111 ਦਿਨਾਂ 'ਚ ਵਿਕਾਸ ਦੀ ਹਨ੍ਹੇਰੀ ਲਿਆ ਦਿਤੀ, 5 ਸਾਲ ਹੋਰ ਦਿਉ ਪੰਜਾਬ ਦੀ ਨੁਹਾਰ ਬਦਲ ਦਿਆਂਗਾ: CM
Published : Feb 11, 2022, 8:57 am IST
Updated : Feb 11, 2022, 8:57 am IST
SHARE ARTICLE
CM Charanjit Singh Channi
CM Charanjit Singh Channi

ਕਿਹਾ-ਦਿੱਲੀ ਮਾਡਲ ਬਾਰੇ ਸੁਣ ਕੇ ਮੇਰਾ ਖ਼ੂਨ ਉਬਾਲੇ ਖਾਂਦੈ, ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਿਰਫ਼ ਭਰਮਾ ਸਕਦੈ

ਚੰਡੀਗੜ੍ਹ, 10 ਫ਼ਰਵਰੀ (ਨਿਮਰਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ‘ਦਰਬਾਰ ਏ ਸਿਆਸਤ’ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਕੋਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਵਲੋਂ ਚੁੱਕੇ ਜਾ ਰਹੇ ਮੁੱਦਿਆਂ ਸਬੰਧੀ ਸਵਾਲਾਂ ਦੇ ਜਵਾਬ ਅਤੇ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਰਣਨੀਤੀ ਜਾਣਨ ਦੀ ਕੋਸ਼ਿਸ਼ ਕੀਤੀ ਗਈ। ‘ਦਰਬਾਰ ਏ ਸਿਆਸਤ’ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਨੇ ਵੀ ਮੁੱਖ ਮੰਤਰੀ ਨੂੰ ਕਈ ਸਵਾਲ ਪਿੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਬਹੁਤ ਹਲੀਮੀ ਨਾਲ ਜਵਾਬ ਦਿਤੇ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁੱਝ ਵਿਸ਼ੇਸ਼ ਅੰਸ਼:
ਸਵਾਲ: ਜਦੋਂ ਤੋਂ ਤੁਸੀਂ ਮੁੱਖ ਮੰਤਰੀ ਬਣੇ ਹੋ ਤੁਹਾਨੂੰ ਕਈ ਨਾਮ ਦਿਤੇ ਗਏ, ਜਿਵੇਂ ਐਲਾਨਜੀਤ, ਰੇਤਾ ਚੋਰ ਆਦਿ। ਸਾਰੀ ਵਿਰੋਧੀ ਧਿਰ ਤੁਹਾਡੇ ’ਤੇ ਇਲਜ਼ਾਮ ਲਗਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਦਰਅਸਲ ਜਿਸ ਤਰ੍ਹਾਂ ਮੈਂ ਇਕ ਗ਼ਰੀਬ ਪ੍ਰਵਾਰ ’ਚੋਂ ਉੱਠ ਕੇ ਅੱਗੇ ਵਧ ਰਿਹਾ ਹਾਂ, ਇਹ ਕਈ ਲੋਕਾਂ ਤੋਂ ਸਹਿਣ ਨਹੀਂ ਹੋ ਰਿਹਾ। ਲੋਕਾਂ ਦਾ ਪਿਆਰ ਦੇਖ ਕੇ ਵਿਰੋਧੀ ਮੇਰੇ ਵਿਰੁਧ ਇਕੱਠੇ ਹੋ ਰਹੇ ਹਨ ਪਰ ਲੋਕ ਹਰ ਗੱਲ ਸਮਝ ਰਹੇ ਹਨ।

ਸਵਾਲ: ਤੁਹਾਡੇ ਰਿਸ਼ਤੇਦਾਰ ਦੇ ਘਰ ਈਡੀ ਦਾ ਛਾਪਾ ਪਿਆ, ਉਸ ਦਾ ਕਿਤੇ ਨਾ ਕਿਤੇ ਤੁਹਾਡੇ ਉਤੇ ਵੀ ਅਸਰ ਪੈ ਰਿਹਾ ਹੈ। ਇਸ ਨੂੰ ਕਿਵੇਂ ਸਹਿਣ ਕਰ ਰਹੇ ਹੋ?
ਜਵਾਬ: ਜਿਥੇ-ਜਿਥੇ ਵੀ ਚੋਣਾਂ ਹੁੰਦੀਆਂ ਹਨ, ਉਥੇ ਅਕਸਰ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਪਛਮੀ ਬੰਗਾਲ ਵਿਚ ਚੋਣਾਂ ਦੌਰਾਨ ਮਮਤਾ ਬੈਨਰਜੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿਚ ਵੀ ਅਜਿਹੀ ਕਾਰਵਾਈ ਹੋਈ। ਇਸ ਲਈ ਪੰਜਾਬ ਵਿਚ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ ਪਰ ਮੈਨੂੰ ਬਿਨਾਂ ਕਿਸੇ ਕਾਰਨ ਬਦਨਾਮ ਕੀਤਾ ਜਾ ਰਿਹਾ ਹੈ। 10 ਲੋਕਾਂ ਦੇ ਘਰ ਛਾਪੇਮਾਰੀ ਹੋਈ ਅਤੇ ਕੇਜਰੀਵਾਲ ਹੁਰੀਂ ਪੈਸਿਆਂ ਨਾਲ ਮੇਰੀ ਫ਼ੋਟੋ ਲਗਾ ਕੇ ਮੈਨੂੰ ਬੇਇਮਾਨ ਦਸ ਰਹੇ ਨੇ ਮੇਰੀ ਇਸ ਵਿਚ ਕੀ ਭੂਮਿਕਾ ਹੈ, ਮੈਨੂੰ ਬਿਨਾਂ ਮਤਲਬ ਤੋਂ ਵਿਚ ਲਿਆਂਦਾ ਜਾ ਰਹਾ ਹੈ, ਇਥੋਂ ਤਕ ਕਿ ਈਡੀ ਨੇ ਵੀ ਮੇਰਾ ਨਾਮ ਨਹੀਂ ਲਿਆ। ਸੋਸ਼ਲ ਮੀਡੀਆ ’ਤੇ ਵੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਸਵਾਲ: ਕੇਜਰੀਵਾਲ ਤਾਂ ਇਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਇਸ ਛਾਪੇਮਾਰੀ ਤੋਂ ਬਾਅਦ ਤੁਸੀਂ ਡਰ ਗਏ ਹੋ ਅਤੇ ਇਸ ਕਰ ਕੇ ਤੁਸੀਂ ਦੂਜੀ ਸੀਟ ਤੋਂ ਲੜ ਰਹੇ ਹੋ। ਇਸ ਬਾਰੇ ਕੀ ਕਹੋਗੇ?
ਜਵਾਬ: ਦੂਜੀ ਸੀਟ ਦਾ ਛਾਪੇ ਨਾਲ ਕੀ ਸਬੰਧ? ਕਦੀ ਉਹ ਕਹਿੰਦੇ ਨੇ ਕਿ ਤੁਸੀਂ ਡਰ ਗਏ ਹੋ ਤੇ ਕਦੀ ਕਹਿੰਦੇ ਨੇ ਕਿ ਤੁਸੀਂ ਹਾਰ ਰਹੇ ਹੋ। ਮੈਂ ਦਿੱਲੀ ਦੇ ਮੁੱਖ ਮੰਤਰੀ ਨੂੰ ਕਹਿੰਦਾ ਹਾਂ ਕਿ ਤੁਸੀਂ ਪੰਜਾਬ ਵਿਚ ਮੇਰੇ ਨਾਲ ਜਿਥੋਂ ਮਰਜ਼ੀ ਲੜ ਲਵੋ, ਪੰਜਾਬ ਤੁਹਾਡਾ ਲਗਦਾ ਕੀ ਹੈ? ਤੁਸੀਂ ਕਿਉਂ ਪੰਜਾਬ ਨੂੰ ਲੁੱਟਣ ਨੂੰ ਫਿਰਦੇ ਹੋ? ਅਸਲ ਵਿਚ ਦਿੱਲੀ ਸਰਕਾਰ ਦੀ, ਮਿਊਂਸਪਲ ਕਮੇਟੀ ਜਿੰਨੀ ਵੀ ਔਕਾਤ ਨਹੀਂ ਹੈ। ਇਸ ਲਈ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਇਕ ਸੂਬੇ ’ਤੇ ਰਾਜ ਹੋਵੇ। ਪੰਜਾਬ ਵਿਚ ਹਰ ਥਾਂ ਪੋਸਟਰ ਲਗਾ ਦਿਤੇ ਕਿ ‘ਇਕ ਮੌਕਾ ਕੇਜਰੀਵਾਲ ਨੂੰ’। ਜਦੋਂ ਕਿਸੇ ਨੇ ਨਹੀਂ ਸੁਣਿਆ ਤਾਂ ਅਖ਼ੀਰ ਵਿਚ ਕੁਰਬਾਨੀ ਦੇਣ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿਤਾ। ਤਿੰਨ ਚਾਰ ਮਹੀਨਿਆਂ ਵਿਚ ਦਿੱਲੀ ਦਾ 200-400 ਕਰੋੜ ਇਥੇ ਖ਼ਰਚ ਦਿਤਾ। ਕਲ ਨੂੰ ਜੇਕਰ ਇਹ ਪੰਜਾਬ ਉਤੇ ਕਬਜ਼ਾ ਕਰ ਲੈਂਦੇ ਹਨ ਤਾਂ ਪੰਜਾਬ ਤੋਂ ਲੁੱਟ ਕੇ ਕਿਤੇ ਹੋਰ ਲੈ ਜਾਣਗੇ। ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ।
ਪਿਛਲੀ ਵਾਰ ਵੀ ਇਨ੍ਹਾਂ ਨੇ ਬਹੁਤ ਰੌਲਾ ਪਾਇਆ। ਥਾਂ-ਥਾਂ ਪੋਸਟਰ ਲਗਾ ਦਿਤੇ ਕਿ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲ ਰਹੀਆਂ ਨੇ ਪਰ ਇਨ੍ਹਾਂ ਨੂੰ ਸਿਰਫ਼ 20 ਸੀਟਾਂ ਮਿਲੀਆਂ, ਜਿਨ੍ਹਾਂ ਵਿਚੋਂ 10 ਜਣੇ ਛੱਡ ਕੇ ਚਲੇ ਗਏ। ਚਾਰ ਸੰਸਦ ਮੈਂਬਰ ਜਿੱਤੇ, 3 ਛੱਡ ਕੇ ਚਲੇ ਗਏ, ਸਿਰਫ਼ ਭਗਵੰਤ ਮਾਨ ਰਹਿ ਗਿਆ। ਜਦੋਂ ਤੁਹਾਨੂੰ ਐਨੇ ਲੋਕ ਛੱਡ ਕੇ ਚਲੇ ਗਏ ਤਾਂ ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਵਿਚ ਕੀ ਕਮੀ ਹੈ? ਇਨ੍ਹਾਂ ਨੂੰ ਅਪਣਾ ਮੁਲਾਂਕਣ ਕਰਨਾ ਚਾਹੀਦਾ ਹੈ।
ਰਾਘਵ ਚੱਢਾ ਪਹਿਲਾਂ ਦਿੱਲੀ ਵਿਚ ਪੰਜਾਬੀਆਂ ਨੂੰ ਬਦਨਾਮ ਕਰੀ ਗਏ ਅਤੇ ਹੁਣ ਪੰਜਾਬ ਵਿਚ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਗੱਲ ਵਿਚ ਇਹ ਕਿਸਾਨਾਂ ਵਿਰੁਧ ਬੋਲਦੇ ਹਨ ਤੇ ਹੁਣ ਕਹਿੰਦੇ ਨੇ ਕਿ ਕਿਸਾਨ ਚੋਣ ਨਹੀਂ ਲੜ ਸਕਦੇ। ਲੋਕਤੰਤਰ ਨੇ ਸਾਨੂੰ ਅਧਿਕਾਰ ਦਿਤਾ ਹੈ, ਕੋਈ ਵੀ ਚੋਣ ਲੜ ਸਕਦਾ ਹੈ। ਅਸੀਂ ਪੰਜਾਬੀ ਅਪਣੇ ਵਿਚੋਂ ਹੀ ਅਪਣੇ ਨੇਤਾ ਦੀ ਚੋਣ ਕਰਾਂਗੇ।

CM Charanjit Singh Channi CM Charanjit Singh Channi

ਸਵਾਲ: ਹੁਣ ਤਾਂ ਭਗਵੰਤ ਮਾਨ ਅੱਗੇ ਆ ਰਹੇ ਨੇ, ਉਹ ਪੰਜਾਬੀ ਚਿਹਰਾ ਹੈ?

ਜਵਾਬ: ਇਹ ਤਾਂ ਮਜਬੂਰੀ ਨੂੰ ਰਖਿਆ ਹੈ, ਇਸ ਦੇ ਬਾਵਜੂਦ ਭਗਵੰਤ ਮਾਨ ਕੋਲ ਕੋਈ ਤਾਕਤ ਨਹੀਂ। ਉਨ੍ਹਾਂ ਨੂੰ ਰਿਮੋਟ ਰਾਹੀਂ ਹੀ ਚਲਾਇਆ ਜਾਵੇਗਾ, ਇਹ ਵੀ ਅਜੇ ਪੱਕਾ ਨਹੀਂ ਕਿ ਬਾਅਦ ਵਿਚ ਉਨ੍ਹਾਂ ਨੂੰ ਰਖਿਆ ਜਾਵੇਗਾ ਜਾਂ ਨਹੀਂ। ਨਾ ਹੀ ਉਨ੍ਹਾਂ ਵਿਚ ਉਹ ਕਾਬਲੀਅਤ ਹੈ, ਜੋ ਇਕ ਮੁੱਖ ਮੰਤਰੀ ਵਿਚ ਹੁੰਦੀ ਹੈ। ਇਹ (ਆਮ ਆਦਮੀ ਪਾਰਟੀ) ਤਾਂ ਫੇਲ੍ਹ ਹੋ ਚੁਕਿਆ ਪ੍ਰਵਾਰ ਹੈ।

ਸਵਾਲ: ਲੋਕ ਇਸ ਵਾਰ ਇਹੀ ਕਹਿ ਰਹੇ ਹਨ ਕਿ ਸ਼ਾਇਦ ‘ਆਪ’ ਦੀ ਸਰਕਾਰ ਬਣ ਜਾਵੇ?
ਜਵਾਬ: ਪਿਛਲੀ ਵਾਰੀ ਇਸ ਨਾਲੋਂ ਜ਼ਿਆਦਾ ਕਹਿੰਦੇ ਸੀ। ਐਨਆਰਆਈਜ਼ ਵਲੋਂ ਹਜ਼ਾਰਾਂ ਟੈਲੀਫ਼ੋਨ ਆ ਰਹੇ ਸੀ। ਇਸ ਵਾਰ ਕਿਸੇ ਇਕ ਪ੍ਰਵਾਰ ਨੂੰ ਵੀ ਐਨਆਰਆਈ ਦਾ ਫ਼ੋਨ ਨਹੀਂ ਆਇਆ। ਐਨਆਰਆਈਜ਼ ਬਹੁਤ ਸਿਆਣੇ ਹਨ, ਉਨ੍ਹਾਂ ਨੇ ਦੇਖ ਲਿਆ ਕਿ ਇਹ ਧੋਖਾਧੜੀ ਹੈ। ਇਸ ਵਾਰ ਉਹ ਰੁਝਾਨ ਨਹੀਂ ਹੈ, ਨਾ ਹੀ ਇਸ ਵਾਰ ਨੌਜਵਾਨ ਇਨ੍ਹਾਂ ਨਾਲ ਤੁਰ ਰਹੇ ਨੇ। ਪਿਛਲੀ ਵਾਰ ਨੌਜਵਾਨ ਇਨ੍ਹਾਂ ਨਾਲ ਖੜੇ ਸੀ।

ਸਵਾਲ: ਲੋਕ ਕਹਿੰਦੇ ਨੇ ਕਿ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਉਹ ਕਹਿੰਦੇ ਨੇ ਕਿ ਭਗਵੰਤ ਮਾਨ ਇਮਾਨਦਾਰ ਹਨ।ਜਵਾਬ: ਲੋਕ ਕਹਿ ਰਹੇ ਨੇ ਕਿ ਰਵਾਇਤੀ ਪਾਰਟੀਆਂ ਨੂੰ ਮੌਕਾ ਨਹੀਂ ਦੇਣਾ ਪਰ ਮੈਂ ਕਹਿੰਦਾ ਹਾਂ ਕਿ ਤੁਸੀਂ ਕੈਪਟਨ ਵੀ ਦੇਖ ਲਿਆ, ਬਾਦਲ ਵੀ ਦੇਖ ਲਏ ਪਰ ਮੈਨੂੰ ਤਾਂ ਤਿੰਨ ਮਹੀਨੇ (111 ਦਿਨ) ਹੀ ਦੇਖਿਆ। ਮੈਨੂੰ ਪੂਰਾ ਮੌਕਾ ਦੇ ਕੇ ਦੇਖੋ, ਗੱਲ ਕਿਥੇ ਤਕ ਜਾਂਦੀ ਹੈ। ਜੇਕਰ ਤਿੰਨ ਮਹੀਨੇ ਵਿਚ ਤੁਹਾਨੂੰ ਸਰਕਾਰ ਦੇ ਕੰਮ ਦਾ ਸਵਾਦ ਆਇਆ ਹੈ, ਜੇ ਤਿੰਨ ਮਹੀਨੇ ਵਿਚ ਹਰ ਪ੍ਰਵਾਰ ਨੂੰ ਫ਼ਾਇਦਾ ਹੋਇਆ ਹੈ ਤਾਂ ਤੁਸੀਂ ਮੈਨੂੰ ਦੇਖੋ ਜਿਸ ਦਿਨ ਸਾਡੀ ਸਰਕਾਰ ਨੂੰ ਪੂਰਾ ਮੌਕਾ ਮਿਲਿਆ ਤਾਂ ਪੰਜਾਬ ਦੀ ਨੁਹਾਰ ਬਦਲ ਦੇਵਾਂਗੇ। ਪੰਜਾਬ ਵਿਚ ਇਕ ਨਵੀਂ ਸੋਚ ਲੈ ਕੇ ਆਵਾਂਗੇ।

ਸਵਾਲ: ਤੁਹਾਡੇ ਸਾਹਮਣੇ ਇਕ ਚੁਣੌਤੀ ਇਹ ਵੀ ਹੈ ਕਿ ਵਿਰੋਧੀ ਪਾਰਟੀਆਂ ਤੋਂ ਇਲਾਵਾ ਤੁਸੀਂ ਅਪਣੀ ਪਾਰਟੀ ਦੇ ਸਾਢੇ 4 ਸਾਲਾਂ ਦਾ ਕੰਮ ਛੱਡ ਕੇ ਸਿਰਫ਼ 111 ਦਿਨ ਦਾ ਕੰਮ ਦਸਣਾ ਹੈ। ਇਨ੍ਹਾਂ 111 ਦਿਨਾਂ ਵਿਚ ਤੁਸੀਂ ਅਪਣੇ ਵਲੋਂ ਕਿਤੇ ਕਿਸ ਕੰਮ ਨੂੰ ਸੱਭ ਤੋਂ ਵਧੀਆ ਮੰਨਦੇ ਹੋ?
ਜਵਾਬ: ਪੈਸਾ ਲੋਕਾਂ ਦਾ ਹੈ ਅਤੇ ਇਹ ਪੈਸਾ ਲੋਕਾਂ ਕੋਲ ਹੀ ਜਾਣਾ ਚਾਹੀਦਾ ਹੈ। ਸੱਭ ਤੋਂ ਪਹਿਲਾਂ ਮੈਂ ਪ੍ਰਬੰਧਕੀ ਹੁਨਰ ਦੀ ਗੱਲ ਦਸਦਾ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਇਹੀ ਵਿੱਤ ਮੰਤਰੀ ਮੈਨੂੰ ਕਹਿੰਦਾ ਸੀ ਕਿ ਖ਼ਜ਼ਾਨਾ ਖ਼ਾਲੀ ਹੈ ਪਰ ਇਸ ਨੇ ਚੰਨੀ ਕੋਲੋਂ ਲੋਕਾਂ ਲਈ 33 ਹਜ਼ਾਰ ਕਰੋੜ ਰੁਪਏ ਲਗਵਾ ਦਿਤਾ। ਇਸ ਦਾ ਮਤਲਬ ਸਾਡੇ ਕੋਲ ਹੁਨਰ ਹੈ। ਅਸੀਂ ਤਿੰਨ ਮਹੀਨੇ ਵਿਚ ਲੋਕਾਂ ਨੂੰ 33 ਹਜ਼ਾਰ ਕਰੋੜ ਰੁਪਏ ਦੇ ਸਕਦੇ ਹਾਂ। ਅਸੀਂ ਕੋਈ ਕਰਜ਼ਾ ਨਹੀਂ ਲਿਆ, ਉਹੀ ਖ਼ਜ਼ਾਨਾ ਹੈ, ਉਹ ਅਫ਼ਸਰ ਹਨ। ਇਹੀ ਅਫ਼ਸਰ ਮੇਰੇ ਨਾਲ ਤਿੰਨ ਸ਼ਿਫਟਾਂ ਵਿਚ ਕੰਮ ਕਰਦੇ ਸੀ ਤੇ ਜਦੋਂ ਕੈਪਟਨ ਸੀ ਤਾਂ ਉਹ ਵੀ ਸੁੱਤੇ ਰਹਿੰਦੇ ਸੀ ਤੇ ਇਹ ਅਫ਼ਸਰ ਵੀ ਸੁੱਤੇ ਰਹਿੰਦੇ ਸੀ।
ਕੈਪਟਨ ਸਾਹਬ ਦੀ ਦੁਕਾਨ ਹੀ 2 ਵਜੇ ਖੁਲ੍ਹਦੀ ਸੀ ਅਤੇ 4 ਵਜੇ ਉਨ੍ਹਾਂ ਦੀ ਪਾਰਟੀ ਸ਼ੁਰੂ ਹੋ ਜਾਂਦੀ ਸੀ। ਉਸ ਤੋਂ ਬਾਅਦ ਉਹ ਮਿਲਦੇ ਹੀ ਨਹੀਂ ਸੀ। ਉਧਰ ਭਗਵੰਤ ਮਾਨ ਦੀ ਦੁਕਾਨ 6 ਵਜੇ ਹੀ ਬੰਦ ਹੋ ਜਾਂਦੀ ਹੈ ਕਿਉਂਕਿ ਇਨ੍ਹਾਂ ਦੀ ਪਾਰਟੀ ਛੇ ਵਜੇ ਸ਼ੁਰੂ ਹੋ ਜਾਂਦੀ ਹੈ। ਇਹ ਲੋਕ ਪੰਜਾਬ ਦੀ ਕਿਸਮਤ ਨੂੰ ਕਿਧਰ ਲੈ ਕੇ ਜਾਣਗੇ?

CM Charanjit Singh Channi CM Charanjit Singh Channi

 

ਸਵਾਲ: ਭਗਵੰਤ ਮਾਨ ਨੇ ਕਿਹਾ ਕਿ ਚਲੋ ਮੈਂ ਸ਼ਰਾਬ ਪੀਂਦਾ ਹਾਂ ਪਰ ਮੈਂ ਲੋਕਾਂ ਦਾ ਖ਼ੂਨ ਨਹੀਂ ਪੀਂਦਾ।
ਜਵਾਬ: ਕਦੀ ਤਾਂ ਇਹ ਕਹਿੰਦੇ ਨੇ ਕਿ ਮੈਂ ਪੰਜਾਬ ਲਈ ਅਪਣੇ ਪ੍ਰਵਾਰ ਦੀ ਕੁਰਬਾਨੀ ਦੇ ਰਿਹਾ ਹਾਂ। ਗੁਰੂ ਸਾਹਬ ਨੇ ਵੀ ਕਿਹਾ ਕਿ ਗ੍ਰਹਿਸਤੀ ਜੀਵਨ ਵਿਚ ਰਹੋ। ਅਪਣੀ ਗ੍ਰਹਿਸਤ ਨੂੰ ਤਾਂ ਤੁਸੀਂ ਸੰਭਾਲ ਨਹੀਂ ਸਕੇ। ਕੁੜੀ ਦਾ ਵਿਆਹ ਹੋ ਰਿਹੈ, ਤੁਹਾਨੂੰ ਕਿਸੇ ਨੇ ਬੁਲਾਇਆ ਤਕ ਨਹੀਂ। ਤੁਹਾਡੇ ਪ੍ਰਵਾਰ ਦਾ ਕੀ ਕਸੂਰ ਸੀ? ਕੇਜਰੀਵਾਲ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਲਈ ਸ਼ਰਾਬ ਛੱਡ ਦਿਤੀ। ਜੇਕਰ ਵਿਅਕਤੀ ਮਾਂ ਦੀ ਕਸਮ ਖਾ ਕੇ ਸ਼ਰਾਬ ਪੀਣ ਲੱਗ ਜਾਵੇ ਤਾਂ ਲਾਹਨਤ ਹੈ ਅਜਿਹੇ ਬੰਦੇ ’ਤੇ। ਜਿਹੜੇ ਮਾਂ ਦੀ ਸਹੁੰ ਖਾ ਕੇ ਸ਼ਰਾਬ ਨਹੀਂ ਛੱਡ ਸਕਦੇ, ਉਹ ਪੰਜਾਬ ਨੂੰ ਕਿਵੇਂ ਸਾਂਭਣਗੇ? ਸਿਆਸਤਦਾਨਾਂ ਲਈ ਦੋ ਪਵਿੱਤਰ ਸਥਾਨ ਹੁੰਦੇ ਹਨ, ਇਕ ਸੰਸਦ ਜਾਂ ਵਿਧਾਨ ਸਭਾ ਅਤੇ ਦੂਜਾ ਸਾਰੇ ਧਾਰਮਕ ਅਸਥਾਨ। ਇਨ੍ਹਾਂ ਨੇ ਦੋਹਾਂ ਦੀ ਕਦਰ ਨਹੀਂ ਪਾਈ। ਸੰਸਦ ਵਿਚ ਇਨ੍ਹਾਂ ਨਾਲ ਬੈਠੇ ਐਮਪੀ ਨੇ ਸਪੀਕਰ ਨੂੰ ਲਿਖ ਕੇ ਸ਼ਿਕਾਇਤ ਕੀਤੀ ਕਿ ਮੇਰੀ ਇਨ੍ਹਾਂ ਕੋਲੋਂ ਸੀਟ ਹਟਾਈ ਜਾਵੇ। ਸਟੇਜ ਚਲਾਉਣ ਵਿਚ ਅਤੇ ਸਟੇਟ ਚਲਾਉਣ ਵਿਚ ਬਹੁਤ ਫ਼ਰਕ ਹੈ। ਕਈ ਕਲਾਕਾਰ ਹੁੰਦੇ ਨੇ ਜੋ ਬਿਨਾਂ ਸ਼ਰਾਬ ਤੋਂ ਸਟੇਜ ਉੱਤੇ ਨਹੀਂ ਚੜ੍ਹ ਸਕਦੇ ਅਤੇ ਕਈ ਕਲਾਕਾਰ ਪਵਿੱਤਰਤਾ ਨਾਲ ਸਟੇਜ ਚਲਾਉਂਦੇ ਹਨ। ਪੰਜਾਬ ਦੇ ਇਸ ਨੁਕਸਾਨ ਦੀ ਬਾਅਦ ਵਿਚ ਭਰਪਾਈ ਨਹੀਂ ਹੋਵੇਗੀ।
ਇਨ੍ਹਾਂ ਨੇ ਪੰਜਾਬ ਲਈ ਕੀਤਾ ਕੀ ਹੈ। 15 ਸਾਲ ਇਨ੍ਹਾਂ ਨੂੰ ਸੰਸਦ ਮੈਂਬਰ ਬਣਦਿਆਂ ਨੂੰ ਹੋ ਗਏ, ਇਨ੍ਹਾਂ ਨੇ ਅਪਣੇ ਹਲਕੇ ਵਿਚ ਕਿਹੜਾ ਕੰਮ ਕੀਤਾ ਹੈ? ਮੈਂ ਵਿਰੋਧੀ ਧਿਰ ਵਿਚ ਰਹਿ ਕੇ ਵੀ ਅਪਣੇ ਹਲਕੇ ਦਾ ਹਸਪਤਾਲ ਅਪਗ੍ਰੇਡ ਕੀਤਾ, ਹਲਕੇ ਦੇ ਵਿਦਿਅਕ ਅਦਾਰੇ ਅਪਗ੍ਰੇਡ ਕਰਵਾਏ ਅਤੇ ਕਾਫ਼ੀ ਵਿਕਾਸ ਕਰਵਾਇਆ। ਸੋਚ ਬਹੁਤ ਜ਼ਰੂਰੀ ਹੈ, ਪੜ੍ਹਾਈ ਬਹੁਤ ਜ਼ਰੂਰੀ ਹੈ ਅਤੇ ਲਿਆਕਤ ਬਹੁਤ ਜ਼ਰੂਰੀ ਹੈ, ਅਸੀਂ ਸਾਬਤ ਕੀਤਾ ਹੈ। ਨਹੀਂ ਤਾਂ ਆਖ਼ਰੀ ਤਿੰਨ ਮਹੀਨਿਆਂ ਵਿਚ ਅਫ਼ਸਰ ਕੰਮ ਹੀ ਨਹੀਂ ਕਰਦੇ।

ਸਵਾਲ: ਤੁਹਾਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਕੀ ਤੁਸੀਂ ਸਾਰੀ ਉਮਰ ਪੜ੍ਹਾਈ ਜਾਰੀ ਰੱਖੋਗੇ?
ਜਵਾਬ: ਗਿਆਨ ਜਿੰਨਾ ਮਿਲ ਜਾਵੇ ਚੰਗਾ ਹੁੰਦਾ ਹੈ। ਅਪਣੇ ਆਪ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਜੋ ਵੀ ਚੰਗਾ ਸਿੱਖਣ ਨੂੰ ਮਿਲੇ ਉਸ ਨੂੰ ਸਿੱਖਣਾ ਚਾਹੀਦਾ ਹੈ। ਮੈਂ ਬੀਏ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਉਸ ਤੋਂ ਬਾਅਦ ਮੈਂ ਲਾਅ ਕੀਤੀ, ਜਦੋਂ ਪਹਿਲੀ ਵਾਰ ਐਮਐਲਏ ਬਣਿਆ ਤਾਂ ਮੈਂ ਐਮਬੀਏ ਕੀਤੀ। ਦੂਜੀ ਵਾਰ ਐਮਐਲਏ ਬਣਿਆ ਤਾਂ ਐਮਏ ਕੀਤੀ ਤੇ ਹੁਣ ਪੀਐਚਡੀ ਕਰ ਰਿਹਾ ਹਾਂ। ਮੈਂ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦਿੰਦਾ ਹਾਂ ਕਿ ਅਪਣੇ ਆਪ ਨੂੰ ਤਕੜੇ ਕਰਦੇ ਰਹੋ।

ਸਵਾਲ: ਬਹੁਤ ਅਫ਼ਸੋਸਜਨਕ ਹੈ ਕਿ ਅੱਜ ਪੰਜਾਬ ਵਿਚ ਮਾਫ਼ੀਆ ਰਾਜ ਦਾ ਨਾਂਅ ਜੁੜ ਗਿਆ ਹੈ। ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ, ਰੇਤ ਮਾਫ਼ੀਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਕਿਹੜੇ ਐਮਐਲਏ ਰੇਤ ਮਾਫ਼ੀਆ ਨਾਲ ਸਬੰਧਤ ਹਨ। ਮੈਂ ਕੱੁਝ ਕੀਤਾ ਨਹੀਂ ਪਰ ਸੋਨੀਆ ਗਾਂਧੀ ਨੂੰ ਜ਼ਰੂਰ ਦਸਿਆ ਸੀ। ਤੁਹਾਡੇ ਅਨੁਸਾਰ ਪੰਜਾਬ ਵਿਚੋਂ ਮਾਫ਼ੀਆ ਕਢਿਆ ਜਾ ਸਕਦਾ ਹੈ?
ਜਵਾਬ: ਜੇਕਰ ਕੈਪਟਨ ਨੇ ਅਜਿਹਾ ਨਹੀਂ ਕੀਤਾ ਤਾਂ ਇਸ ਦਾ ਮਤਲਬ ਉਹ ਕਮਜ਼ੋਰ ਮੁੱਖ ਮੰਤਰੀ ਸੀ। ਮੈਂ ਰੇਤ ਮਾਫ਼ੀਆ ਨੂੰ ਨੱਥ ਪਾਈ ਹੈ। ਮੈਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਸਾਢੇ ਪੰਜ ਰੁਪਏ ਰੇਤਾ ਨਹੀਂ ਕਰ ਸਕਦੇ ਪਰ ਮੈਂ ਕੀਤਾ ਅਤੇ ਇਹ ਵੀ ਕਿਹਾ ਕਿ ਜੇਕਰ ਕਿਤੇ 6 ਰੁਪਏ ਵਿਚ ਵੀ ਰੇਤਾ ਮਿਲ ਰਿਹੈ ਤਾਂ ਮੈਨੂੰ ਵੀਡੀਉ ਭੇਜੋ। ਉਸ ਵਿਅਕਤੀ ਨੂੰ 25 ਹਜ਼ਾਰ ਇਨਾਮ ਦਿਤਾ ਜਾਵੇਗਾ ਅਤੇ ਦੋਸ਼ੀ ਨੂੰ ਅੰਦਰ ਕਰਾਂਗਾ। ਅੱਜ ਤਕ ਕੋਈ ਵੀਡੀਓ ਨਹੀਂ ਆਈ। ਜੇਕਰ ਹਰ ਰੋਜ਼ ਤੁਸੀਂ ਕੋਈ ਝੂਠ ਬੋਲੀ ਜਾਊ ਤਾਂ ਲੋਕਾਂ ਨੂੰ ਉਹ ਸੱਚ ਲੱਗਣ ਲੱਗ ਜਾਂਦਾ ਹੈ। ਇਹ ਲੋਕ ਵੀ ਮੈਨੂੰ ਝੂਠਾ ਸਾਬਤ ਕਰਨ ਲਈ ਕੁੱਝ ਨਾ ਕੱੁਝ ਕਰਦੇ ਰਹਿੰਦੇ ਹਨ। ਕੇਜਰੀਵਾਲ ਚੋਣਾਂ ਵੇਲੇ ਹਰ ਕਿਸੇ ’ਤੇ ਵੱਡਾ ਹਮਲਾ ਕਰਦੇ ਹਨ ਅਤੇ ਬਾਅਦ ਵਿਚ ਮੁਆਫ਼ੀ ਮੰਗ ਕੇ ਭੱਜਦੇ ਹਨ। ਇਨ੍ਹਾਂ ਨੇ ਜੇਤਲੀ ਸਾਹਬ ਤੋਂ ਮੁਆਫ਼ੀ ਮੰਗੀ, ਭਾਜਪਾ ਦੇ ਮੰਤਰੀ ਤੋਂ ਮੁਆਫ਼ੀ ਮੰਗੀ, ਮਜੀਠਆ ਤੋਂ ਮੰਗੀ। ਪਹਿਲਾਂ ਤਾਂ ਕਹਿੰਦੇ ਸੀ ਕਿ ਮਜੀਠੀਆ ਬਹੁਤ ਨਸ਼ੇ ਵੇਚਦਾ, ਪੂਰੀ ਪਾਰਟੀ ਨੇ ਮਜੀਠੀਆ ਤੋਂ ਮੁਆਫ਼ੀ ਮੰਗੀ। ਅਸੀਂ ਤਾਂ ਪਰਚਾ ਵੀ ਦਰਜ ਕਰ ਦਿਤਾ, ਸੁਪਰੀਮ ਕੋਰਟ ਤਕ ਵੀ ਜ਼ਮਾਨਤ ਨਹੀਂ ਹੋਈ।

ਸਵਾਲ: ਜੇਕਰ ਅਕਾਲੀ ਦਲ ਜਿੱਤ ਜਾਂਦਾ ਹੈ ਤਾਂ ਸੁਖਬੀਰ ਬਾਦਲ ਇਕ ‘ਲਾਲ ਡਾਇਰੀ’ ਬਣਾ ਰਹੇ ਹਨ ਜਿਸ ਵਿਚ ਕਈ ਮੰਤਰੀਆਂ ਦੇ ਨਾਮ ਹਨ। ਤੁਸੀਂ ਕਦੀ ਮੁਆਫ਼ੀ ਮੰਗਣ ਨੂੰ ਮਜਬੂਰ ਹੋ ਸਕਦੇ ਹੋ?
ਜਵਾਬ: ‘ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ।’ ਸੁਖਬੀਰ ਬਾਦਲ ਪੰਜਾਬ ਬਾਰੇ ਕੀ ਬੋਲ ਸਕਦੇ ਨੇ। ਸੁਖਬੀਰ ਬਾਦਲ ਤੇ ਮਜੀਠੀਆ ਰੇਤ ਮਾਫ਼ੀਆ, ਨਸ਼ੇ ਅਤੇ ਭਿ੍ਰਸ਼ਟਾਚਾਰ ਦੇ ਸਰਗਨਾ ਹਨ। ਸਾਰਾ ਪੰਜਾਬ ਲੁੱਟ ਕੇ ਇਨ੍ਹਾਂ ਨੇ ਅਪਣੀ ਜਾਇਦਾਦ ਬਣਾਈ। ਬਸਾਂ ਇਨ੍ਹਾਂ ਨੇ ਬਣਾਈਆਂ। 800 ਬਸਾਂ ਕਿਹੜੇ ਗ਼ਰੀਬ ਦੀਆਂ ਚਲਦੀਆਂ ਹਨ? ਜੇਕਰ ਸਾਨੂੰ ਮੌਕਾ ਮਿਲਿਆ ਤਾਂ ਕੋਈ ਮਾਫ਼ੀਆ ਨਹੀਂ ਰਹਿਣਾ। ਤਿੰਨ ਮਹੀਨੇ ਮਿਲੇ ਸੀ, ਤਿੰਨ ਮਹੀਨੇ ਵਿਚ ਨਾ ਸੁੱਤੇ ਹਾਂ ਤੇ ਨਾ ਕਿਸੇ ਨੂੰ ਸੌਣ ਦਿਤਾ।

ਸਵਾਲ: ਤੁਸੀਂ ਜਿਹੜੇ ਕੇਸ ਚਲਾਏ ਚਾਹੇ ਬਸਾਂ ਦਾ ਹੋਵੇ ਜਾਂ ਮਜੀਠੀਆ ਵਿਰੁਧ ਨਸ਼ੇ ਦਾ ਕੇਸ ਹੋਵੇ। ਦੋਹਾਂ ਮਾਮਲਿਆਂ ਵਿਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਰੋਕ ਲਗਾ ਦਿਤੀ ਹੈ।
ਜਵਾਬ: ਸੁਪਰੀਮ ਕੋਰਟ ਨੇ ਸਿਰਫ਼ ਇੰਨਾ ਕਿਹਾ ਕਿ ਚੋਣ ਲੜ ਲਉ, ਉਸ ਤੋਂ ਬਾਅਦ ਸਰੰਡਰ ਕਰਨਾ ਹੋਵੇਗਾ। ਇਹ ਕੇਸ ਤਾਂ ਪੱਕੇ ਤੌਰ ’ਤੇ ਬੰਨਿ੍ਹਆ ਗਿਆ। ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ ਕਿ ਇਹ ਰਲੇ ਹੋਏ ਹਨ ਤੇ ਇਨ੍ਹਾਂ ਨੇ ਝੂਠਾ ਕੇਸ ਕੀਤਾ। ਹੁਣ ਜਦੋਂ ਕੇਸ ਤਕੜਾ ਹੋ ਗਿਆ ਤਾਂ ਡਰੀ ਜਾਂਦੇ ਨੇ ਕਿ ਇਹ ਕੀ ਹੋ ਗਿਆ। ਜਿਹੜੇ ਕੇਸ ਵਿਚ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਨਹੀਂ ਮਿਲੀ, ਹਾਈ ਕੋਰਟ ਵਿਚ ਜ਼ਮਾਨਤ ਨਹੀਂ ਮਿਲੀ, ਸੁਪਰੀਮ ਕੋਰਟ ਵਿਚ ਜ਼ਮਾਨਤ ਨਹੀਂ ਮਿਲੀ, ਉਸ ਕੇਸ ਦੀ ਡੂੰਘਾਈ ਦੇਖੋ ਕਿੰਨੀ ਹੋਵੇਗੀ।

Nimrat KaurNimrat Kaur

ਸਵਾਲ: ਜਦੋਂ ਤੁਸੀਂ ਤਕਨੀਕੀ ਸਿਖਿਆ ਮੰਤਰੀ ਸੀ ਤਾਂ ਤੁਸੀਂ ਕਈ ਹੁਨਰ ਵਿਕਾਸ ਕੇਂਦਰ ਚਲਾਏ, ਤੁਸੀਂ ਰੁਜ਼ਗਾਰ ਮੇਲੇ ਲਗਾਏ। ਸਾਡੀ ਪਹਿਲਾਂ ਵੀ ਗੱਲ ਹੋਈ ਸੀ ਕਿ ਪੰਜਾਬ ਦੇ ਨੌਜਵਾਨ ਬਾਕੀ ਦੇਸ਼ਾਂ ਵਰਗੇ ਨਹੀਂ। ਪੰਜਾਬ ਦੇ ਨੌਜਵਾਨ ਜਾਂ ਤਾਂ ਸਰਕਾਰੀ ਨੌਕਰੀ ਮੰਗਦੇ ਹਨ ਜਾਂ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ। ਨੌਜਵਾਨਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਤੁਸੀਂ ਕੀ ਯੋਜਨਾ ਬਣਾਈ ਹੈ?
ਜਵਾਬ: ਪਰਵਾਸ ਕਰਨਾ ਪੰਜਾਬੀਆਂ ਦੀ ਆਦਤ ਹੈ। ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਬੱਚੇ ਬਾਹਰ ਜਾਣਾ ਬੰਦ ਕਰ ਦੇਣ ਤਾਂ ਇਹ ਗ਼ਲਤ ਹੈ। ਕਈ ਲੋਕ ਭਾਵੁਕ ਹੋ ਕਿ ਕਹਿ ਦਿੰਦੇ ਹਨ ਕਿ ਪੰਜਾਬ ਵਿਚ ਨੌਕਰੀ ਨਾ ਹੋਣ ਕਾਰਨ ਸਾਡਾ ਬੱਚਾ ਬਾਹਰ ਜਾ ਰਿਹੈ। ਪੰਜਾਬੀ ਅੱਜ ਦੇ ਪਰਵਾਸੀ ਨਹੀਂ, ਮੇਰੇ ਪਿਤਾ 1950 ਵਿਚ ਮਲੇਸ਼ੀਆ ਗਏ ਸੀ। ਉੱਥੇ ਜਾ ਕੇ ਉਨ੍ਹਾਂ ਨੇ ਇਕ ਸਿਨੇਮਾ ਵਿਚ ਚੌਂਕੀਦਾਰੀ ਦੀ ਨੌਕਰੀ ਕੀਤੀ ਸੀ, ਕਈ ਸਾਲ ਉੱਥੇ ਰਹੇ। ਪਰਵਾਸ ਕੋਈ ਮਾੜੀ ਗੱਲ ਨਹੀਂ ਪਰ ਇਥੇ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਹੈ। ਲੋਕ ਸਿਸਟਮ ਤੋਂ ਤੰਗ ਹਨ। ਪੁਲਿਸ ਵਾਲੇ ਚੌਕ ਵਿਚ ਰੋਕ ਲੈਂਦੇ ਨੇ ਲੋਕ ਇਸ ਤੋਂ ਤੰਗ ਹਨ। ਮੈਂ ਇਕ ‘ਗਰੰਟੀ ਸਕੀਮ’ ਲੈ ਕੇ ਆਇਆ ਹਾਂ, ਇਹ ਮੇਰੇ ਵਲੋਂ ਜਾਂ ਪਾਰਟੀ ਵਲੋਂ ਨਹੀਂ ਸਗੋਂ ਸਰਕਾਰ ਵਲੋਂ ਹੈ। ਕੈਬਨਿਟ ਵਿਚ ਗਰੰਟੀ ਦਿਤੀ ਗਈ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਜਾਣਗੀਆਂ। ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਦੀ ਗਰੰਟੀ ਦਿਤੀ ਹੈ। ਜੋ ਵਿਦੇਸ਼ ਜਾਣਾ ਚਾਹੁੰਦਾ ਹੈ, ਉਸ ਨੂੰ ਵਿਆਜ ਮੁਕਤ ਕਰਜ਼ ਦਿਤਾ ਜਾਵੇਗਾ। ਅਪਣਾ ਕੰਮ ਕਰਨ ਦੇ ਚਾਹਵਾਨਾਂ ਨੂੰ ਵੀ ਵਿਆਜ ਮੁਕਤ ਕਰਜ਼ ਦਿਤਾ ਜਾਵੇਗਾ।

ਸਵਾਲ: ਉਦਯੋਗ ਨੂੰ ਬੱਦੀ ਵਿਚ ਮਿਲੀ ਟੈਕਸ ਛੋਟ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ। ਤੁਹਾਨੂੰ ਲਗਦਾ ਹੈ ਕਿ ਫ਼ਿਰੋਜ਼ਪੁਰ ਮਾਮਲੇ ਅਤੇ ਚੁਣਾਵੀ ਜੰਗ ਤੋਂ ਬਾਅਦ ਕੇਂਦਰ ਨਾਲ ਗੱਲਬਾਤ ਹੋ ਸਕਦੀ ਹੈ, ਜਿਸ ਜ਼ਰੀਏ ਪੰਜਾਬ ਲਈ ਸਕੀਮਾਂ ਲਿਆਂਦੀਆਂ ਜਾ ਸਕਣ?
ਜਵਾਬ: ਚੋਣਾਂ ਦੌਰਾਨ ਭਾਜਪਾ ਨੇ ਕੁੱਝ ਵੀ ਐਲਾਨ ਨਹੀਂ ਕੀਤਾ ਤਾਂ ਇਨ੍ਹਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਇਹ ਕਹਿ ਰਹੇ ਸੀ ਕਿ ਅਸੀਂ ਫ਼ਿਰੋਜ਼ਪੁਰ ਵਿਚ ਐਲਾਨ ਕਰਨਾ ਸੀ ਪਰ ਰੈਲੀ ਰੱਦ ਹੋ ਗਈ। ਬਾਅਦ ਵਿਚ ਐਲਾਨ ਕਰ ਦਿੰਦੇ, ਕਿਸ ਨੇ ਰੋਕਿਆ ਹੈ? ਇਨ੍ਹਾਂ ਨੇ ਤਾਂ ਅਪਣੇ ਮੈਨੀਫ਼ੈਸਟੋ ਵਿਚ ਵੀ ਕੁੱਝ ਨਹੀਂ ਦਿਤਾ। ਭਾਜਪਾ ਤੋਂ ਕੋਈ ਆਸ ਨਹੀਂ। ਅਕਾਲੀ ਦਲ, ਭਾਜਪਾ, ਕੈਪਟਨ ਅਤੇ ਆਮ ਆਦਮੀ ਪਾਰਟੀ ਸੱਭ ਇਕੱਠੇ ਹਨ। ਪੰਜਾਬ ਦੇ ਲੋਕ ਹਰ ਚੀਜ਼ ਨੂੰ ਸੰਭਾਲ ਲੈਂਦੇ ਹਨ।
ਸਵਾਲ: ਤੁਹਾਡੇ ਅਪਣੇ ਭਰਾ ਨਾਰਾਜ਼ ਹੋ ਗਏ ਹਨ?
ਜਵਾਬ: ਮੇਰੇ ਭਰਾ ਦਾ ਵੀ ਜੀਅ ਕਰਦੈ ਕਿ ਮੈਂ ਐਮਐਲਏ ਬਣਾਂ ਪਰ ਪਾਰਟੀ ਦਾ ਫ਼ੈਸਲਾ ਹੈ ਕਿ ਇਕ ਪ੍ਰਵਾਰ ਵਿਚ ਇਕ ਟਿਕਟ ਦੇਣੀ ਹੈ। ਇਸ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਨੂੰ ਸਮਝਾਵਾਂ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਪੰਜਾਬ ਨੂੰ ਕੇਜਰੀਵਾਲ ਤੋਂ ਬਚਾਉਣਾ ਹੈ। ਅੱਜ ਸਾਰੇ ਲੋਕ ਦਿੱਲੀ ਦਾ ਮਾਡਲ ਪੰਜਾਬ ਵਿਚ ਲਿਆਉਣਾ ਚਾਹੁੰਦੇ ਹਨ, ਕੇਜਰੀਵਾਲ ਦੀ ਗਰੰਟੀ ਮੰਨਦੇ ਹਨ। ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹੋਗੇ? ਜੇਕਰ ਪੰਜਾਬ ਮਾਡਲ ਅਤੇ ਦਿੱਲੀ ਮਾਡਲ ਦੀ ਤੁਲਨਾ ਕੀਤੀ ਜਾਵੇ ਕਿਹੜਾ ਮਾਡਲ ਵਧੀਆ ਹੈ?
ਜਵਾਬ: ਦਿੱਲੀ ਮਾਡਲ ਬਾਰੇ ਸੁਣ ਕੇ ਮੇਰਾ ਖ਼ੂਨ ਉਬਾਲੇ ਖਾਂਦਾ ਹੈ। ਮੈਨੂੰ ਬਹੁਤ ਦੁੱਖ ਹੈ ਕਿ ਸਾਡੀ ਭੈਣ ਸਿੱਖ ਕੁੜੀ ਨੂੰ ਕੁੱਟ ਕੇ, ਉਸ ਦਾ ਮੂੰਹ ਕਾਲਾ ਕਰ ਕੇ ਉਸ ਦੇ ਵਾਲ ਮੁੰਨ ਦਿਤੇ। ਉਸ ਦਾ ਬਲਾਤਕਾਰ ਕੀਤਾ ਗਿਆ। ਗਲੀ-ਗਲੀ ਉਸ ਨੂੰ ਭਜਾਇਆ ਗਿਆ, ਗਲ ਵਿਚ ਜੁੱਤੀਆਂ ਦਾ ਹਾਰ ਪਾਇਆ। ਇਹ ਦਿੱਲੀ ਮਾਡਲ ਪੰਜਾਬ ਵਿਚ ਲੈ ਕੇ ਆਉਣਾ ਹੈ? ਇਥੇ ਆ ਕੇ ਕੇਜਰੀਵਾਲ ਇਹ ਕਰੇਗਾ? ਇਸ ਬੰਦੇ ਨੇ ਸਾਡੀ ਭੈਣ ਦੇ ਹੱਕ ਵਿਚ ਇਕ ਸ਼ਬਦ ਵੀ ਨਹੀਂ ਬੋਲਿਆ। ਭਗਵੰਤ ਮਾਨ ਅਤੇ ਰਾਘਵ ਚੱਢਾ ਵੀ ਕੁੱਝ ਨਹੀਂ ਬੋਲੇ। ਇਥੇ ਕੁੜੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਚਾਹੁੰਦੇ ਹੋ ਤੇ ਉਥੇ ਬਲਾਤਕਾਰ ਹੋ ਰਹੇ ਹਨ, ਉਸ ਬਾਰੇ ਗੱਲ ਨਹੀਂ ਕਰਦੇ। ਕੀ ਦੁੱਖ ਨਹੀਂ ਹੁੰਦਾ? ਕਿਹੜੇ ਮਾਡਲ ਦੀ ਗੱਲ ਕਰਦੇ ਹੋ?
ਦਿੱਲੀ ਵਿਚ ਦਾਖ਼ਲ ਹੁੰਦਿਆਂ ਹੀ ਕੂੜੇ ਦੇ ਵੱਡੇ-ਵੱਡੇ ਢੇਰ ਦੇਖਣ ਨੂੰ ਮਿਲਦੇ ਹਨ, ਉਸ ਗੰਦੀ ਦਿੱਲੀ ਵਿਚ ਜਾਣਾ ਹੈ? ਤੁਸੀਂ ਇਕ ਵੀ ਪੰਜਾਬੀ ਤੋਂ ਇਹ ਕਹਾ ਦਿਉ ਕਿ ਮੈਂ ਦਿੱਲੀ ਰਹਿਣਾ ਚਾਹੁੰਦਾ ਹਾਂ, ਫਿਰ ਮੈਂ ਕਹਾਂਗਾ ਕਿ ਤੁਸੀਂ ਦਿੱਲੀ ਮਾਡਲ ਲਾਗੂ ਕਰ ਦਿਉ। ਜੇ ਤੁਸੀਂ ਦਿੱਲੀ ਦੇ ਵਿਅਕਤੀ ਨੂੰ ਪੁੱਛੋਗੇ ਕਿ ਤੈਨੂੰ ਪੰਜਾਬ ਦੇ ਖੇਤਾਂ ਵਿਚ ਪਲਾਟ ਲੈ ਕੇ ਦੇਈਏ ਤਾਂ ਉਹ ਕਹੇਗਾ ਕਿ ਚਲੋ। ਇਨ੍ਹਾਂ ਨੂੰ ਲਗਦਾ ਹੈ ਕਿ ਇਹ ਸੋਨੇ ਦੀ ਚਿੜੀ ਨੂੰ ਸਾਂਭ ਲੈਣਗੇ।
 

ਸਵਾਲ: ਤੁਸੀਂ ਕੇਜਰੀਵਾਲ ਨਾਲ ਬਹਿਸ ਲਈ ਤਿਆਰ ਹੋ?
ਜਵਾਬ: ਉਹ ਬੰਦਾ ਹੀ ਕੁੱਝ ਨਹੀਂ, ਉਸ ਨਾਲ ਕਿਸ ਗੱਲ ਦੀ ਬਹਿਸ? ਭਗਵੰਤ ਮਾਨ ਨੂੰ ਕਹੋ ਮੇਰੇ ਨਾਲ ਬਹਿਸ ਕਰੇ। ਮੈਂ ਕਿਸੇ ਨਾਲ ਵੀ ਬਹਿਸ ਲਈ ਤਿਆਰ ਹਾਂ, ਸਾਡੇ ਦਿਲ ਸੱਚੇ ਹਨ। ਅਸੀਂ ਲੋਕਾਂ ਦੇ ਬੰਦੇ ਹਾਂ, ਅਸੀਂ ਮਿੱਟੀ ਵਿਚ ਪਲੇ ਹੋਏ ਹਾਂ। ਲੋਕਾਂ ਨੇ ਐਨਾ ਮਾਣ ਦੇ ਕੇ ਮੁੱਖ ਮੰਤਰੀ ਬਣਾਇਆ, ਇਸ ਤੋਂ ਵੱਧ ਹੋਰ ਕੀ ਚਾਹੀਦੈ? ਮੈਂ ਬਸ ਪੰਜਾਬ ਦੀ ਸੇਵਾ ਕਰਨੀ ਹੈ।

CM Charanjit Singh Channi CM Charanjit Singh Channi

ਸਵਾਲ: ਸੁਖਬੀਰ ਸਿੰਘ ਬਾਦਲ ਦਾ ਦੋਸ਼ ਹੈ ਕਿ ਕਾਂਗਰਸ ਨੇ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕਰ ਦਿਤਾ ਕਿ ਇਥੇ ਨਸ਼ੇ ਹਨ। ਕੇਜਰੀਵਾਲ ਵੀ ਕਹਿੰਦੇ ਨੇ ਕਿ ਮੈਂ ਨਸ਼ੇ ਖ਼ਤਮ ਕਰ ਦੇਵਾਂਗਾ।
ਜਵਾਬ: ਜਦੋਂ ਸੁਖਬੀਰ ਬਾਦਲ ਹੁਰਾਂ ਦਾ ਰਾਜ ਸੀ, ਉਦੋਂ ਨਸ਼ੇ ਨਹੀਂ ਸੀ? ਕਿੰਨੀਆਂ ਮਾਵਾਂ ਦੀਆਂ ਕੁੱਖਾਂ ਗਲ ਗਈਆਂ, ਮੈਂ ਉਨ੍ਹਾਂ ਦਾ ਹਿਸਾਬ ਲੈ ਰਿਹਾ ਹਾਂ। ਕਿੰਨੇ ਨੌਜਵਾਨ ਮਰ ਗਏ, ਮੈਂ ਮਜੀਠੀਆ ਤੋਂ ਉਨ੍ਹਾਂ ਦਾ ਹਿਸਾਬ ਲੈਣਾ ਹੈ ਤਾਂ ਹੀ ਸੁਪਰੀਮ ਕੋਰਟ ਤਕ ਜ਼ਮਾਨਤ ਨਹੀਂ ਹੋ ਰਹੀ। ਕੇਜਰੀਵਾਲ ਤਾਂ ਮੁਆਫ਼ੀ ਮੰਗ ਕੇ ਭੱਜ ਗਿਆ ਸੀ।  ਭਗਵੰਤ ਮਾਨ ਤਾਂ ਕਹਿੰਦਾ ਹੈ ਕਿ ਨਸ਼ਾ ਠੀਕ ਹੈ, ਸ਼ਰਾਬ ਪੀਂਦੇ ਹੁੰਦੇ ਨੇ, ਮੈਂ ਵੀ ਪੀਂਦਾ ਹਾਂ। ਲੀਡਰ ਸ਼ਰਾਬ ਨਹੀਂ ਪੀਂਦੇ ਹੁੰਦੇ? ਤੁਸੀਂ ਸਮਾਜ ਨੂੰ ਅਪਣੇ ਕਿਰਦਾਰ ਵਿਚੋਂ ਸੇਧ ਦੇਣੀ ਹੁੰਦੀ ਹੈ। ਇਹ ਭਗਤ ਸਿੰਘ ਨੂੰ ਸਲਾਮ ਕਰਨਗੇ? ਸ਼ਰਾਬ ਪੀ ਕੇ ਫਿਰ ਪੀਲੀ ਪੱਗ ਬੰਨ੍ਹ ਕੇ ਕਹਿੰਦੇ ਨੇ ਕਿ ਭਗਤ ਸਿੰਘ ਸਾਡੇ ਨਾਲ ਹੈ। ਭਗਤ ਸਿੰਘ ਤੁਹਾਡੇ ਨਾਲ ਕਿਥੋਂ ਆ ਗਿਆ? ਜੇ ਆ ਵੀ ਗਿਆ ਤਾਂ ਸੱਭ ਤੋਂ ਪਹਿਲਾਂ ਤੁਹਾਨੂੰ ਗੋਲੀ ਮਾਰੇਗਾ। ਮੈਂ ਕਹਿੰਦਾ ਹਾਂ ਕਿ ਮੈਂ ਹਰ ਪਿੰਡ ਦੀ ਜੂਹ ਤੋਂ ਠੇਕਾ ਚੁਕਣਾ ਹੈ, ਚਾਹੇ ਕੋਈ ਗੁੱਸਾ ਕਰੇ ਜਾਂ ਗਿਲਾ ਕਰੇ। ਸਾਡੀਆਂ ਧੀਆਂ-ਭੈਣਾਂ ਨੇ ਲੰਘਣਾ ਹੁੰਦਾ ਹੈ।

ਸਵਾਲ: ਕਾਫ਼ੀ ਲੋਕ ਕਹਿੰਦੇ ਹਨ ਕਿ ਚਰਨਜੀਤ ਸਿੰਘ ਚੰਨੀ ਨੇ ਸੱਭ ਕੁੱਝ ਕੀਤਾ ਹੈ। ਹੁਣ ਸਵਾਲ ਇਹ ਪੁਛਣਾ ਬਣਦਾ ਹੈ ਕਿ ਤੁਸੀਂ ਕਿਹੜੀ ਚੀਜ਼ ਨਹੀਂ ਕੀਤੀ?
ਜਵਾਬ: ਮੈਂ ਕਦੀ ਸ਼ਰਾਬ ਨਹੀਂ ਪੀਤੀ।

ਸਵਾਲ: ਕੀ ਤੁਸੀਂ ਕਦੀ ਸੋਚਿਆ ਸੀ ਕਿ ਤੁਸੀਂ ਇਕ ਦਿਨ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੋਗੇ? ਤੁਹਾਡੇ ਅੰਦਰ ਕਿਹੜੀ ਵਿਚਾਰਧਾਰਾ ਸੀ ਜੋ ਅੱਜ ਤੁਸੀਂ ਪੰਜਾਬ ਨੂੰ ਪ੍ਰਗਤੀ ਵਲ ਲਿਜਾ ਰਹੇ ਹੋ?
ਜਵਾਬ: ਜਦੋਂ ਮੈਂ 10ਵੀਂ ਪਾਸ ਕੀਤੀ ਤਾਂ ਮੈਨੂੰ ਕਿਸੇ ਵਿਅਕਤੀ ਨੇ ਪੁਛਿਆ ਸੀ ਕਿ ਤੂੰ ਕਿਹੜੀ ਨੌਕਰੀ ਕਰਨੀ ਹੈ? ਮੈਂ ਉਦੋਂ ਹੀ ਕਹਿ ਦਿਤਾ ਸੀ ਕਿ ਮੈਂ ਨੌਕਰੀ ਕਦੀ ਨਹੀਂ ਕਰਨੀ। ਹਰ ਕਿਸੇ ਦੀ ਅਪਣੀ-ਅਪਣੀ ਸੋਚ ਹੁੰਦੀ ਹੈ। ਮੇਰੀ ਬਚਪਨ ਤੋਂ ਇਹੀ ਸੋਚ ਸੀ। ਮੈਂ ਅਪਣੀ ਸੱਭ ਤੋਂ ਪਹਿਲੀ ਚੋਣ 10ਵੀਂ ਵਿਚ ਲੜਿਆ ਸੀ। ਸਕੂਲ ਵਿਚ ਕੁਲ 1100 ਬੱਚੇ ਸਨ। ਅਸੀਂ ਤਿੰਨ ਵਿਦਿਆਰਥੀ ਚੋਣਾਂ ਲਈ ਖੜੇ ਸਨ। ਜਦੋਂ ਮੈਨੂੰ ਸਕੂਲ ਪ੍ਰਾਰਥਨਾ ਸਮੇਂ ਵੋਟਾਂ ਮੰਗਣ ਲਈ ਭਾਸ਼ਣ ਦੇਣ ਲਈ ਕਿਹਾ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਸੀ। ਜਦੋਂ ਮੈਂ ਇਸ ਬਾਰੇ ਅਪਣੇ ਪਿਤਾ ਜੀ ਨੂੰ ਦਸਿਆ ਤਾਂ ਉਨ੍ਹਾਂ ਨੇ ਮੈਨੂੰ ਤਿਆਰੀ ਕਰਨ ਦੀ ਸਲਾਹ ਦਿਤੀ। ਮੈਂ ਕਣਕ ਦੇ ਖੇਤਾਂ ਵਿਚ ਜਾ ਕੇ ਤਿਆਰੀ ਕੀਤੀ ਅਤੇ ਅਗਲੇ ਦਿਨ ਵਧੀਆ ਭਾਸ਼ਣ ਦਿਤਾ। ਉਸ ਤੋਂ ਬਾਅਦ ਹਰ ਕਲਾਸ ਵਿਚ ਜਾ ਕੇ ਵੋਟਾਂ ਮੰਗੀਆਂ ਪਹਿਲਾਂ ਮੈਂ ਸਾਰਿਆਂ ਨੂੰ ਟੇਪ ਰਿਕਾਰਡ ਵਿਚ ਮੁਹੰਮਦ ਸਦੀਕ ਦਾ ਗਾਣਾ ਸੁਣਾਉਂਦਾ ਸੀ ਫਿਰ ਭਾਸ਼ਣ ਦਿੰਦਾ ਸੀ। ਮੈਨੂੰ ਖੇਡਾਂ ਵਾਲਿਆਂ ਨੇ ਵੀ ਵੋਟ ਪਾਈ, ਭੰਗੜੇ ਵਾਲਿਆਂ ਨੇ ਵੀ ਵੋਟ ਪਾਈ ਅਤੇ ਐਨਸੀਸੀ ਵਾਲਿਆਂ ਨੇ ਵੀ ਵੋਟਾਂ ਪਾਈਆਂ ਤੇ ਮੈਂ ਜਿੱਤ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement