
ਜਾਇਦਾਦ ਦੇ ਨੁਕਸਾਨ ਦੀ ਕੀਤੀ ਜਾਵੇਗੀ ਭਰਪਾਈ
ਚੰਡੀਗੜ੍ਹ, ਪੰਜਾਬ ਸਰਕਾਰ ਸ਼ੀਲਾਂਗ ਵਸਦੇ ਸਿੱਖ ਪੀੜਤਾਂ ਦੀ ਬਾਂਹ ਫੜਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਸਿੱਖਾਂ ਦੀ ਜਾਇਦਾਦ ਦਾ ਨੁਕਸਾਨ ਸਰਕਾਰੀ ਖ਼ਜ਼ਾਨੇ ਵਿਚੋਂ ਭਰਨ ਦਾ ਐਲਾਨ ਕੀਤਾ ਹੈ। ਸਰਕਾਰ ਨਾਲ ਹੀ ਉਥੋਂ ਦੇ ਨੁਕਸਾਨੇ ਗਏ ਗੁਰਦਵਾਰੇ ਅਤੇ ਪੰਜਾਬੀ ਸਕੂਲ ਦੀ ਉਸਾਰੀ ਲਈ ਗ੍ਰਾਂਟ ਵੀ ਦੇਵੇਗੀ। ਇਹ ਫ਼ੈਸਲਾ ਸ਼ੀਲਾਂਗ ਵਸਦੇ ਸਿੱਖਾਂ ਉਤੇ ਹਮਲਿਆਂ ਦੀ ਰੀਪੋਰਟ ਮਿਲਣ ਤੋਂ ਬਾਅਦ ਲਿਆ ਗਿਆ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਸ਼ੀਲਾਂਗ ਭੇਜੀ ਗਈ ਸੀ।
ਸਰਕਾਰ ਨੇ ਪੀੜਤ ਪਰਵਾਰਾਂ ਨੂੰ ਲੋੜ ਪੈਣ 'ਤੇ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਕ ਪੱਤਰ ਲਿਖ ਕੇ ਸ਼ੀਲਾਂਗ ਵਸਦੇ ਸਿੱਖਾਂ ਬਾਰੇ ਉਥੋਂ ਦੀ ਸਰਕਾਰ ਤੋਂ ਰੀਪੋਰਟ ਲੈ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕਿਹਾ ਹੈ। ਕੈਬਨਿਟ ਮੰਤਰੀ ਰੰਧਾਵਾ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਨੇ ਸ਼ੀਲਾਂਗ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਉਹ ਮੇਘਾਲਿਆ ਦੇ ਮੁੱਖ ਮੰਤਰੀ, ਚੀਫ਼ ਸੈਕਟਰੀ ਤੇ ਡੀ.ਜੀ.ਪੀ. ਨੂੰ ਮਿਲੇ ਸਨ। ਚਾਰ ਮੈਂਬਰੀ ਟੀਮ ਨੇ ਉਥੇ ਵਸਦੇ ਸਿੱਖਾਂ ਤੋਂ ਵੀ ਉਨ੍ਹਾਂ ਦੇ ਦੁੱਖ ਦਰਦ ਵੀ ਪੁਛੇ ਹਨ।
Sukhjinder Singh Randhawa
ਟੀਮ ਨੇ ਮੁੱਖ ਮੰਤਰੀ ਨੂੰ ਦਿਤੀ ਰੀਪੋਰਟ ਵਿਚ ਦਾਅਵਾ ਕੀਤਾ ਹੈ ਕਿ ਸ਼ੀਲਾਂਗ ਵਸਦੇ ਸਿੱਖਾਂ ਦੀਆਂ ਕੁੱਝ ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਣ ਤੋਂ ਬਿਨਾਂ ਮਨੁੱਖੀ ਜਾਨਾਂ ਦਾ ਬਚਾਅ ਰਿਹਾ ਹੈ। ਰੀਪੋਰਟ ਅਨੁਸਾਰ ਡੇਢ ਸੌ ਦੇ ਕਰੀਬ ਸਿੱਖ ਪਰਵਾਰ ਸ਼ੀਲਾਂਗ ਵਿਚ 1953 ਤੋਂ ਰਹਿ ਰਹੇ ਹਨ। ਉਨ੍ਹਾਂ ਦੀ ਰਿਹਾਇਸ਼ੀ ਕਾਲੋਨੀ 'ਪ੍ਰਾਈਮ ਲੈਂਡ' ਵਿਚ ਆ ਚੁਕੀ ਹੈ ਅਤੇ ਉਥੋਂ ਦਾ ਖਾਸੀ ਭਾਈਚਾਰਾ ਉਨ੍ਹਾਂ ਤੋਂ ਜਬਰੀ ਜ਼ਮੀਨ ਹਥਿਆਉਣ ਲਈ ਹਮਲੇ ਕਰਨ 'ਤੇ ਉੁਤਾਰ ਆਇਆ ਸੀ ਜਿਸ ਦਾ ਸਿੱਖਾਂ ਨੇ ਡੱਟਵਾ ਜਵਾਬ ਦਿਤਾ। ਰੀਪੋਰਟ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ
ਕਿ ਸ਼ੀਲਾਂਗ ਵਸਦੇ ਸਿੱਖ ਅਪਣਾ ਹੱਕ ਛੱਡ ਕੇ ਪੰਜਾਬ ਪਰਤਣ ਦੇ ਬਿਲਕੁਲ ਰੋਂਅ ਵਿਚ ਨਹੀਂ ਹਨ। ਇਸ ਜ਼ਮੀਨ ਦਾ ਕੇਸ ਮੇਘਾਲਿਆ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ ਅਤੇ ਪੰਜਾਬ ਸਰਕਾਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈ ਕੋਰਟ ਦੇ ਫ਼ੈਸਲੇ ਦੀ ਉਡੀਕ ਕਰੇਗੀ। ਰੀਪੋਰਟ ਵਿਚ ਇਹ ਵੀ ਕਿਹਾ ਹੈ ਕਿ ਮੇਘਾਲਿਆ ਦੇ ਮੁੱਖ ਮੰਤਰੀ ਨੇ ਸਿੱਖਾਂ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਨੇ ਚਾਰ ਮੈਂਬਰੀ ਟੀਮ ਨੂੰ ਮਾਮਲੇ ਦਾ ਨਿਪਟਾਰਾ ਇਕ ਨਿਰਧਾਰਤ ਸਮੇਂ ਵਿਚ ਕਰਨ ਦਾ ਭਰੋਸਾ ਵੀ ਦਿਤਾ ਹੈ।
ਇਕ ਵਖਰੀ ਜਾਣਕਾਰੀ ਅਨੁਸਾਰ ਅਮਰੀਕਨ ਸਿੱਖ ਕੌਂਸਲ ਨੇ ਸੋਸ਼ਲ ਮੀਡੀਆ 'ਤੇ ਇਕ ਕਲਿਪਿੰਗ ਪਾ ਕੇ ਸ਼ੀਲਾਂਗ ਵਸਦੇ ਸਿੱਖਾਂ 'ਤੇ ਖਾਸੀ ਭਾਈਚਾਰੇ ਵਲੋਂ ਭਾਰੀ ਤਸ਼ੱਦਦ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਸਿੱਖ ਅਜੇ ਵੀ ਅਪਣੇ ਬਚਾਅ ਲਈ ਉਥੋਂ ਦੇ ਗੁਰਦਵਾਰਾ ਸਾਹਿਬ ਵਿਚ ਸ਼ਰਨ ਲਈ ਬੈਠੇ ਹਨ। ਕਲਿਪਿੰਗ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਿੱਖਾਂ ਕੋਲ ਖਾਣ ਅਤੇ ਪੀਣ ਲਈ ਕਾਫ਼ੀ ਸਾਮਾਨ ਵੀ ਨਹੀਂ ਹੈ। ਕਲਿਪਿੰਗ ਵਿਚ ਸਿੱਖਾਂ ਨੂੰ ਭਾੜੇ 'ਤੇ ਲਏ ਖਾਸੀਆਂ ਵਲੋਂ ਲੋਹੇ ਦੀਆਂ ਰਾਡਾਂ ਨਾਲ ਕੁੱਟਣ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਸ਼ੀਲਾਂਗ ਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਗਈ ਹੈ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜਾਇਦਾਦ ਦੇ ਨੁਕਸਾਨ ਅਤੇ ਗੁਰਦਵਾਰਾ ਸਾਹਿਬ ਦੀ ਉਸਾਰੀ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚੋਂ ਕੀਤੀ ਜਾਵੇਗੀ ਜਦੋਂ ਕਿ ਪੰਜਾਬੀ ਸਕੂਲ ਦੀ ਅਧੂਰੀ ਉਸਾਰੀ ਮੁਕੰਮਲ ਕਰਨ ਲਈ ਕਾਂਗਰਸ ਪਾਰਟੀ ਨੇ 25 ਲੱਖ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲਈ ਹੈ।
ਉਨ੍ਹਾਂ ਨੇ ਅਮਰੀਕਨ ਸਿੱਖ ਕੌਂਸਲ ਦੇ ਦਾਅਵਿਆਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਸ਼ੀਲਾਂਗ ਵਸਦੇ ਸਿੱਖ ਬਿਲਕੁਲ ਸੁਰੱਖਿਅਤ ਹਨ ਅਤੇ ਉਹ ਮੁੜ ਵਸੇਬੇ ਲਈ ਪੰਜਾਬ ਪਰਤਣ ਦੀ ਇੱਛਾ ਨਹੀਂ ਰੱਖਦੇ। ਮੇਘਾਲਿਆ ਦੇ ਡੀ.ਜੀ.ਪੀ. ਸਵਰਾਜਬੀਰ ਸਿੰਘ ਜਿਨ੍ਹਾਂ ਦਾ ਪਿਛੋਕੜ ਡੇਰਾ ਬਾਬਾ ਨਾਨਕ ਤੋਂ ਹੈ, ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਚਿੰਤਤ ਅਤੇ ਸਮੱਰਥ ਹਨ। ਰੰਧਾਵਾ ਨੇ ਵਿਦੇਸ਼ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਦੇ ਆਧਾਰ 'ਤੇ ਇਧਰਲੇ ਸਿੱਖਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨ।