
ਪੰਜਾਬ ਇੰਚਾਰਜ ਵਿਜੈ ਰੁਪਾਨੀ ਦੀ ਮੌਜੂਦਗੀ ਵਿਚ ਸੁਨੀਲ ਜਾਖੜ ਨੇ ਸੰਭਾਲਿਆ ਪੰਜਾਬ ਪ੍ਰਧਾਨ ਦਾ ਅਹੁਦਾ
ਚੰਡੀਗੜ੍ਹ: ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਇਥੇ ਪਾਰਟੀ ਹੈਡਕੁਆਰਟਰ 'ਤੇ ਇਕ ਭਰਵੇਂ ਸਮਾਗਮ ਵਿਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਤੇ ਪਾਰਟੀ ਦੇ ਸੂਬਾਈ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਅਹੁਦਾ ਸੰਭਾਲ ਲਿਆ। ਇਸ ਮੌਕੇ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਭਾਜਪਾ ਵਰਕਰਾਂ 'ਤੇ ਹੈ। ਉਨ੍ਹਾਂ ਕਿਹਾ ਕਿ ਸਾਡੀ ਜਿੰਮੇਵਾਰੀ ਅਪਣੇ ਪੰਜਾਬ ਦੇ ਮਾਣ ਪ੍ਰਤੀ ਹੈ, ਜਿਸ ਨੂੰ ਅਸੀਂ ਗੁਆ ਦਿਤਾ ਹੈ।
ਇਹ ਵੀ ਪੜ੍ਹੋ: ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਜਾਖੜ ਨੇ ਕਿਹਾ ਕਿ 13 ਸੀਟਾਂ ਅਤੇ 117 ਦੀ ਗੱਲ ਬਾਅਦ ਵਿਚ ਹੈ, ਪਹਿਲਾਂ ਅਸੀਂ ਪੰਜਾਬੀਆਂ ਦਾ ਦਿਲ ਜਿੱਤਣਾ ਹੈ, ਫਿਰ ਸੀਟਾਂ ਆਪੇ ਮਿਲ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਜਜ਼ਬਾਤੀ ਹੋ ਕੇ ਵੋਟਾਂ ਪਾਈਆਂ ਹਨ ਅਤੇ ਹੁਣ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਭਾਰਤ ਸਭ ਤੋਂ ਵੱਡਾ ਧਰਮ ਨਿਰਪੱਖ ਦੇਸ਼ ਹੈ ਅਤੇ ਭਾਰਤ ਵਿਚ ਪੰਜਾਬ ਸੱਭ ਤੋਂ ਵੱਧ ਧਰਮ ਨਿਰਪੱਖ ਸੂਬਾ ਹੈ। ਸੂਬੇ ਤੋਂ ਬਾਹਰਲੇ ਲੋਕਾਂ ਦੀ ਨਜ਼ਰ ਪੰਜਾਬ 'ਤੇ ਹੈ। ਜਾਖੜ ਨੇ ਕਿਹਾ ਕਿ ਬਾਹਰੀ ਲੋਕ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਛੋਟੇ ਭਰਾ ਵਜੋਂ ਨਹੀਂ ਸੋਚਣਾ ਹੈ ਤੇ ਇਸ ਭਰਮ ਨੂੰ ਦੂਰ ਕਰਨ ਦੀ ਲੋੜ ਹੈ ਕਿ ਅਸੀਂ ਸਮਰੱਥ ਨਹੀਂ ਹਾਂ, ਸਾਨੂੰ ਆਪਣੀ ਤਾਕਤ ਦੀ ਪਛਾਣ ਕਰਨ ਦੀ ਲੋੜ ਹੈ ਤੇ ਹੁਣ ਪੰਜਾਬ ਸਾਡਾ ਹੈ ਤੇ ਭਾਜਪਾ ਲਈ ਵੱਡੀ ਸੰਭਾਵਨਾ ਹੈ। ਉਨ੍ਹਾਂ ਰੁਪਾਨੀ ਨੂੰ ਭਰੋਸਾ ਦਿਵਾਇਆ ਕਿ ਉਹ ਭਾਜਪਾ ਦੇ ਵਰਕਰ ਦੀ ਪਿੱਠ ਨਹੀਂ ਲੱਗਣ ਦੇਣਗੇ।
ਇਹ ਵੀ ਪੜ੍ਹੋ: ਨੌਰਵੇ ’ਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ ਰਿਦਮ ਕੌਰ
ਭਾਜਪਾ ਇਕ ਪਰਿਵਾਰ ਦੀ ਪਾਰਟੀ ਨਹੀਂ, ਵਰਕਰਾਂ ਦੀ ਪਾਰਟੀ ਹੈ: ਵਿਜੈ ਰੁਪਾਨੀ
ਵਿਜੈ ਰੁਪਾਨੀ ਨੇ ਕਿਹਾ ਕਿ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਜਾਖੜ ਪੂਰਾ ਸਮਾਂ ਦੇਣਗੇ ਅਤੇ ਉਤਸ਼ਾਹ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਇਕ ਪਰਿਵਾਰ ਦੀ ਪਾਰਟੀ ਨਹੀਂ, ਵਰਕਰਾਂ ਦੀ ਪਾਰਟੀ ਹੈ। ਸਾਡੇ ਲਈ ਅਹੁਦਾ ਹੀ ਸਾਡਾ ਫਰਜ਼ ਹੈ, ਅਸੀਂ ਅੱਗੇ ਵਧਣਾ ਹੈ। ਪੰਜਾਬ ਕੁਰਬਾਨੀਆਂ ਦਾ ਸੂਬਾ ਹੈ ਅਤੇ ਇਸ ਨੂੰ ਢਾਹ ਨਹੀਂ ਲੱਗਣ ਦੇਵਾਂਗੇ। ਹਿੰਦੂ-ਸਿੱਖ ਸਦਭਾਵਨਾ ਬਰਕਰਾਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦਾ ਦਿਲ ਦੇ ਦੌਰੇ ਨਾਲ ਕੋਈ ਸਬੰਧ ਨਹੀਂ: ਅਧਿਐਨ
ਅਸ਼ਵਨੀ ਸ਼ਰਮਾ ਰਹੇ ਗ਼ੈਰ-ਹਾਜ਼ਰ
ਖ਼ਾਸ ਗੱਲ ਇਹ ਕਿ ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਗ਼ੈਰ-ਹਾਜ਼ਰ ਰਹੇ। ਕਈ ਆਗੂਆਂ ਨੇ ਉਨ੍ਹਾਂ ਦੇ ਕਾਰਜਕਾਲ ਦੀ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ 2022 ਵਿਚ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਵਿਰੁਧ ਵੋਟ ਦਿਤੀ ਸੀ ਅਤੇ ਹੁਣ ਅਸੀਂ ਸਖ਼ਤ ਮਿਹਨਤ ਕਰਾਂਗੇ ਅਤੇ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕਰਾਂਗੇ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਅਗਲੀ ਚੋਣ ਰੁਪਾਨੀ ਦੀ ਅਗਵਾਈ 'ਚ ਲੜਾਂਗਾ। ਉਨ੍ਹਾਂ ਕਿਹਾ ਕਿ ਜਾਖੜ ਦਾ ਤਜਰਬਾ ਪਾਰਟੀ ਨੂੰ ਅਗਵਾਈ ਦੇਵੇਗਾ। ਉਨ੍ਹਾਂ ਜਾਖੜ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਨੂੰ ਨਜ਼ਰਅੰਦਾਜ਼ ਨਾ ਕਰਨ। ਗੁਰਮੀਤ ਸੋਢੀ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਤੋਂ ਉਮੀਦ ਰੱਖਦੇ ਹਨ। ਜਾਖੜ ਦੀ ਐਂਟਰੀ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਤੋਂ ਪਹਿਲਾਂ ਦੋ ਆਗੂਆਂ ਨੇ ਜਾਖੜ ਨੂੰ ਭਾਜਪਾ ਵਰਕਰਾਂ ਨਾਲ ਜੁੜੇ ਰਹਿਣ ਦੀ ਨਸੀਹਤ ਦਿਤੀ, ਜਿਸ ਤੋਂ ਬਾਅਦ ਸੋਮ ਪ੍ਰਕਾਸ਼ ਨੇ ਕਿਹਾ ਕਿ ਜਾਖੜ ਤਜਰਬੇਕਾਰ ਅਤੇ ਨਿਮਰ ਸੁਭਾਅ ਦੇ ਮਾਲਕ ਹਨ। ਉਨ੍ਹਾਂ ਨੂੰ ਅਜਿਹੀ ਸਿੱਖਿਆ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਬਦਲਾਅ ਸਮੇਂ ਦੀ ਲੋੜ ਹੈ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਅਸ਼ਵਨੀ ਸ਼ਰਮਾ ਦੇ ਕੰਮ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਨੇਪਾਲ ਵਿਚ 6 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਪੰਜ ਲਾਸ਼ਾਂ ਬਰਾਮਦ
ਹੁਣ ਗੁਰੂ ਫ਼ਤਿਹ ਬੁਲਾਉਣੀ ਸੁਰੂ ਕਰ ਦਿਉ: ਹਰਜੀਤ ਗਰੇਵਾਲ
ਵਰਕਰਾਂ ਨੂੰ ਮੁਖਾਤਬ ਹੁੰਦਿਆਂ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਹੁਣ ਗੁਰੂ ਫ਼ਤਿਹ ਬੁਲਾਉਣੀ ਸੁਰੂ ਕਰ ਦਿਉ, ਪਹਿਲਾਂ ਵਾਲੀਆਂ ਗੱਲਾਂ ਛੱਡ ਦਿਉ। ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣ 'ਤੇ ਕੋਈ ਵੀ ਪੁਰਾਣਾ ਆਗੂ ਨਾਰਾਜ਼ ਨਹੀਂ ਹੈ ਅਤੇ ਜੇਕਰ ਕੋਈ ਹੈ ਤਾਂ ਅਸੀਂ ਜਾ ਕੇ ਉਨ੍ਹਾਂ ਨੂੰ ਮਨਾਵਾਂਗੇ।