
ਬਾਬੇ ਨਾਨਕ ਦੀ ਬੋਲੀ ਲਾਂਘੇ ਦੇ ਉਦਘਾਟਨ ਵੇਲੇ ਹੀ ਵਿਸਾਰੀ
ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ) : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਬਾਣੀ ਜਿਸ ਭਾਸ਼ਾ ਵਿਚ ਰਚੀ ਸੀ ਅੱਜ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਮੌਕੇ ਉਸ ਪੰਜਾਬੀ ਨਾਲ ਦਗ਼ਾ ਕਮਾਇਆ ਗਿਆ। ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਜਿਸ ਪੱਥਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਦਾ ਚੁਕਿਆ ਉਸ ਵਿਚ ਪੰਜਾਬੀ ਭਾਸ਼ਾ ਨੂੰ ਥਾਂ ਨਹੀਂ ਦਿਤੀ ਗਈ ਹੈ।
narendra Modi
ਪੰਜਾਬੀਆਂ ਵਿਸ਼ੇਸ਼ ਕਰ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜੇ ਇਸ ਲਾਂਘੇ ਬਾਰੇ ਲਾਏ ਗਏ ਬੋਰਡ ਉਤੇ ਪੰਜਾਬੀ ਨੂੰ ਉਪਰ ਜਾਂ ਦੋ ਨੰਬਰ 'ਤੇ ਨਾ ਸਹੀ ਪਰ ਤੀਜੇ ਨੰਬਰ 'ਤੇ ਸੱਭ ਤੋਂ ਹੇਠਾਂ ਵੀ ਥਾਂ ਨਹੀਂ ਦਿਤੀ ਗਈ ਹੈ ਜਿਸ ਨਾਲ ਪੰਜਾਬੀਆਂ ਪ੍ਰੇਮੀਆਂ ਦੇ ਮਨਾਂ ਨੂੰ ਠੇਸ ਵੱਜੀ ਹੈ। ਫਿਰ ਇਹ ਵਾਪਰਿਆ ਵੀ ਉਹਨੀਂ ਦਿਨੀਂ ਹੈ ਜਦੋਂ ਸਰਕਾਰ ਨਵੰਬਰ ਦੇ ਪਹਿਲੇ ਹਫ਼ਤੇ ਨੂੰ ਪੰਜਾਬੀ ਸਪਤਾਹ ਵਜੋਂ ਮਨਾਉਂਦੀ ਹੈ।
kartarpur sahib
ਅਜੇ ਇਕ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਚਲੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਦੌਰਾਨ ਸਰਕਾਰ ਨੇ ਰਾਜ ਭਰ ਦੇ ਬੋਰਡ ਪੰਜਾਬੀ ਵਿਚ ਕਰਨ ਦਾ ਵਾਅਦਾ ਕੀਤਾ ਸੀ। ਲਾਂਘੇ ਦੇ ਟਰਮੀਨਲ ਅਤੇ ਆਈ.ਸੀ.ਪੀ. ਲਾਲ ਜੁੜੇ ਸਾਰੇ ਕੰਮ ਅਤੇ ਲਾਂਘੇ ਨਾਲ ਸਬੰਧਤ ਸਮਾਗਮਾਂ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਅਦਾਰਿਆਂ ਦੀ ਸੀ, ਇਸ ਲਈ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨ ਦੀ ਸਿੱਧੀ ਜ਼ਿੰਮੇਵਾਰੀ ਭਾਜਪਾ ਸਰਕਾਰ ਦੀ ਹੈ। ਕੇਂਦਰ ਸਰਕਾਰ ਦੇ ਕੰਮ ਵਿਚ ਪੰਜਾਬ ਤੋਂ ਕੇਂਦਰ ਦੇ ਮੰਤਰੀ, ਸੰਸਦ ਮੈਂਬਰ ਅਤੇ ਅਫ਼ਸਰ ਵੀ ਜੁੜੇ ਹੋਏ ਸਨ।
SGPC
ਪਰ ਕਿਸੇ ਨੇ ਵੀ ਸਵਾਲ ਖੜਾ ਨਹੀਂ ਕੀਤਾ। ਇਸ ਅਲਗਰਜੀ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ। ਉਦਘਾਟਨੀ ਪੱਥਰ ਤੋਂ ਪਰਦਾ ਉਠਾਏ ਜਾਣ ਦੀ ਰਸਮ ਟੀ.ਵੀ ਉਤੇ ਦੇਖੇ ਜਾਣ ਤੋਂ ਬਾਅਦ ਪੰਜਾਬੀ ਪ੍ਰੇਮੀਆਂ ਦੇ ਮਨਾਂ ਵਿਚ ਰੋਸ ਭਰ ਗਿਆ ਅਤੇ ਵੱਡੀ ਗਿਣਤੀ ਵਿਚ ਲੇਖਕਾਂ ਅਤੇ ਪੰਜਾਬੀ ਨਾਲ ਮੋਹ ਰਖਣ ਵਾਲਿਆਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਹਨ।