
ਅਤਿਵਾਦੀ ਭਰਤੀ ਕਰਨ, ਸਹਾਇਤਾ ਤੇ ਫ਼ੰਡਿੰਗ ਪ੍ਰਦਾਨ ਕਰਨ ਵਾਲਾ ਮਾਡਿਊਲ ਚਲਾ ਰਿਹਾ ਸੀ ਮੁਲਜ਼ਮ : ਡੀਜੀਪੀ ਗੌਰਵ ਯਾਦਵ
Punjab News: ਅਤਿਵਾਦ ਵਿਰੁਧ ਚਲ ਰਹੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਜਰਮਨੀ ਆਧਾਰਤ ਸੰਚਾਲਕ ਪ੍ਰਭਪ੍ਰੀਤ ਸਿੰਘ ਸਿੱਧੂ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਕੇ ਅਤਿਵਾਦੀ ਭਰਤੀ ਕਰਨ, ਫ਼ੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿਤੀ।
ਜ਼ਿਕਰਯੋਗ ਹੈ ਕਿ ਸਾਲ 2020 ਵਿਚ, ਐਸਐਸਓਸੀ ਅੰਮ੍ਰਿਤਸਰ ਵਿਖੇ ਗੁਪਤ ਸੂਚਨਾ ਮਿਲੀ ਸੀ ਕਿ ਕੇਜ਼ੈੱਡਐਫ਼ ਅਤਿਵਾਦੀ ਜਗਦੀਸ਼ ਸਿੰਘ ਭੂਰਾ ਪੰਜਾਬ ਵਿਚ ਕੁੱਝ ਨਾਮਵਰ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ, ਉਸ ਨੇ ਅਪਣੇ ਭਾਰਤ ਅਧਾਰਤ ਸਾਥੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਦਾ ਪਰਦਾਫ਼ਾਸ਼ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤੇ ਸਨ।
ਇਸ ਸਬੰਧੀ ਪੁਲਿਸ ਵਲੋਂ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 13, 17, 18, 18-ਬੀ ਅਤੇ 20 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ 19.12.2020 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਫ਼ਆਈਆਰ ਨੰ.18 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦਸਿਆ ਕਿ ਪੁਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪ੍ਰਗਟਾਵਾ ਕੀਤਾ ਸੀ ਕਿ ਉਹ ਲੋੜੀਂਦੇ ਅਤਿਵਾਦੀ ਜਗਦੀਸ਼ ਸਿੰਘ ਭੂਰਾ ਅਤੇ ਉਸ ਦੇ ਕਰੀਬੀ ਪ੍ਰਭਪ੍ਰੀਤ ਸਿੰਘ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਸੀ ਕਿ ਉਹ ਨਾਮਵਰ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਜਰਮਨੀ ਵਿਚ ਰਹਿ ਰਿਹਾ ਸੀ, ਇਸ ਲਈ ਪੰਜਾਬ ਪੁਲਿਸ ਨੇ ਉਸ ਨੂੰ ਇਸ ਕੇਸ ਵਿਚ ਨਾਮਜ਼ਦ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਬਿਊਰੋ ਆਫ਼ ਇਮੀਗ੍ਰੇਸ਼ਨ, ਨਵੀਂ ਦਿੱਲੀ ਰਾਹੀਂ ਉਸ ਵਿਰੁਧ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰਵਾ ਦਿਤਾ ਸੀ। ਡੀਜੀਪੀ ਨੇ ਕਿਹਾ ਕਿ ਬੁਧਵਾਰ ਨੂੰ ਆਈਜੀਆਈ ਏਅਰਪੋਰਟ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਨੂੰ ਪ੍ਰਭਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈਣ ਬਾਰੇ ਸੂਚਿਤ ਕੀਤਾ। ਇਸ ਉਪਰੰਤ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਦਿੱਲੀ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪ੍ਰਭਪ੍ਰੀਤ 2017 ’ਚ ਵੈਧ ਵੀਜ਼ੇ ’ਤੇ ਪੋਲੈਂਡ ਗਿਆ ਸੀ ਅਤੇ 2020 ’ਚ ਸੜਕ ਰਸਤੇ ਜਰਮਨੀ ਚਲਾ ਗਿਆ ਸੀ ਅਤੇ ਜਰਮਨੀ ’ਚ ਪੱਕੀ ਰਿਹਾਇਸ਼ ਹਾਸਲ ਕਰਨ ਲਈ ਉਸ ਨੇ ਸਿਆਸੀ ਸ਼ਰਨ ਲਈ ਅਰਜ਼ੀ ਦਿਤੀ ਸੀ।
ਏਆਈਜੀ ਨੇ ਦਸਿਆ ਕਿ ਜਰਮਨੀ ਵਿਚ ਰਹਿੰਦਿਆਂ, ਇਹ ਮੁਲਜ਼ਮ ਬੈਲਜੀਅਮ ਸਥਿਤ ਕੇਜ਼ੈਡਐਫ਼ ਅਤਿਵਾਦੀ ਜਗਦੀਸ਼ ਸਿੰਘ ਭੂਰਾ ਦੇ ਸੰਪਰਕ ਵਿਚ ਆਇਆ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ। ਏਆਈਜੀ ਨੇ ਅੱਗੇ ਕਿਹਾ ਕਿ ਦੋਸ਼ੀ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਭਾਰਤੀ ਸਾਥੀ ਲਈ ਫੰਡਿੰਗ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ। ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਦੇ ਪੂਰੇ ਨੈੱਟਵਰਕ ਅਤੇ ਜਿਸ ਮਾਡਿਊਲ ਲਈ ਉਹ ਕੰਮ ਕਰ ਰਿਹਾ ਹੈ, ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਪ੍ਰਭਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰ ਕੇ 15 ਅਪ੍ਰੈਲ 2024 ਤਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
(For more Punjabi news apart from Prabhpreet Singh nabbed at Delhi airport , stay tuned to Rozana Spokesman)