
ਪੰਜਾਬ ਵਿਚ ਆਰਟੀਏ ਦੀਆਂ ਕੁੱਲ 7 ਅਸਾਮੀਆਂ ਹਨ, ਜੋ ਸਾਰੇ ਜ਼ਿਲ੍ਹਿਆਂ ਵਿਚ ਟਰਾਂਸਪੋਰਟ ਦਾ ਕੰਮ ਦੇਖਦੇ ਹਨ।
ਚੰਡੀਗੜ੍ਹ: ਪੰਜਾਬ ਵਿਚ ਟਰਾਂਸਪੋਰਟ ਵਿਭਾਗ ਦੀ ਕਮਾਨ ਮੁੜ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸੰਭਾਲ ਸਕਦੇ ਹਨ। ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਇਸ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰ ਵੱਲੋਂ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੀ ਅਸਾਮੀ ਖਤਮ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਆਰਟੀਏ ਦੀਆਂ ਕੁੱਲ 7 ਅਸਾਮੀਆਂ ਹਨ, ਜੋ ਸਾਰੇ ਜ਼ਿਲ੍ਹਿਆਂ ਵਿਚ ਟਰਾਂਸਪੋਰਟ ਦਾ ਕੰਮ ਦੇਖਦੇ ਹਨ।
ਦੱਸ ਦੇਈਏ ਕਿ ਸਾਲ 2017 ਵਿਚ ਕਾਂਗਰਸ ਸਰਕਾਰ ਨੇ ਡੀਟੀਓ ਦੀ ਪੋਸਟ ਖ਼ਤਮ ਕਰ ਕੇ ਆਰਟੀਏ ਲਗਾਏ ਸਨ। ਇਸ ਤੋਂ ਪਹਿਲਾਂ ਲੋਕ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮ ਆਸਾਨੀ ਨਾਲ ਆਪਣੇ ਜ਼ਿਲ੍ਹੇ ਦੇ ਦਫ਼ਤਰ ਵਿਚੋਂ ਹੀ ਕਰਵਾ ਲੈਂਦੇ ਸਨ। ਡੀਟੀਓ ਦੀਆਂ ਪੋਸਟਾਂ ਖਤਮ ਹੋਣ ਮਗਰੋਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਜੇ ਜ਼ਿਲ੍ਹਿਆਂ ਵਿਚ ਜਾਣਾ ਪੈਂਦਾ ਹੈ।
ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਸਰਕਾਰ ਅੰਦਰਖਾਤੇ ਆਰਟੀਏ ਪੋਸਟ ਖ਼ਤਮ ਕਰਕੇ ਦੁਬਾਰਾ ਡੀਟੀਓ ਲਗਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਫਿਲਹਾਲ ਇਸ ਵਿਭਾਗ ਦੇ ਅਧਿਕਾਰੀਆਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।