ਵਿਰੁਧ ਗੁੱਸਾ ਝਾੜਿਆ ਕਿਹੜੀ ਗੱਲੋਂ?
ਪਟਿਆਲਾ : ਅੱਜ ਪਟਿਆਲੇ ਵਿਚ ਬਾਦਲ ਅਕਾਲੀ ਦਲ ਨੇ ਅਪਣੀ 'ਖਿੱਝ ਝਾੜੂ' ਰੈਲੀ ਦਾ ਨਾਂ ਤਾਂ ਜਬਰ-ਵਿਰੋਧੀ ਰੈਲੀ ਰਖਿਆ ਸੀ ਪਰ ਅਪਣੀ ਸਰਕਾਰ ਵੇਲੇ ਦੇ ਆਜ਼ਾਦ ਪੰਥਕ ਪ੍ਰੈੱਸ ਵਿਰੋਧੀ ਜਬਰ ਦਾ ਨਮੂਨਾ ਵਿਖਾਣੋਂ ਇਥੇ ਵੀ ਨਾ ਰਹਿ ਸਕੇ। ਸਟੇਜ ਉਤੇ ਸੱਭ ਤੋਂ ਮਹੱਤਵਪੂਰਨ ਮਤਾ ਉਹ ਇਹੀ ਪਾਸ ਕਰ ਸਕੇ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਉਨ੍ਹਾਂ ਦਾ ਪ੍ਰੋਗਰਾਮ, ਹਕੂਮਤ ਦਾ ਕਲਮਦਾਨ ਖੁਸ ਜਾਣ ਦੇ ਬਾਵਜੂਦ ਵੀ, ਜਾਰੀ ਰਖਿਆ ਜਾਵੇ।
Jagir Kaur
ਟਰੱਕਾਂ, ਬਸਾਂ ਤੇ ਢੋਹ ਕੇ ਲਿਆਂਦੀ 40 ਹਜ਼ਾਰ (ਬਹੁਤੀ ਮੋਨੀ) ਜਾਂ ਗ਼ੈਰ-ਸਿੱਖ 'ਸੰਗਤ' ਨੂੰ ਅਪੀਲ ਕੀਤੀ ਗਈ ਕਿ ਰੋਜ਼ਾਨਾ ਸਪੋਕਸਮੈਨ ਨੂੰ ਬਿਲਕੁਲ ਨਾ ਪੜ੍ਹੋ, ਸਪੋਕਸਮੈਨ ਟੀ ਵੀ ਨੂੰ ਬਿਲਕੁਲ ਨਾ ਵੇਖੋ ਤੇ ਜ਼ੀ ਟੀ ਵੀ ਦਾ ਵੀ ਬਾਈਕਾਟ ਕਰੋ ਕਿਉਂਕਿ ਇਹ ਸੱਚ ਲਿਖਦੇ ਹਨ ਤੇ ਸੱਚ ਵਿਖਾਂਦੇ ਹਨ। ਸਪੋਕਸਮੈਨ ਵਿਰੁਧ ਇਨ੍ਹਾਂ ਨੂੰ ਸੱਭ ਤੋਂ ਵੱਡਾ ਗਿਲਾ ਇਹੀ ਹੈ ਕਿ ਸਪੋਕਸਮੈਨ ਇਨ੍ਹਾਂ ਨੂੰ ਇਹ ਕਿਉਂ ਕਹਿੰਦਾ ਹੈ ਕਿ ਅਕਾਲ ਤਖ਼ਤ ਉਤੇ ਸਿੱਖਾਂ ਵਲੋਂ ਬਣਾਈ ਗਈ ਜਥੇਬੰਦੀ ਅਕਾਲੀ ਦਲ ਨੂੰ ਬਾਦਲ ਪ੍ਰਵਾਰ ਦੀ ਕੈਦ ਵਿਚੋਂ ਰਿਹਾਅ ਕਰ ਕੇ ਵਾਪਸ ਅਕਾਲ ਤਖ਼ਤ ਤੇ ਭੇਜ ਦਿਤਾ ਜਾਏ।
7 ਅਕਤੂਬਰ ਦੇ ਪਹਿਲੇ ਪੰਨੇ 'ਤੇ ਹੀ 'ਅੱਜ ਦੀ ਡਾਇਰੀ' ਵਿਚ ਲਿਖਿਆ ਹੋਇਆ ਸੀ: ''ਬਾਦਲ ਪ੍ਰਵਾਰ ਜੇ ਇਹ ਕੁੱਝ ਗੱਲਾਂ ਹੀ ਮੰਨ ਜਾਏ ਕਿ ਸ਼੍ਰੋਮਣੀ ਅਕਾਲੀ ਦਲ ਦਾ 1920 ਵਾਲਾ ਸਰੂਪ ਬਹਾਲ ਕਰ ਕੇ, ਇਸ ਨੂੰ ਵਾਪਸ ਅੰਮ੍ਰਿਤਸਰ ਲਿਜਾਇਆ ਜਾਏਗਾ, ਇਹ ਕਿਸੇ ਇਕ ਪ੍ਰਵਾਰ ਦੀ ਜਾਗੀਰ ਨਹੀਂ ਬਣਨ ਦਿਤਾ ਜਾਏਗਾ ਤੇ ਇਸ ਦਾ ਲੋਕ ਰਾਜੀ ਖਾਸਾ ਬਹਾਲ ਕੀਤਾ ਜਾਏਗਾ ਤਾਂ ਚੜ੍ਹਦੀ ਕਲਾ ਦਾ ਦੌਰ ਸ਼ੁਰੂ ਹੋ ਜਾਏਗਾ।
Sikander Singh Maluka
ਇਸ ਦੇ ਨਾਲ ਹੀ ਇਹ ਐਲਾਨ ਵੀ ਕਰ ਦਿਤਾ ਜਾਏ ਤਾਂ ਸੋਨੇ ਤੇ ਸੁਹਾਗਾ ਫੇਰਨ ਵਾਲੀ ਗੱਲ ਹੋ ਜਾਏਗੀ ਕਿ ਹੋਈਆਂ ਭੁੱਲਾਂ ਲਈ ਖ਼ਾਲਸਾ ਪੰਥ ਕੋਲੋਂ ਮਾਫ਼ੀ ਮੰਗੀ ਜਾਏਗੀ ਤੇ ਸਾਰੇ ਪੰਥ ਨੂੰ ਇਕਮੁਠ ਹੋਣ ਵਿਚ ਖੜੀਆਂ ਕੀਤੀਆਂ ਗਈਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿਤੀਆਂ ਜਾਣਗੀਆਂ। ਜੇ ਬਾਦਲ ਪ੍ਰਵਾਰ ਏਨੀਆਂ ਕੁ ਗੱਲਾਂ ਹੀ ਮੰਨ ਲਵੇ ਤਾਂ ਅਕਾਲੀ ਦਲ, ਚੱਟਾਨ ਵਰਗੀ ਮਜ਼ਬੂਤ ਪਾਰਟੀ ਬਣ ਕੇ ਉਭਰ ਸਕਦਾ ਹੈ ਤੇ ਬਾਦਲ ਵੀ ਸੁਰਖ਼ਰੂ ਹੋ ਕੇ 'ਪਤ ਸੇਤੀ' ਘਰ ਜਾ ਸਕਦੇ ਹਨ।''
ਬਸ ਇਹੀ ਉਨ੍ਹਾਂ ਦੇ ਗੁੱਸੇ ਦਾ ਸੱਭ ਤੋਂ ਵੱਡਾ ਕਾਰਨ ਬਣ ਗਿਆ।
ਉਹ ਕਿਸੇ ਵੀ ਹਾਲਤ ਵਿਚ ਅਕਾਲ ਤਖ਼ਤ ਤੋਂ ਚੋਰੀ ਕੀਤਾ ਅਕਾਲੀ ਦਲ, ਅਕਾਲ ਤਖ਼ਤ ਨੂੰ ਵਾਪਸ ਕਰਨ ਦੀ ਗੱਲ ਨਹੀਂ ਸੋਚ ਸਕਦੇ ਕਿਉਂਕਿ ਇਸ ਦੇ ਸਹਾਰੇ ਹੀ ਤਾਂ ਉਹ ਦੌਲਤ ਦੇ ਅੰਬਾਰਾਂ ਅਤੇ ਸੱਤਾ ਦੇ ਪਾਇਦਾਨਾਂ ਉਤੇ ਕਬਜ਼ਾ ਜਮਾਈ ਆ ਰਹੇ ਹਨ ਤੇ ਅਪਣੀ ਤਕੜੀ ਉਤੇ ਅਕਾਲੀ ਦਲ ਨੂੰ ਤੋਲ ਤੋਲ ਕੇ, ਪੰਥ ਵਿਰੋਧੀ ਸ਼ਕਤੀਆਂ ਨੂੰ ਵੇਚਦੇ ਆ ਰਹੇ ਹਨ ਪਰ ਪੰਥ ਅਤੇ ਪੰਜਾਬ ਲਈ ਕੁੱਝ ਨਾ ਲੈ ਕੇ ਅਪਣੀਆਂ ਨਿਜੀ ਇੱਛਾਵਾਂ ਪੂਰੀਆਂ ਕਰਦੇ ਆ ਰਹੇ ਹਨ। ਸਪੋਕਸਮੈਨ ਪੂਰੀ ਈਮਾਨਦਾਰੀ ਨਾਲ ਮਹਿਸੂਸ ਕਰਦਾ ਹੈ ਕਿ ਬਾਦਲ ਪ੍ਰਵਾਰ ਨੂੰ ਪੰਥ ਦੇ ਭਲੇ ਲਈ, ਅਕਾਲੀ ਦਲ ਹੁਣ ਅਕਾਲ ਤਖ਼ਤ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ
Prem Singh Chandumajra
ਜਿਥੇ ਸਿੱਖਾਂ ਨੂੰ ਖੁਲ੍ਹ ਦੇ ਦਿਤੀ ਜਾਣੀ ਚਾਹੀਦੀ ਹੈ ਕਿ ਉਹ ਇਸ ਨੂੰ ਪੰਥ ਦੇ ਭਲੇ ਲਈ ਲੋਕ-ਰਾਜੀ ਢੰਗਾਂ ਤਰੀਕਿਆਂ ਅਨੁਸਾਰ ਚਲਾਉਣ। ਬਸ ਏਨੀ ਕੁ ਗੱਲ ਨੇ ਹੀ ਉਨ੍ਹਾਂ ਨੂੰ ਸੀਖ਼ਪਾ ਕਰ ਦਿਤਾ ਤੇ ਅਪਣੀ ਰੈਲੀ ਵਿਚ 'ਅਕਾਲੀ ਦਲ ਦੀ ਆਜ਼ਾਦੀ' ਦਾ ਹੋਕਾ ਦੇਣ ਵਾਲੇ ਸਪੋਕਸਮੈਨ ਨੂੰ ਉਹ ਸਜ਼ਾ ਸੁਣਾਉਣ ਲਈ ਫਿਰ ਤੋਂ ਲਾਮਬੰਦ ਹੋ ਗਏ ਜੋ 10-12 ਸਾਲ ਤੋਂ ਉਹ ਪਹਿਲਾ ਹੀ ਅਕਾਲ ਤਖ਼ਤ ਦੇ ਤਨਖ਼ਾਹਦਾਰ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ 'ਸਪੋਕਸਮੈਨ' ਨੂੰ ਦੇਂਦੇ ਆ ਰਹੇ ਹਨ ਜਦਕਿ ਹਰ ਅਕਲਮੰਦ ਬੰਦਾ ਸਮਝ ਸਕਦਾ ਹੈ ਕਿ ਸਪੋਕਸਮੈਨ ਦਾ ਸੁਝਾਅ ਪੰਥ ਦੇ ਭਲੇ ਲਈ ਬਹੁਤ ਚੰਗਾ ਸੀ ਤੇ ਇਸ ਦਾ ਬੁਰਾ ਮਨਾਉਣ ਦਾ ਕੋਈ ਕਾਰਨ ਹੀ ਨਹੀਂ ਬਣਦਾ।
ਜਬਰ ਵਿਰੋਧੀ ਰੈਲੀ ਦਾ ਪ੍ਰਬੰਧਕੋ ਕੀ ਪਹਿਲਾਂ ਘੱਟ ਕੀਤੀ ਹੈ ਤੁਸੀਂ ਸਪੋਕਸਮੈਨ ਨਾਲ?
> ਅਕਾਲ ਤਖ਼ਤ ਦੇ ਤਨਖ਼ਾਹਦਾਰ 'ਜਥੇਦਾਰਾਂ' ਕੋਲੋਂ ਬਿਨਾਂ ਕਿਸੇ ਕਾਰਨ ਦੇ ਸਪੋਕਸਮੈਨ ਦੇ ਐਡੀਟਰ ਨੂੰ ਛੇਕਵਾ ਕੇ ਜਦਕਿ ਕੁੱਝ ਸਾਲ ਮਗਰੋਂ ਖ਼ੁਦ ਮੌਜੂਦਾ ਜਥੇਦਾਰ ਨੂੰ ਆਪ ਐਡੀਟਰ ਨੂੰ ਟੈਲੀਫ਼ੋਨ ਕਰ ਕੇ ਕਹਿਣਾ ਪਿਆ ਕਿ,''ਮੈਂ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਐਲਾਨ ਕਰਦਾ ਹਾਂ ਕਿ ਤੁਸੀਂ ਕੋਈ ਭੁੱਲ ਨਹੀਂ ਸੀ ਕੀਤੀ ਤੇ ਵੇਦਾਂਤੀ ਨੇ ਇਕ ਕਿੜ ਕੱਢਣ ਲਈ ਤੁਹਾਡੇ ਵਿਰੁਧ ਹੁਕਮਨਾਮਾ ਜਾਰੀ ਕਰ ਦਿਤਾ ਸੀ''। ਅਕਾਲੀਆਂ ਅੰਦਰ ਜ਼ਰਾ ਵੀ ਅਣਖ ਹੁੰਦੀ ਤਾਂ ਇਸ ਮਗਰੋਂ ਅਪਣੀ ਭੁੱਲ ਮੰਨ ਕੇ ਐਡੀਟਰ ਕੋਲੋਂ ਮਾਫ਼ੀ ਮੰਗ ਲੈਂਦੇ।
> 10 ਸਾਲ ਸਪਕੋਸਮੈਨ ਦੇ 150 ਕਰੋੜ ਦੇ ਇਸ਼ਤਿਹਾਰ ਉਸੇ ਗ਼ਲਤ ਹੁਕਮਨਾਮੇ ਨੂੰ ਬਹਾਨਾ ਬਣਾ ਕੇ ਰੋਕੇ ਤਾਕਿ ਸਪੋਕਸਮੈਨ ਆਰਥਕ ਤੌਰ 'ਤੇ ਤਬਾਹ ਹੋ ਜਾਵੇ ਤੇ ਬੰਦ ਹੋ ਜਾਵੇ।
> ਐਡੀਟਰ ਵਿਰੁਧ 10 ਫ਼ੌਜਦਾਰੀ ਕੇਸ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦਰਜ ਕਰਵਾਏ ਤਾਕਿ ਥੱਕ ਹਾਰ ਕੇ, ਐਡੀਟਰ ਇਨ੍ਹਾਂ ਅੱਗੇ ਆ ਗਿੜਗੜਾਏ।
> ਰੋਜ਼ਾਨਾ ਸਪੋਕਸਮੈਨ ਦੇ ਸੱਤ ਜ਼ਿਲ੍ਹਾ ਦਫ਼ਤਰਾਂ ਉਤੇ ਇਕੋ ਦਿਨ, ਇਕੋ ਸਮੇਂ ਹਮਲਾ ਕਰਵਾ ਕੇ ਉਨ੍ਹਾਂ ਨੂੰ ਤਬਾਹ, ਬਰਬਾਦ ਕਰ ਦਿਤਾ ਤਾਕਿ ਸਪੋਕਸਮੈਨ ਪੰਜਾਬ ਛੱਡ ਕੇ ਚਲਾ ਜਾਏ।
Rozana Spokesman
> ਸਪੋਕਸਮੈਨ ਦੇ ਕੇਂਦਰੀ ਦਫ਼ਤਰ ਉਤੇ ਪੁਲਿਸ ਦਾ ਰੇਡ ਕਰਵਾਇਆ ਤਾਕਿ ਸਟਾਫ਼ ਡਰ ਜਾਏ ਤੇ ਅਖ਼ਬਾਰ ਨੂੰ ਛੱਡ ਜਾਏ।
> ਸ਼੍ਰੋਮਣੀ ਕਮੇਟੀ ਕੋਲੋਂ ਅਕਾਲ ਤਖ਼ਤ ਦਾ ਨਾਂ ਵਰਤ ਕੇ ਆਦੇਸ਼ ਜਾਰੀ ਕਰਵਾਇਆ ਗਿਆ ਕਿ ਸਪਕੋਸਮੈਨ ਨੂੰ ਕੋਈ ਨਾ ਪੜ੍ਹੋ, ਕੋਈ ਇਸ ਵਿਚ ਨੌਕਰੀ ਨਾ ਕਰੋ, ਕੋਈ ਇਸ ਵਿਚ ਇਸ਼ਤਿਹਾਰ ਨਾ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ।
> ਤੇਜਾ ਸਿੰਘ ਸਮੁੰਦਰੀ ਹਾਲ ਦੀ ਮੀਟਿੰਗ ਵਿਚ ਵੇਦਾਂਤੀ ਕੋਲੋਂ ਐਡੀਟਰ ਨੂੰ ਢੇਹ ਦੇਣ (ਮਾਰ ਦੇਣ) ਦੀਆਂ ਧਮਕੀਆਂ ਦਿਵਾਈਆਂ ਗਈਆਂ। ਅੱਜ ਸਪੋਕਸਮੈਨ ਵਿਰੁਧ ਰੈਲੀ ਵਿਚ ਨਵੇਂ ਮਤੇ ਪਾਉਣ ਵਾਲਿਉ, ਦੱਸੋ ਲੋਕਰਾਜੀ ਦੁਨੀਆਂ ਵਿਚ ਕੋਈ ਹੋਰ ਵੀ ਇਕ ਅਜਿਹਾ ਕੇਸ ਜਿਥੇ ਇਕ ਅਖ਼ਬਾਰ ਨਾਲ ਏਨਾ ਜਬਰ ਕਿਸੇ ਲੋਕ-ਰਾਜੀ ਸਰਕਾਰ ਨੇ ਕੀਤਾ ਹੋਵੇ? ਏਨੇ ਨਾਲ ਵੀ ਤੁਹਾਡਾ ਜਬਰ-ਜ਼ੁਲਮ ਦਾ ਕੋਟਾ ਪੂਰਾ ਨਹੀਂ ਹੋਇਆ ਤੇ 'ਜਬਰ-ਵਿਰੋਧੀ' ਰੈਲੀ ਵਿਚ ਹੀ ਇਕ ਹੋਰ ਜਬਰ ਕਰਨਾ ਤੁਸੀਂ ਜ਼ਰੂਰੀ ਸਮਝਿਆ। ਕੀ ਦੁਨੀਆਂ ਤੁਹਾਡੀ ਇਸ ਜਾਬਰਾਨਾ ਮੂਰਖਤਾ ਨੂੰ ਨਹੀਂ ਸਮਝਦੀ?
ਬਾਦਲ ਅਕਾਲੀਆਂ ਨੂੰ ਸਾਡਾ ਚੈਲਿੰਜ ਆਉ ਸਪੋਕਸਮੈਨ ਦੀ ਰੈਲੀ ਦਾ ਮੁਕਾਬਲਾ ਕਰ ਵਿਖਾਉ!
ਬਾਦਲ ਅਕਾਲੀ ਦਲ ਨੇ ਬਸਾਂ ਅਤੇ ਟਰੱਕਾਂ ਵਿਚ ਢੋਹ ਕੇ 40 ਹਜ਼ਾਰ ਬੰਦੇ ਲਿਆਂਦੇ ਤੇ ਉਹ ਇਸ ਨੂੰ 'ਇਤਿਹਾਸਕ ਇਕੱਠ' ਦਸ ਰਹੇ ਹਨ। ਇਸ ਰੈਲੀ ਵਿਚ ਉਨ੍ਹਾਂ ਨੇ ਦੱਬ ਕੇ 'ਸਪੋਕਸਮੈਨ' ਵਿਰੁਧ ਜ਼ਹਿਰ ਉਗਲਿਆ। ਪ੍ਰਵਾਨ ਹੈ ਸਾਨੂੰ ਉਨ੍ਹਾਂ ਦਾ 'ਗਾਲ੍ਹ ਪ੍ਰਸ਼ਾਦ'। ਇਹ ਸਪੋਕਸਮੈਨ ਦੀ ਸਫ਼ਲਤਾ ਦਾ ਸਬੂਤ ਹੈ ਕਿ ਉਹ ਇਕ ਗੰਭੀਰ ਮੌਕੇ 'ਤੇ ਵੀ ਇਸ ਦੇ ਸੱਚ ਦੀ ਮਾਰ ਦਾ ਭਾਰ ਅਪਣੇ ਮਨਾਂ ਤੋਂ ਨਾ ਲਾਹ ਸਕੇ ਤੇ ਅਪਣਾ ਗੁੱਸਾ ਗ਼ਲਤ ਮੌਕੇ, ਗ਼ਲਤ ਤਰੀਕੇ ਨਾਲ ਪ੍ਰਗਟ ਕਰ ਕੇ ਅਪਣੀ ਕਮ-ਅਕਲੀ ਦਾ ਸਬੂਤ ਦੇ ਗਏ।
ਸਪੋਕਸਮੈਨ ਵਿਰੁਧ ਵਰਤੇ ਗੰਦੇ ਸ਼ਬਦਾਂ ਦੇ ਜਵਾਬ ਵਿਚ ਅਸੀਂ ਪੂਰੀ ਨਿਰਮਾਣਤਾ ਤੇ ਹਲੀਮੀ ਨਾਲ ਉਨ੍ਹਾਂ ਨੂੰ ਚੈਲਿੰਜ ਦੇਂਦੇ ਹਾਂ ਕਿ ਦੋ ਮਹੀਨੇ ਬਾਅਦ ਅਸੀ ਅਪਣਾ ਸਾਲਾਨਾ ਸਮਾਗਮ ਰੱਖ ਰਹੇ ਹਾਂ। ਅਪਣੀ ਸੀ ਆਈ ਡੀ ਲਾ ਕੇ ਵੇਖ ਲੈਣਾ:
> ਇਕ ਵੀ ਪਾਠਕ ਢੋਹ ਕੇ ਨਹੀਂ ਲਿਆਇਆ ਜਾਏਗਾ ਤੇ ਸ਼ਮਾਂ ਉਤੇ ਪ੍ਰਵਾਨ ਹੋਣ ਵਾਲੇ ਪ੍ਰਵਾਨੇ, ਅਪਣੇ ਆਪ ਤੁਹਾਡੇ 'ਇਤਿਹਾਸਕ ਇਕੱਠ' ਨਾਲੋਂ ਘੱਟੋ ਘੱਟ ਦੁਗਣੇ ਜ਼ਰੂਰ ਪਹੁੰਚ ਜਾਣਗੇ ਜੋ ਪੈਦਲ, ਕਾਰਾਂ, ਸਾਈਕਲਾਂ ਅਤੇ ਸਰਕਾਰੀ ਬਸਾਂ ਤੇ ਟਿਕਟਾਂ ਲੈ ਕੇ ਪਹੁੰਚਣਗੇ।
Akali Dal Rally
> ਤੁਹਾਡੀ 'ਇਤਿਹਾਸਕ ਰੈਲੀ' ਵਿਚ ਕੋਈ ਸਾਬਤ ਸੂਰਤ ਸਿੱਖ 100 ਵਿਚੋਂ ਇਕ ਹੀ ਨਜ਼ਰ ਆਉਂਦਾ ਸੀ ਜਦਕਿ ਸਪੋਕਸਮੈਨ ਦੇ ਸਮਾਗਮ ਵਿਚ 90 ਫ਼ੀ ਸਦੀ ਸਾਬਤ ਸੂਰਤ ਸਿੱਖ ਹੋਣਗੇ ਤੇ ਉਨ੍ਹਾਂ ਵਿਚੋਂ ਵੀ ਇਕ ਤਿਹਾਈ ਅੰਮ੍ਰਿਤਧਾਰੀ ਸਿੱਖ ਹੋਣਗੇ। ਜ਼ਰੂਰ ਆ ਕੇ ਵੇਖੋ ਤੇ ਉਸ ਮਗਰੋਂ ਸ਼ਰਮ ਆਵੇ ਤਾਂ ਚਪਣੀ ਵਿਚ ਡੁੱਬ ਕੇ....!
> ਪਟਿਆਲਾ ਰੈਲੀ ਵਿਚ ਦੂਰਬੀਨ ਲਾ ਕੇ ਵੀ ਕਿਸੇ ਸਿੱਖ ਵਿਦਵਾਨ ਦੇ ਦਰਸ਼ਨ ਨਹੀਂ ਸੀ ਕੀਤੇ ਜਾ ਸਕਦੇ ਜਦਕਿ ਸਪੋਕਸਮੈਨ ਦੇ ਸਾਲਾਨਾ ਸਮਾਗਮ ਵਿਚ ਚੱਪੇ-ਚੱਪੇ ਤੇ ਵਿਦਵਾਨ ਬੈਠੇ ਨਜ਼ਰ ਆਉਣਗੇ ਤੇ 80 ਫ਼ੀ ਸਦੀ ਸੰਗਤ, ਗੁਰਮਤਿ ਦੀ ਪੂਰੀ ਵਾਕਫ਼ੀ ਰੱਖਣ ਵਾਲੀ ਹੋਵੇਗੀ। ਪਟਿਆਲਾ ਰੈਲੀ ਵਿਚ ਦਿਹਾੜੀਦਾਰ ਮਜ਼ਦੂਰ, ਸੌਦਾ ਸਾਧ ਦੇ ਚੇਲੇ ਤੇ ਸਿੱਖੀ ਤੋਂ ਕੋਹਾਂ ਦੂਰ ਲੋਕਾਂ ਦੀ ਭੀੜ ਵੇਖ ਕੇ ਭਲੇ ਲੋਕ ਮੂੰਹ ਵਿਚ ਉਂਗਲਾਂ ਪਾ ਕੇ ਪੁਛ ਰਹੇ ਸਨ,
Anniversary of Spokesman
''ਇਹ ਗੁਰਬਾਣੀ ਦੀ ਬੇਅਦਬੀ ਵਿਰੁਧ ਰੋਸ ਪ੍ਰਗਟ ਕਰਨ ਵਾਲੀ ਅਕਾਲੀ ਰੈਲੀ ਹੈ?'' ਹਾਜ਼ਰੀ ਪੱਖੋਂ ਵੀ 7 ਅਕਤੂਬਰ ਦੀਆਂ ਤਿੰਨ ਰੈਲੀਆਂ (ਲੰਬੀ, ਬਰਗਾੜੀ ਤੇ ਪਟਿਆਲਾ) ਵਿਚੋਂ ਅਕਾਲੀ ਰੈਲੀ ਤੀਜੇ ਨੰਬਰ 'ਤੇ ਸੀ। ਸਪੋਕਸਮੈਨ ਦੇ ਸਮਾਗਮ ਵਿਚ ਇਨ੍ਹਾਂ ਵਿਚੋਂ ਕੋਈ ਵੀ ਕਮੀ ਇਸ ਦੇ ਦੁਸ਼ਮਣਾਂ ਨੂੰ ਵੀ ਨਜ਼ਰ ਨਹੀਂ ਆਵੇਗੀ।