
ਕਿਹਾ: ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬਲਦੀ ਰੱਖਾਂਗੇ
ਚੈੱਕ ਵੰਡੇ ਜਾਣ ਤੋਂ ਪਹਿਲਾਂ ਹੀ ਲੋਕਾਂ ਦੇ ਖਾਤਿਆਂ ਵਿਚ ਆਈ ਮੁਆਵਜ਼ੇ ਦੀ ਰਾਸ਼ੀ
ਅਬੋਹਰ: ਕੁਦਰਤੀ ਆਫਤਾਂ ਨਾਲ ਫਸਲਾਂ ਦਾ ਖਰਾਬਾ ਤਾਂ ਆਮ ਵਰਤਾਰਾ ਹੈ ਅਤੇ ਸਾਲ ਦੋ ਸਾਲ ਬਾਅਦ ਕਿਤੇ ਨਾਲ ਕਿਤੇ ਕਿਸਾਨਾਂ ਨੂੰ ਇਸ ਸਮੱਸਿਆ ਨਾਲ ਦੋ ਚਾਰ ਹੋਣਾ ਹੀ ਪੈਂਦਾ ਹੈ। ਇਸ ਸਾਲ ਮਾਰਚ ਮਹੀਨੇ ਹੋਈ ਬੇਮੌਸਮੀ ਬਰਸਾਤ ਕਾਰਨ ਪੰਜਾਬ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਫਸਲਾਂ ਦੇ ਇਸ ਨੁਕਸਾਨ ਸਬੰਧੀ ਜਿਸ ਤੇਜ਼ੀ ਨਾਲ ਪੰਜਾਬ ਸਰਕਾਰ ਨੇ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਵੰਡਣ ਦੀ ਪ੍ਰਕ੍ਰਿਆ ਆਰੰਭੀ ਹੈ ਉਸ ਨੇ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੈਰਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਜ਼ਿਲਕਾ ਦੇ ਹਲਕਾ ਅਬੋਹਰ ਵਿਖੇ ਕਿਸਾਨਾਂ ਨੂੰ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਵਜੋਂ ਚੈੱਕ ਵੰਡੇ। ਇਸ ਦੇ ਨਾਲ ਹੀ ਹਨੇਰੀ ਅਤੇ ਝੱਖੜ ਨੇ ਫਾਜ਼ਿਲਕਾ ਦੇ ਪਿੰਡ ਬਕੈਣ ਵਾਲਾ ਵਿਚ ਭਾਰੀ ਤਬਾਹੀ ਮਚਾਈ ਸੀ ਅਤੇ ਫਸਲਾਂ ਅਤੇ ਕਿਨੂੰ ਦੇ ਬਾਗਾਂ ਦੇ ਨੁਕਸਾਨ ਦੇ ਨਾਲ-ਨਾਲ ਅਨੇਕਾਂ ਘਰਾਂ ਨੂੰ ਵੀ ਤਬਾਹ ਕਰ ਦਿੱਤਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ਕੁੱਲ 40 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ 146 ਪਿੰਡ, ਜਲਾਲਾਬਾਦ ਦੇ 134 ਅਤੇ ਅਬੋਹਰ ਦੇ 84 ਪਿੰਡਾਂ ਦਾ ਕੁੱਲ ਮੁਆਵਜ਼ਾ 12 ਕਰੋੜ 94 ਲੱਖ 80 ਹਜ਼ਾਰ ਰੁਪਏ ਬਣਦਾ ਹੈ। ਸਰਕਾਰ ਨੇ ਇਸ ਵਿਚੋਂ 6 ਕਰੋੜ ਰੁਪਏ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪਹਿਲਾਂ 33 ਤੋਂ 75 ਫ਼ੀਸਦੀ ਫ਼ਸਲ 'ਤੇ ਸਿਰਫ਼ 5400 ਰੁਪਏ ਪ੍ਰਤੀ ਕਿੱਲਾ, 75 ਤੋਂ 100 ਫ਼ੀਸਦੀ ਲਈ 12 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਵਧਾ ਤੇ 6800 ਅਤੇ 15 ਹਜ਼ਾਰ ਰੁਪਏ ਪ੍ਰਤੀ ਕਿੱਲਾ ਵਧਾ ਦਿੱਤਾ ਹੈ।
ਮੀਂਹ ਕਾਰਨ ਨੁਕਸਾਨੇ ਘਰਾਂ ਲਈ ਵੀ ਮੁਆਵਜ਼ਾ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਮੀਂਹ ਕਾਰਨ ਘਰਾਂ ਦੇ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਵਜੋਂ 1.20 ਲੱਖ ਰੁਪਏ ਦੇ ਚੈੱਕ ਸੌਂਪੇ। ਇਹਨਾਂ ਵਿਅਕਤੀਆਂ ਵਿਚ ਮਹਿੰਦਰ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ, ਸੁਭਾਸ਼ ਕੁਮਾਰ ਅਤੇ ਵਿਨੋਦ ਕੁਮਾਰ ਵਾਸੀ ਪਿੰਡ ਮੱਖਣਵਾਲਾ ਸ਼ਾਮਲ ਹਨ।
“ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬਲਦੀ ਰੱਖਾਂਗੇ”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਤਾਂ ਨਾਅਰਾ ਵੀ ਸਾਂਝਾ ਸੀ ਕਿ ਕਿਸਾਨ-ਮਜ਼ਦੂਰ ਜ਼ਿੰਦਾਬਾਦ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਕਿਸਾਨਾਂ ਦੀ ਸਾਰ ਨਹੀਂ ਲੈ ਰਹੇ ਨਾਲ-ਨਾਲ ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬਲਦੀ ਰੱਖਣੀ ਹੈ। ਕਿਸਾਨਾਂ ਵਾਂਗ ਮਜ਼ਦੂਰਾਂ ਨੂੰ ਵੀ ਖ਼ਰਾਬੇ ਵਾਲੇ ਹਲਕਿਆਂ ‘ਚ ਮੁਆਵਜ਼ਾ ਦੇਵਾਂਗੇ।
ਚੈੱਕ ਵੰਡੇ ਜਾਣ ਤੋਂ ਪਹਿਲਾਂ ਹੀ ਖਾਤਿਆਂ ਵਿਚ ਆਈ ਰਾਸ਼ੀ: ਵਿਨੋਦ ਕੁਮਾਰ
ਫਾਜ਼ਿਲਕਾ ਦੇ ਪਿੰਡ ਬਕੈਣ ਵਾਲਾ ਵਿਚ ਬੀਤੇ ਦਿਨੀਂ ਟਾਰਨੇਡੋ ਨੇ ਭਾਰੀ ਤਬਾਹੀ ਮਚਾਈ ਸੀ। ਮੁਆਵਜ਼ੇ ਦਾ ਚੈੱਕ ਪ੍ਰਾਪਤ ਕਰਨ ਤੋਂ ਬਾਅਦ ਸਟੇਜ ਤੋਂ ਹੇਠਾਂ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਸਰਕਾਰ ਇੰਨੀ ਜਲਦੀ ਉਨ੍ਹਾਂ ਦੀ ਮਦਦ ਲਈ ਬਹੁੜੇਗੀ। ਇਸ ਪਿੰਡ ਦੇ ਵਿਨੋਦ ਕੁਮਾਰ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ 1,20,000 ਰੁਪਏ ਦਾ ਚੈੱਕ ਦਿੱਤਾ ਤਾਂ ਉਹ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕਿਆ। ਉਸ ਨੇ ਮਾਈਕ ਫੜ ਕੇ ਨੁਕਸਾਨ ਦੇ 19 ਦਿਨਾਂ ਬਾਅਦ ਹੀ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਵਿਨੋਦ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਪਹਿਲਕਦਮੀ ਨਾਲ ਉਨ੍ਹਾਂ ਦੇ ਪਿੰਡ ਜਿੱਥੇ ਪੂਰੀ ਤਬਾਹ ਹੋਏ ਮਕਾਨਾਂ ਵਾਲਿਆਂ ਦੇ ਮਕਾਨ ਵੀ ਬਣਵਾ ਦਿੱਤੇ ਗਏ ਹਨ ਅਤੇ ਅੱਜ ਮੁਆਵਜਾ ਰਾਸ਼ੀ ਵੀ ਮਿਲ ਗਈ ਹੈ। ਵਿਨੋਦ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਚੈੱਕ ਵੰਡੇ ਜਾਣ ਤੋਂ ਪਹਿਲਾਂ ਹੀ ਖਾਤਿਆਂ ਵਿਚ ਮੁਆਵਜ਼ਾ ਰਾਸ਼ੀ ਆ ਗਈ।
ਬਿਨਾਂ ਦਫ਼ਤਰ ਦੇ ਗੇੜਿਆਂ ਤੋਂ ਖਾਤਿਆਂ ’ਚ ਪਹੁੰਚ ਰਹੀ ਮੁਆਵਜ਼ਾ ਰਾਸ਼ੀ: ਸਰਪੰਚ ਹਰਜਿੰਦਰ ਸਿੰਘ
ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਡੀਬੀਟੀ ਰਾਹੀਂ ਮੁਆਵਜਾ ਰਾਸ਼ੀ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਣ ਦੇ ਸਵੇਰੇ ਤੋਂ ਮੈਸੇਜ ਆ ਰਹੇ ਹਨ। ਸਵੇਰ ਤੋਂ ਲੋਕ ਐਸਐਮਐਸ ਦੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਦਫ਼ਤਰ ਦੇ ਗੜੇ ਤੋਂ ਉਨ੍ਹਾਂ ਦੇ ਖਾਤੇ ਵਿਚ ਮੁਆਵਜ਼ਾ ਰਾਸ਼ੀ ਪਹੁੰਚ ਰਹੀ ਹੈ।
CM Bhagwant Mann hand over compensation cheques at Abohar
ਸਰਕਾਰ ਨੇ ਸਾਡੇ ਦੁੱਖਾਂ ਉੱਤੇ ਮੱਲ੍ਹਮ ਲਗਾਈ:ਸੁਰਜੀਤ ਕੌਰ
ਇਕ ਹੋਰ ਲਾਭਪਾਤਰੀ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਸੀ, ਇਸ ਦੌਰਾਨ ਪੂਰਾ ਪਰਿਵਾਰ 4 ਘੰਟੇ ਤੱਕ ਬੀਮ ਹੇਠਾਂ ਦੱਬਿਆ ਰਿਹਾ। ਪਿੰਡ ਵਾਸੀਆਂ ਨੇ ਉਨ੍ਹਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ। ਹੁਣ ਮਕਾਨ ਦੀ ਮੁੜ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 1,20,000 ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਦੇ ਪੈਸੇ ਪਹਿਲਾਂ ਹੀ ਖਾਤੇ ਵਿਚ ਆ ਗਏ ਸਨ। ਪੰਜਾਬ ਸਰਕਾਰ ਨੇ ਸਾਡੇ ਦੁੱਖਾਂ ਉੱਤੇ ਮੱਲ੍ਹਮ ਲਗਾਈ ਹੈ।
CM Bhagwant Mann hand over compensation cheques at Abohar
ਪੰਜਾਬ ਸਰਕਾਰ ਸਦਕਾ ਸਿਰ ਨੂੰ ਮਿਲੇਗੀ ਛੱਤ: ਜੋਗਿੰਦਰ ਸਿੰਘ
ਪੀੜਤ ਜੋਗਿੰਦਰ ਸਿੰਘ ਨੇ ਦੱਸਿਆ ਕਿ, “ਮੇਰੇ ਘਰ ਵਿਚ ਦੋ ਕਮਰੇ ਅਤੇ ਇਕ ਵਰਾਂਡਾ ਸੀ। ਝੱਗੜ ਕਾਰਨ ਸਾਡਾ ਬਹੁਤ ਨੁਕਸਾਨ ਹੋਇਆ। ਪੇਟੀਆਂ ਅਤੇ ਮੰਜੇ ਵੀ ਟੁੱਟ ਗਏ। ਸਭ ਖਤਮ ਹੋ ਗਿਆ ਸੀ। ਸਰਕਾਰ ਵਲੋਂ ਦਿੱਤੀ ਰਾਸ਼ੀ ਨਾਲ ਸਾਡੇ ਸਿਰ ਉੱਤੇ ਛੱਤ ਆ ਜਾਵੇਗੀ। ਪੰਜਾਬ ਸਰਕਾਰ ਦੀਆਂ ਗੱਲਾਂ ਸੱਚੀਆਂ ਹਨ”।
CM Bhagwant Mann hand over compensation cheques at Abohar
ਪਹਿਲੀ ਵਾਰ ਪਾਰਦਰਸ਼ੀ ਢੰਗ ਨਾਲ ਹੋਇਆ ਗਿਰਦਾਵਰੀ ਦਾ ਕੰਮ: ਜਗਦੀਸ਼ ਕੁਮਾਰ
ਇਕ ਹੋਰ ਲਾਭਪਾਤਰੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਗਿਰਦਾਵਰੀ ਦਾ ਕੰਮ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਅਤੇ ਖੇਤਾਂ ਵਿਚ ਜਾ ਕੇ ਹੋਇਆ ਹੈ। ਕੋਈ ਵੀ ਪ੍ਰਭਾਵਿਤ ਕਿਸਾਨ ਅਜਿਹਾ ਨਹੀਂ ਰਿਹਾ, ਜਿਸ ਦੇ ਨੁਕਸਾਨ ਨੂੰ ਪਟਵਾਰੀ ਨੇ ਦਰਜ ਨਾ ਕੀਤਾ ਹੋਵੇ।
ਕਿਸਾਨਾਂ ਦੀ ਦਰਦੀ ਸਰਕਾਰ, ਹਰ ਮੁਸ਼ਕਿਲ ਵਿਚ ਕਿਸਾਨਾਂ ਦੇ ਨਾਲ: ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਜੀ ਵਾਰ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਕੁਦਰਤੀ ਆਫਤਾਂ ਤੋਂ ਪੀੜਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਵੰਡਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬੇਮੌਮਸੀ ਬਰਸਾਤਾਂ ਨੇ ਉਨ੍ਹਾਂ ਦੇ ਹਲਕੇ ਬੱਲੂਆਣਾ ਵਿਚ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਸੀ ਅਤੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਨੁਕਸਾਨ ਹੋਣ ਤੋਂ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਅਤੇ ਫਸਲ ਦੇ ਮੰਡੀਆਂ ਵਿਚ ਆਉਣ ਤੋਂ ਵੀ ਪਹਿਲਾਂ ਮੁਆਵਜ਼ਾ ਵੰਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਥੋੜੇ ਸਮੇਂ ਵਿਚ ਹੀ ਸੂਬੇ ਦਾ ਕੋਈ ਮੁੱਖ ਮੰਤਰੀ ਖੁਦ ਮੁਆਵਜ਼ਾ ਵੰਡਣ ਪਹੁੰਚਿਆ ਹੋਵੇ।
ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਲੂਆਣਾ ਹਲਕੇ ਲਈ 25 ਕਰੋੜ ਰੁਪਏ ਦਾ ਮੁਆਵਜ਼ਾ ਇੱਥੇ ਆ ਕੇ ਵੰਡਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਆਵਜ਼ਾ ਪਿਛਲੀ ਸਰਕਾਰ ਵੇਲੇ ਦਾ ਸੀ। ਪਿਛਲੀਆਂ ਸਰਕਾਰਾਂ ਨੇ ਸਿਰਫ ਐਲਾਨ ਕੀਤਾ ਸੀ ਪਰ ਉਨ੍ਹਾਂ ਦੇ ਵੇਲੇ ਦਾ ਮੁਆਵਜ਼ਾ ਵੀ ਭਗਵੰਤ ਮਾਨ ਸਰਕਾਰ ਨੇ ਦਿੱਤਾ।