
ਜਲ੍ਹਿਆਂਵਾਲਾ ਬਾਗ ਵਿਚ ਮਹਾਰਾਣੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਅਧਿਕਾਰੀ ਜਨਰਲ ਡਾਇਰ ਦੁਆਰਾ ਮਾਰਿਆ ਗਿਆ ਸੀ।
ਚੰਡੀਗੜ੍ਹ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਦੇਰ ਰਾਤ ਦਿਹਾਂਤ ਹੋ ਗਿਆ। 96 ਸਾਲਾ ਐਲਿਜ਼ਾਬੈਥ 70 ਸਾਲਾਂ ਤੱਕ ਬ੍ਰਿਟੇਨ ਦੀ ਮਹਾਰਾਣੀ ਰਹੀ। ਇਸ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੀ ਅੰਮ੍ਰਿਤਸਰ ਫੇਰੀ ਨਾਲ ਜੁੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 1997 ਵਿਚ ਆਪਣੀ ਭਾਰਤ ਫੇਰੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਨੇ 14 ਅਕਤੂਬਰ 1997 ਨੂੰ ਅੰਮ੍ਰਿਤਸਰ ਦਾ ਦੌਰਾ ਕੀਤਾ। ਇੱਥੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਅਤੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦੇ ਕਾਫਲੇ ਨੇ ਹਵਾਈ ਅੱਡੇ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਸੀ ਪਰ ਉਹਨਾਂ ਨੇ ਸਭ ਤੋਂ ਪਹਿਲਾਂ ਜਲ੍ਹਿਆਂਵਾਲਾ ਜਾਣ ਦਾ ਫੈਸਲਾ ਕੀਤਾ। ਆਖਰੀ ਸਮੇਂ ਵਿਚ ਉਹਨਾਂ ਦੇ ਪ੍ਰੋਗਰਾਮ ਵਿਚ ਇਹ ਤਬਦੀਲੀ ਕੀਤੀ ਗਈ ਸੀ। ਜਲ੍ਹਿਆਂਵਾਲਾ ਬਾਗ ਵਿਚ ਮਹਾਰਾਣੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਅਧਿਕਾਰੀ ਜਨਰਲ ਡਾਇਰ ਦੁਆਰਾ ਮਾਰਿਆ ਗਿਆ ਸੀ।
ਮਹਾਰਾਣੀ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦੀ ਸਮਾਰਕ 'ਤੇ ਨੰਗੇ ਪੈਰੀਂ ਫੁੱਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਨੇ ਜਲਿਆਂਵਾਲਾ ਬਾਗ ਵਿਖੇ ਕਰੀਬ 15 ਮਿੰਟ ਬਿਤਾਏ ਸਨ।
ਮਹਾਰਾਣੀ ਦਾ ਜਲਿਆਂਵਾਲਾ ਬਾਗ ਵਿਖੇ ਸਵਾਗਤ ਜਲਿਆਂਵਾਲਾ ਬਾਗ ਟਰੱਸਟ ਦੇ ਤਤਕਾਲੀ ਸਕੱਤਰ ਐਸ.ਕੇ. ਮੁਖਰਜੀ ਨੇ ਕੀਤਾ। ਇੱਥੇ ਮਹਾਰਾਣੀ ਨੇ ਜੁੱਤੀਆਂ ਅਤੇ ਜੁਰਾਬਾਂ ਲਾਹ ਕੇ ਸ਼ਹੀਦੀ ਸਥਾਨ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆ। ਜਲ੍ਹਿਆਂਵਾਲਾ ਬਾਗ ਤੋਂ ਰਵਾਨਾ ਹੋ ਕੇ ਮਹਾਰਾਣੀ ਦਾ ਕਾਫਲਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਮੰਦਰ ਸਾਹਿਬ ਵਿਖੇ ਮਹਾਰਾਣੀ ਐਲਿਜ਼ਾਬੈਥ ਦਾ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਕਲਕੱਤਾ ਨੇ ਮਹਾਰਾਣੀ ਨੂੰ ਸ੍ਰੀ ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਿੱਖ ਪੰਥ ਵੱਲੋਂ ਮਹਾਰਾਣੀ ਨੂੰ ਸਨਮਾਨਤ ਵੀ ਕੀਤਾ ਗਿਆ। ਮਹਾਰਾਣੀ ਸ੍ਰੀ ਹਰਿਮੰਦਰ ਸਾਹਿਬ ਲਈ ਬਰਤਾਨੀਆ ਤੋਂ ਵਿਸ਼ੇਸ਼ ਤੋਹਫ਼ਾ ਵੀ ਲੈ ਕੇ ਆਈ ਸੀ। ਉਹਨਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੀਸ਼ੇ ਦਾ ਫੁੱਲਦਾਨ ਦਿੱਤਾ। ਇਹ ਫੁੱਲਦਾਨ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿਚ ਰੱਖਿਆ ਹੋਇਆ ਹੈ। ਹਰਿਮੰਦਰ ਸਾਹਿਬ ਵਿੱਚ ਹਰ ਕੋਈ ਨੰਗੇ ਪੈਰੀਂ ਆ ਸਕਦਾ ਹੈ ਪਰ ਮਹਾਰਾਣੀ ਐਲਿਜ਼ਾਬੈਥ ਲਈ ਪਹਿਲੀ ਵਾਰ ਇਹ ਨਿਯਮ ਬਦਲਿਆ ਗਿਆ ਸੀ। ਉਹਨਾਂ ਨੂੰ ਜੁਰਾਬਾਂ ਪਹਿਨ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ਵਿਚ ਦਾਖਲ ਹੋਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ। ਮਹਾਰਾਣੀ ਦੇ ਸੁਰੱਖਿਆ ਸਲਾਹਕਾਰਾਂ ਦੀ ਬੇਨਤੀ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਗਈ ਸੀ।