
ਅਬੋਹਰ : ਪੰਜਾਬ ਅਤੇ ਰਾਜਸਥਾਨ ਦੀ ਹੱਦ ਨੇੜੇ ਪਾਕਿਸਤਾਨ ਤੋਂ ਕਰੀਬ 15 ਕਿਲੋਮੀਟਰ ਦੂਰੀ 'ਤੇ ਵਸੇ ਪਿੰਡ ਕੱਲਰਖੇੜਾ ਵਾਸੀ ਹਰਦੇਵ ਸਿੰਘ ਦੇ ਘਰ ਬੀਤੀ ਦੇਰ ਸ਼ਾਮ...
ਅਬੋਹਰ : ਪੰਜਾਬ ਅਤੇ ਰਾਜਸਥਾਨ ਦੀ ਹੱਦ ਨੇੜੇ ਪਾਕਿਸਤਾਨ ਤੋਂ ਕਰੀਬ 15 ਕਿਲੋਮੀਟਰ ਦੂਰੀ 'ਤੇ ਵਸੇ ਪਿੰਡ ਕੱਲਰਖੇੜਾ ਵਾਸੀ ਹਰਦੇਵ ਸਿੰਘ ਦੇ ਘਰ ਬੀਤੀ ਦੇਰ ਸ਼ਾਮ ਇਕ ਬੰਬ ਵਰਗੀ ਚੀਜ਼ ਛੱਤ ਨੂੰ ਚਿਰਦੀ ਹੋਈ ਉਨ੍ਹਾਂ ਦੇ ਘਰ ਆ ਡਿੱਗੀ ਜਿਸ ਕਾਰਨ ਆਸ-ਪਾਸ ਦਹਿਸ਼ਤ ਦਾ ਮਾਹੌਲ ਫੈਲ ਗਿਆ ਅਤੇ ਪਲਾਂ ਵਿਚ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪੁੱਜ ਕੇ ਉਕਤ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਸੀਲ ਕਰ ਦਿਤਾ ਗਿਆ।
Bomb explodes found near Indo-Pak border-1
ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸ੍ਰੀ ਗੰਗਾਨਗਰ ਨੈਸ਼ਨਲ ਹਾਈਵੇਅ 'ਤੇ ਵਸੇ ਪਿੰਡ ਕੱਲਰਖੇੜਾ ਵਾਸੀ ਹਰਦੇਵ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ 8 ਵਜੇ ਜਦ ਉਹ ਪ੍ਰਵਾਰ ਨਾਲ ਵਿਹੜੇ ਵਿਚ ਖਾਣਾ ਪਾ ਰਹੇ ਸੀ ਤਾਂ ਇਕ ਸ਼ੱਕੀ ਵਸਤੂ ਆਸਮਾਨ ਵਿਚੋਂ ਛੱਤ ਨੂੰ ਚਿਰਦੀ ਹੋਈ ਉਨ੍ਹਾਂ ਦੇ ਕਮਰੇ ਵਿਚ ਪਏ ਸੰਦੂਕ ਅਤੇ ਸੂਟਕੈਸ 'ਤੇ ਆ ਡਿੱਗੀ ਜਿਸ ਉਪਰੰਤ ਕਮਰੇ ਵਿਚੋਂ ਆਵਾਜ਼ ਆਉਣ ਲੱਗ ਪਈ ਅਤੇ ਧੂੰਆਂ ਹੀ ਧੂੰਆਂ ਫੈਲ ਗਿਆ ਜਿਸ ਕਾਰਨ ਉਹ ਘਬਰਾ ਕੇ ਬਾਹਰ ਨਿਕਲੇ ਅਤੇ ਪਿੰਡ ਵਾਲਿਆਂ ਨੂੰ ਸੂਚਨਾ ਦਿੰਦੇ ਹੋਏ ਪੁਲਿਸ ਨੂੰ ਜਾਣਕਾਰੀ ਦਿਤੀ ਜਿਸ ਉਪਰੰਤ ਚੌਕੀ ਮੁਖੀ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਸੁਨੀਲ ਕੁਮਾਰ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਉਕਤ ਜਾਣਕਾਰੀ ਉਚ ਪੁਲਿਸ ਅਧਿਕਾਰੀਆਂ ਨੂੰ ਦਿਤੀ ਜਿਸ ਤਹਿਤ ਐਸ.ਪੀ ਅਬੋਹਰ ਅਤੇ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਮੌਕੇ 'ਤੇ ਪੁੱਜੇ।
Bomb explodes found near Indo-Pak border-2
ਇਸ ਬਾਬਤ ਪਿੰਡ ਵਾਸੀਆਂ ਦਾ ਕਹਿਣਾ ਸੀ ਪਾਕਿਸਤਾਨ ਬਾਰਡਰ ਨੇੜੇ ਧਮਾਕਿਆਂ ਦੀਆਂ ਆਵਾਜ਼ਾਂ ਪਿਛਲੇ 2 ਦਿਨਾਂ ਤੋਂ ਸੁਣੀਆਂ ਜਾ ਰਹੀਆਂ ਸਨ, ਜਦ ਉਕਤ ਵਿਸਫੋਟਕ ਪਿੰਡ ਦੇ ਇਕ ਘਰ ਵਿਚ ਡਿੱਗਾ ਤਾਂ ਉਨ੍ਹਾਂ ਨੂੰ ਵੀ ਪਾਕਿਸਤਾਨ ਵਲੋਂ ਆਇਆ ਪ੍ਰਤੀਤ ਹੋਇਆ। ਰਾਤੋਂ ਰਾਤ ਖ਼ਬਰ ਦੇ ਫੈਲਦੇ ਹੀ ਚੜ੍ਹਦੀ ਸਵੇਰ ਹੀ ਬੀ.ਐਸ.ਐਫ਼ ਦੇ ਅਧਿਕਾਰੀ ਅਤੇ ਕਰਨਲ ਵਿਕਰਮਜੀਤ ਸਿੰਘ ਦੀ ਅਗਵਾਈ ਵਿਚ ਬੰਬ ਨਿਰੋਧਕ ਦਸਤਾ ਉਕਤ ਪ੍ਰਵਾਰ ਦੇ ਘਰ ਪੁੱਜਾ ਅਤੇ ਉਕਤ ਵਸਤੂ ਨੂੰ ਦੂਰ ਖੇਤਾਂ ਵਿਚ ਲੈ ਜਾ ਕੇ ਅਪਣੀ ਤਕਨੀਕ ਨਾਲ ਖ਼ਤਮ ਕਰ ਦਿਤਾ। ਫ਼ੌਜ ਦੇ ਅਧਿਕਾਰੀ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਦਸਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਆਸ-ਪਾਸ ਸ਼ੱਕੀ ਵਸਤੂ ਮਿਲਣ ਤੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਵੀ ਕੀਤੀ। ਇਸ ਬਾਬਤ ਐਸ.ਪੀ ਅਬੋਹਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦਸਿਆ ਕਿ ਉਕਤ ਸਾਰੇ ਮਾਮਲੇ ਦੀ ਜਾਂਚ ਭਾਰਤੀ ਫ਼ੌਜ ਦੇ ਅਧਿਕਾਰੀ ਅਪਣੇ ਪੱਧਰ 'ਤੇ ਕਰ ਰਹੇ ਹਨ। ਪਾਕਿਸਤਾਨ ਵਲੋਂ ਬੰਬ ਆਉਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਕੁੱਝ ਨਹੀਂ ਦੱਸ ਸਕਦੇ, ਫ਼ੌਜ ਜਾਂਚ ਵਿਚ ਲੱਗੀ ਹੋਈ ਹੈ।