
ਇਸ ਸਾਲ 1.5 ਲੱਖ ਨੌਜਵਾਨਾਂ ਨੇ ਸਟਡੀ ਵੀਜ਼ਾ ’ਤੇ ਵਿਦੇਸ਼ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ
ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ’ਤੇ ਵਿਦੇਸ਼ ਜਾ ਕੇ ਪੜ੍ਹਨ ਅਤੇ ਉੱਥੇ ਵਸਣ ਦਾ ਜਨੂਨ ਸਵਾਰ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਹਰ ਜਾਣ ਵਾਲੇ ਨੌਜਵਾਨਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਸਾਲ ਵੀ 1.5 ਲੱਖ ਨੌਜਵਾਨਾਂ ਨੇ ਸਟਡੀ ਵੀਜ਼ਾ ’ਤੇ ਵਿਦੇਸ਼ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਲੋਕ ਸਭਾ ਵਿਚ ਵਿਦੇਸ਼ ਰਾਜ ਮੰਤਰੀ ਦੇ ਜਵਾਬ ਅਨੁਸਾਰ ਸਾਲ 2016 ਤੋਂ ਫਰਵਰੀ 2021 ਵਿਚਕਾਰ ਲਗਭਗ 9.84 ਲੱਖ ਲੋਕ ਪੰਜਾਬ ਅਤੇ ਚੰਡੀਗੜ੍ਹ ਤੋਂ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ। ਇਹਨਾਂ ਵਿਚ ਕਰੀਬ ਚਾਰ ਲੱਖ ਵਿਦਿਆਰਥੀ ਅਤੇ ਛੇ ਲੱਖ ਤੋਂ ਜ਼ਿਆਦਾ ਕਾਮੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰ ਜਾ ਕੇ ਪੜ੍ਹਨ ਅਤੇ ਨੌਕਰੀ ਕਰਨਾ ਹੁਣ ਇਸ ਸਟੇਟਸ ਸਿੰਬਲ ਬਣ ਚੁੱਕਿਆ ਹੈ। ਪਹਿਲਾਂ ਸਿਰਫ਼ ਅਮੀਰ ਘਰਾਣਿਆਂ ਦੇ ਲੋਕ ਹੀ ਬਾਹਰ ਜਾਂਦੇ ਸਨ। ਪਿਛਲੇ ਚਾਰ-ਪੰਜ ਸਾਲਾਂ ਤੋਂ ਗਰੀਬ ਘਰਾਂ ਦੇ ਬੱਚਿਆਂ ਵਿਚ ਬਾਹਰ ਜਾਣ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਦਾ ਇਕੋ ਇਕ ਉਦੇਸ਼ ਹੈ ਵਿਦੇਸ਼ ਜਾ ਕੇ ਪੱਕੇ ਵਸਨੀਕ ਬਣ ਕੇ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਨੀ ਹੈ।
ਇਹ ਵੀ ਪੜ੍ਹੋ: ਬਟਾਲਾ ’ਚ ਮਾਮੂਲੀ ਬਹਿਸ ਨੂੰ ਲੈ ਕੇ ਚੱਲੀਆਂ ਗੋਲੀਆਂ : ਸਿਰ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ
ਪੰਜਾਬ ਤੋਂ ਫੀਸਾਂ ਵਜੋਂ ਹਰ ਸਾਲ ਵਿਦੇਸ਼ ਜਾ ਰਹੇ 15 ਹਜ਼ਾਰ ਕਰੋੜ
ਵਿਦੇਸ਼ਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਦਾ ਔਸਤਨ 15 ਤੋਂ 22 ਲੱਖ ਰੁਪਏ ਸਾਲਾਨਾ ਖਰਚ ਆਉਂਦਾ ਹੈ, ਜਿਸ ਵਿਚ ਖਾਣ-ਪੀਣ ਅਤੇ ਕਮਰੇ ਦਾ ਕਿਰਾਇਆ ਵੀ ਸ਼ਾਮਲ ਹੈ। ਇਕ ਵਿਦਿਆਰਥੀ 'ਤੇ ਔਸਤਨ 15 ਲੱਖ ਰੁਪਏ ਦਾ ਖਰਚਾ ਮੰਨੀਏ ਤਾਂ ਹਰ ਸਾਲ 15 ਹਜ਼ਾਰ ਕਰੋੜ ਰੁਪਏ ਫੀਸਾਂ ਵਜੋਂ ਪੰਜਾਬ ਤੋਂ ਬਾਹਰ ਭੇਜੇ ਜਾ ਰਹੇ ਹਨ। ਵਿਦਿਆਰਥੀਆਂ ਵਿਚ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੀ ਲਾਲਸਾ ਇੰਨੀ ਜ਼ਿਆਦਾ ਹੈ ਕਿ ਮਾਪੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ। ਕਾਲਜ ਵਿਚ ਹੁਣ ਤੋਂ ਹੀ ਸੀਟਾਂ ਰਾਖਵੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ ਕੂਚ ਕਾਰਨ ਪੰਜਾਬ ਦੇ ਕੁਝ ਪਿੰਡਾਂ ਵਿਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਵੱਡੇ-ਵੱਡੇ ਘਰ ਖਾਲੀ ਪਏ ਹਨ। ਗਲੀਆਂ ਵਿਚ ਸੰਨਾਟਾ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਚ ਹੋਈ ਟੱਕਰ, ਮੋਟਰਸਾਈਕਲ ਸਵਾਰ 21 ਸਾਲਾ ਨੌਜਵਾਨ ਦੀ ਮੌਤ
ਪੰਜਾਬ ਤੋਂ ਪਰਵਾਸ ਦੇ ਕਾਰਨ
-ਨਸ਼ਿਆਂ ਦੀ ਸਮੱਸਿਆ ਦਾ ਅੰਤ ਨਾ ਹੋਣਾ
-ਉਦਯੋਗਾਂ ਅਤੇ ਆਈ.ਟੀ. ਸੈਕਟਰ ਦੀ ਘਾਟ ਕਾਰਨ ਰੁਜ਼ਗਾਰ ਦੀ ਕਮੀ
-ਜੇਕਰ ਨੌਕਰੀ ਹੈ ਤਾਂ ਤਨਖਾਹ ਘੱਟ ਅਤੇ ਕੰਮ ਦੇ ਘੰਟੇ ਜ਼ਿਆਦਾ
-ਕਈ ਸਰਕਾਰੀ ਨੌਕਰੀਆਂ ਵਿਚ ਸ਼ੁਰੂਆਤੀ ਤਨਖਾਹ ਘੱਟ ਹੋਣਾ
-ਵਿਦੇਸ਼ਾਂ ਵਿਚ ਰਿਸ਼ਤੇਦਾਰਾਂ ਤੋਂ ਪ੍ਰਭਾਵਿਤ
-ਆਕਰਸ਼ਕ ਵਿਦੇਸ਼ੀ ਨੀਤੀਆਂ
ਕੈਨੇਡਾ ਅਤੇ ਯੂਕੇ ਦੀਆਂ ਨੀਤੀਆਂ ਵੀ ਜ਼ਿੰਮੇਵਾਰ
ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਕੈਨੇਡਾ ਅਤੇ ਯੂਕੇ ਦੀਆਂ ਲੁਭਾਉਣੀਆਂ ਨੀਤੀਆਂ ਵੀ ਜ਼ਿੰਮੇਵਾਰ ਹਨ। ਕੈਨੇਡਾ ਵਿਚ ਡਿਪਲੋਮੇ ਤੋਂ ਬਾਅਦ ਤਿੰਨ ਸਾਲਾਂ ਦਾ ਵਰਕ ਪਰਮਿਟ ਹੁੰਦਾ ਹੈ ਅਤੇ ਹਰ ਹਫ਼ਤੇ 40 ਘੰਟੇ ਕੰਮ ਕਰਨ ਦੀ ਵੀ ਇਜਾਜ਼ਤ ਹੁੰਦੀ ਹੈ। ਜਦਕਿ ਵਿਦਿਆਰਥੀ ਨੂੰ 20 ਘੰਟੇ ਪ੍ਰਤੀ ਹਫ਼ਤੇ ਕੰਮ ਕਰਨ ਦੀ ਇਜਾਜ਼ਤ ਹੈ। ਯੂਕੇ ਦੀਆਂ ਅਕਾਦਮਿਕ ਡਿਗਰੀਆਂ ਬਹੁਤ ਉੱਚ ਗੁਣਵੱਤਾ ਵਾਲੀਆਂ ਮੰਨੀਆਂ ਜਾਂਦੀਆਂ ਹਨ। ਭਾਰਤੀ ਵਿਦਿਆਰਥੀਆਂ ਨੂੰ ਯੂਕੇ ਵਿਚ ਪੜ੍ਹਨ ਲਈ ਕਈ ਵਜ਼ੀਫ਼ੇ ਵੀ ਉਪਲਬਧ ਹਨ। ਯੂਕੇ ਵਿਚ ਜੀਵਨ ਸਾਥੀ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆ ਵਿਚ ਵੀ ਚੰਗੀ ਤਨਖਾਹ ਮਿਲਦੀ ਹੈ। ਉੱਥੇ ਵੀ ਘੰਟਿਆਂ ਦੇ ਹਿਸਾਬ ਨਾਲ ਭੁਗਤਾਨ ਹੁੰਦਾ ਹੈ।
ਇਹ ਵੀ ਪੜ੍ਹੋ: 2 ਦਰਜਨ ਤਮਗ਼ੇ ਜਿੱਤਣ ਮਗਰੋਂ ਵੀ ਸਫ਼ਾਈ ਕਰਮੀ ਵਜੋਂ ਕੰਮ ਕਰਨ ਲਈ ਮਜਬੂਰ ਹੋਇਆ ਇਹ ਮੁੱਕੇਬਾਜ਼
ਵਿਦੇਸ਼ ਗਏ ਅਤੇ ਉੱਥੇ ਹੀ ਰਹਿ ਗਏ ਨੌਜਵਾਨ
ਚੰਡੀਗੜ੍ਹ ਸੈਕਟਰ-23 ਵਾਸੀ ਜਸਪ੍ਰੀਤ ਸਿੱਧੂ ਤੇ ਉਸ ਦੀ ਪਤਨੀ ਬਰਲੀਨ ਕੌਰ ਅੱਠ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਏ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਉੱਥੇ ਨੌਕਰੀ ਮਿਲ ਗਈ। ਹੁਣ ਦੋਵੇਂ ਆਸਟ੍ਰੇਲੀਆ ਦੇ ਪੱਕੇ ਨਿਵਾਸੀ ਬਣ ਗਏ ਹਨ। ਮੁਹਾਲੀ ਦਾ ਗੌਰਵ ਸਟੱਡੀ ਵੀਜ਼ੇ 'ਤੇ ਯੂ.ਕੇ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੌਰਵ ਵੀ ਉੱਥੇ ਹੀ ਰਹਿਣ ਲੱਗ ਪਿਆ। ਉਸ ਨੇ ਦੱਸਿਆ ਕਿ ਉਹ ਸਿਰਫ਼ ਪੜ੍ਹਾਈ ਲਈ ਹੀ ਯੂਕੇ ਗਿਆ ਸੀ ਪਰ ਜਦੋਂ ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਕੀਤੀ ਤਾਂ ਉਸ ਨੂੰ ਵੀ ਯੂਕੇ ਵਿਚ ਚੰਗੀ ਤਨਖ਼ਾਹ ਦੀ ਨੌਕਰੀ ਮਿਲ ਗਈ।
ਜਲੰਧਰ ਤੋਂ ਸਟੱਡੀ ਵੀਜ਼ਾ ਸੈਂਟਰ ਦੇ ਡਾਇਰੈਕਟਰ ਸੁਕਾਂਤ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਦੇਖ ਕੇ ਬਹੁਤੇ ਮਾਪੇ ਚਿੰਤਤ ਹਨ। ਮੇਰੇ ਕੋਲ ਕੌਂਸਲਿੰਗ ਲਈ ਆਉਣ ਵਾਲੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਕਾਫੀ ਚਿੰਤਤ ਹਨ। ਗ੍ਰੇ ਮੈਟਰ ਦੇ ਐਮਡੀ ਸੋਨੀਆ ਧਵਨ ਨੇ ਦੱਸਿਆ ਕਿ ਪੰਜਾਬ ਵਿਚ ਹਰ ਸਾਲ ਆਈਲੈਟਸ ਦੀ ਪ੍ਰੀਖਿਆ 'ਤੇ 500 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਸੂਬੇ ਵਿਚ ਹਰ ਸਾਲ 3.5 ਲੱਖ ਨੌਜਵਾਨ ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਦੀ ਪ੍ਰੀਖਿਆ ਦਿੰਦੇ ਹਨ। ਪ੍ਰੀਖਿਆ ਫੀਸ 210 ਤੋਂ 225 ਡਾਲਰ (15 ਹਜ਼ਾਰ ਰੁਪਏ) ਹੈ। ਪੰਜਾਬ ਵਿਚ ਕੋਈ ਆਈਟੀ ਇੰਡਸਟਰੀ ਵੀ ਨਹੀਂ ਹੈ।
ਇਹ ਵੀ ਪੜ੍ਹੋ: ਘਰ ਦੇ ਬਾਹਰ ਪਿਸ਼ਾਬ ਕਰਨ ਦਾ ਇਤਰਾਜ਼ ਕੀਤਾ ਤਾਂ ਦੋ ਭੈਣਾਂ ਸਮੇਤ ਵਿਧਵਾ ਮਾਂ ਦੀ ਕੀਤੀ ਕੁੱਟਮਾਰ
ਆਈਲੈਟਸ ਕੋਚਿੰਗ ਦੇ ਡਾਇਰੈਕਟਰ ਹਰਿੰਦਰ ਚੰਢੋਕ ਦਾ ਕਹਿਣਾ ਹੈ ਕਿ ਹੁਣ ਲੋਕਾਂ ਦੀ ਸੋਚ ਬਦਲ ਗਈ ਹੈ। ਉਹ ਘੱਟ ਸਮੇਂ ਵਿਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹਨ। ਪੰਜਾਬ ਦੇ ਲੋਕ ਇਹ ਵੀ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਉਹਨਾਂ ਦੇ ਘਰੋਂ ਬਾਹਰ ਨਾ ਗਿਆ ਹੋਵੇ। ਇਹਨਾਂ ਸਾਰੇ ਕਾਰਨਾਂ ਕਰਕੇ ਲੋਕ ਪੰਜਾਬ ਤੋਂ ਪਰਵਾਸ ਕਰਨਾ ਚਾਹੁੰਦੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੋਈ ਵੀ ਆਈਟੀ ਇੰਡਸਟਰੀ ਨਹੀਂ ਹੈ। ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਦੱਖਣ ਭਾਰ ਜਾਣਾ ਪਵੇਗਾ। ਇਸ ਤੋਂ ਚੰਗਾ ਹੈ ਕਿ ਕੈਨੇਡਾ ਵਿਚ ਹੀ ਆਈਟੀ ਡਿਗਰੀ ਲੈ ਕੇ ਉੱਥੋਂ ਦੇ ਨਾਗਰਿਕ ਬਣ ਜਾਓ।
ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਸਕਾਰਾਤਮਕ ਨਹੀਂ ਰਿਹਾ। ਇੱਥੇ ਭਵਿੱਖ ਨਜ਼ਰ ਨਹੀਂ ਆਉਂਦਾ। ਜਦੋਂ ਅਸੀਂ ਆਪਣੇ ਸੀਨੀਅਰਜ਼ ਨੂੰ ਕੈਨੇਡਾ ਅਤੇ ਯੂ.ਕੇ. ਵਿਚ ਕਾਮਯਾਬ ਹੁੰਦੇ ਦੇਖਦੇ ਹਾਂ, ਤਾਂ ਇਹ ਯਕੀਨੀ ਤੌਰ 'ਤੇ ਮਹਿਸੂਸ ਹੁੰਦਾ ਹੈ ਕਿ ਉੱਥੇ ਇਕ ਬਿਹਤਰ ਭਵਿੱਖ ਹੈ। ਵਾਤਾਵਰਨ ਤੋਂ ਲੈ ਕੇ ਪਾਣੀ ਤੱਕ, ਭ੍ਰਿਸ਼ਟ ਸਿਸਟਮ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ, ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਤੋਂ ਪੰਜਾਬ ਨੂੰ ਨਿਕਲਣ ਲਈ ਬਹੁਤ ਸਮਾਂ ਲੱਗੇਗਾ।