
ਪੁਲਵਾਮਾ: ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਤਿੰਨ ਅਤਿਵਾਦੀ ਢੇਰ
ਬਾਰਾਮੂਲਾ 'ਚ ਗ੍ਰਨੇਡ ਹਮਲੇ ਵਿਚ ਔਰਤ ਸਣੇ 6 ਜ਼ਖ਼ਮੀ
ੰਮੂ, 12 ਦਸੰਬਰ (ਸਰਬਜੀਤ ਸਿੰਘ) : ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨੂੰ ਉਸ ਵਕਤ ਵੱਡੀ ਸਫ਼ਲਤਾ ਮਿਲੀ ਜਦੋਂ ਬੁਧਵਾਰ ਨੂੰ ਜ਼ਿਲ੍ਹੇ ਦੇ ਟਿਕਨ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ।
ਇਸ ਸਮੇਂ ਦੌਰਾਨ ਇਕ ਸਥਾਨਕ ਨਾਗਰਿਕ ਵੀ ਜ਼ਖ਼ਮੀ ਹੋ ਗਿਆ। ਇਸ ਕਾਰਵਾਈ ਵਿਚ ਫ਼ੌਜ ਦੀ 55-ਆਰ.ਆਰ (ਰਾਸ਼ਟਰੀ ਰਾਈਫਲਜ਼), ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ਼ ਦੀਆਂ ਸਾਂਝੀਆਂ ਟੀਮਾਂ ਨੇ ਹਿੱਸਾ ਲਿਆ।
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਜ ਤੜਕੇ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲੇ ਦੇ ਟਿਕਨ ਖੇਤਰ ਵਿਚ ਘੇਰਾ ਬੰਦੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਸ ਦੌਰਾਨ ਅਤਿਵਾਦੀਆਂ ਨੇ ਅਪਣੇ ਆਪ ਨੂੰ ਘੇਰਿਆ ਵੇਖ ਕੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਅਧਿਕਾਰੀ ਨੇ ਦਸਿਆ ਕਿ ਮੁਕਾਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਲਿਸ ਦੇ ਕਸ਼ਮੀਰ ਜ਼ੋਨ ਦੇ ਆਈ ਜੀ ਵਿਜੇ ਕੁਮਾਰ ਨੇ ਤਿੰਨ ਅਤਿਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਅਤਵਾਦੀ ਅਲ-ਬਦਰ ਨਾਲ ਸਬੰਧਤ ਸਨ।
ਜੰਮੂ, 12 ਦਸੰਬਰ (ਸਰਬਜੀਤ ਸਿੰਘ) : ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਪੱਤਣ ਦੇ ਸਿੰਘਪੋਰਾ ਖੇਤਰ ਦੇ ਮੁੱਖ ਬਾਜ਼ਾਰ ਵਿਚ ਅਤਿਵਾਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ ਵਿਚ ਹੰਦਵਾੜਾ ਦੀ ਇਕ ਔਰਤ ਸਣੇ ਛੇ ਨਾਗਰਿਕ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਪੱਟਨਟਰਾਮਾ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਐਸਐਮਐਚਐਸ ਹਸਪਤਾਲ ਭੇਜਿਆ ਗਿਆ। ਜ਼ਖ਼ਮੀ ਨਾਗਰਿਕਾਂ ਦੀ ਪਛਾਣ ਗੁਲਾਮ ਮੁਹੰਮਦ ਪਰੇ ਪੁੱਤਰ ਮੁਹੰਮਦ ਰਮਜ਼ਾਨ ਪਰੇ, ਗੁਲਜ਼ਾਰ ਅਹਿਮਦ ਖਾਨ ਪੁੱਤਰ ਗੁਲਾਮ ਮੋਹੀਉਦੀਨ, ਮਨਜੂਰ ਅਹਿਮਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ, ਆਸ਼ਿਕਡਾਰ ਪੁੱਤਰ ਜੁਬੇਰ ਅਹਿਮਦ ਡਾਰ ਪੁੱਤਰ ਆਸ਼ਿਕ ਡਾਰ ਸਾਰੇ ਸਿੰਘਪੁਰਾ ਦੇ ਵਸਨੀਕ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਤੋਂ ਇਲਾਵਾ ਤਬਸੁਮ ਪੁੱਤਰੀ ਅਬਦੁੱਲ ਰਹਿਮਾਨ ਨਿਵਾਸੀ ਡਾਡੀਪੋਰਾ ਹੰਦਵਾੜਾ ਅਤੇ ਫਰਮਾਨ ਅਲੀ ਨਿਵਾਸੀ ਉੱਤਰ ਪ੍ਰਦੇਸ਼ ਵੀ ਸ਼ਾਮਲ ਹਨ।