
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬ੍ਰਿਟਿਸ਼ ਸਿਟੀਜ਼ਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਜੀਤਾ ਮੌੜ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਬਿਮਲਕਾਂਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ ਕਪੂਰਥਲਾ ਵਿਚ ਕੀਤੀ ਗਈ।
ਗ੍ਰਿਫ਼ਤਾਰ ਮੁਲਜ਼ਮਾਂ ਵਿਚ ਇਕ ਪੁਲਿਸ ਕਾਂਸਟੇਬਲ ਵੀ ਸ਼ਾਮਲ ਹੈ। ਐਸਟੀਐਫ ਨੇ ਕੁੱਲ 12 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਿਸ ਵਿਚ ਕੁਝ ਮਸ਼ਹੂਰ ਚਾਰਟਰਡ ਅਕਾਊਂਟੈਂਟ (ਸੀ.ਏ.) ਜੋ ਨਸ਼ਿਆਂ ਦੀ ਵਿਕਰੀ ਤੋਂ ਖਰੀਦੀਆਂ ਜਾਇਦਾਦਾਂ ਨੂੰ ਐਡਜਸਟ ਕਰਨ ਵਿਚ ਲੱਗੇ ਹੋਏ ਸਨ, ਵੀ ਸ਼ਾਮਲ ਹੈ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਮੁਲਜ਼ਮਾਂ ਕੋਲੋਂ BMW ਅਤੇ AUDI ਵਰਗੀਆਂ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਐਸਟੀਐਫ ਨੇ ਮੁਲਜ਼ਮਾਂ ਕੋਲੋਂ ਕੁਝ ਹਥਿਆਰ ਅਤੇ 100 ਗ੍ਰਾਮ ਨਸ਼ਾ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਜੀਤਾ ਮੌੜ, ਸੇਵਾਮੁਕਤ ਡੀਐਸਪੀ ਵਿਮਲਕਾਂਤ ਅਤੇ ਐਸਐਚਓ ਮਨੀਸ਼ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਐਸਟੀਐਫ ਨੇ ਇਸ ਮਾਮਲੇ ਵਿਚ ਅਮਰੀਕਾ ਦੇ ਗੁਰਜੰਟ ਸਿੰਘ, ਕੈਨੇਡਾ ਦੇ ਦਵਿੰਦਰ ਸਿੰਘ ਉਰਫ਼ ਜਵਾਹਰ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਅਤੇ ਜੀਤਾ ਮੋੜ ਦੀ ਪਤਨੀ ਰਜਿੰਦਰ ਕੌਰ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 25, 27, 27ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।