
ਫ਼ਿਰੋਜਪੁਰ-ਲਾਹੌਰ ਰਾਜਮਾਰਗ 'ਤੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ 'ਤੇ ਮਹੱਤਵਪੂਰਨ 280 ਫੁੱਟ ਲੰਮੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ.............
ਫ਼ਿਰੋਜ਼ਪੁਰ, : ਫ਼ਿਰੋਜਪੁਰ-ਲਾਹੌਰ ਰਾਜਮਾਰਗ 'ਤੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ 'ਤੇ ਮਹੱਤਵਪੂਰਨ 280 ਫੁੱਟ ਲੰਮੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ ਉਡਾ ਦਿਤਾ ਗਿਆ ਸੀ ਨੂੰ 47 ਸਾਲ ਬਾਅਦ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਤਿਆਰ ਕੀਤਾ ਗਿਆ ਹੈ। 1971 ਦੇ ਭਾਰਤ-ਪਾਕ ਯੁੱਧ ਤੋਂ ਬਾਅਦ ਇਸ ਜਗਾ 'ਤੇ ਆਵਾਜਾਈ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ਵਿਚ ਬਦਲਣ ਲਈ ਸੈਨਾ ਦੀ ਸੀਮਾ ਸੜਕ ਸੰਗਠਨ ਦੇ ਪ੍ਰਾਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿਤੀ ਗਈ ਸੀ।
ਇਸ ਨਵੇਂ ਬਣੇ ਪੁਲ ਨੂੰ ਅੱਜ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰ ਨੂੰ ਸਮਰਪਤ ਕੀਤਾ। ਇਸ ਮੌਕੇ ਰਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ 'ਤੇ ਪੱਕੇ ਪੁੱਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਬਲਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਅਪਣੀ ਰੋਜ਼ਾਨਾ ਆਵਾਜਾਈ ਵਿਚ ਆਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੁੱਧ ਨਾਇਕਾ ਦੇ ਕਾਰਨ ਇਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁਲ ਜੋ ਕਿ 1971 ਦੇ ਯੁੱਧ ਵਿਚ ਬਰਬਾਦ ਹੋ ਗਿਆ ਸੀ।
ਉਸ ਦਾ ਉਦਘਾਟਨ ਕਰਕੇ ਸਨਮਾਨ ਅਤੇ ਗੌਰਵ ਮਹਿਸੂਸ ਕਰ ਰਹੀ ਹਾਂ। ਰਖਿਆ ਮੰਤਰੀ ਨੇ ਪੁੱਲ ਦੇ ਨਿਰਮਾਣ ਨੂੰ ਸਮੇਂ ਤੋਂ ਪਹਿਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਪੂਰਾ ਕਰਨ ਦੇ ਲਈ ਸੀਮਾ ਸੜਕ ਸੰਗਠਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਰਖਿਆ ਮੰਤਰੀ ਨਿਰਮਲਾ ਸੀਤਾਰਮਨ, ਲੈਫ਼ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਅਤੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਦੇ ਨਾਲ ਐਤਵਾਰ ਸਵੇਰੇ ਫ਼ਿਰੋਜਪੁਰ, ਪਹੁੰਚੀ।
ਬਾਅਦ ਵਿਚ ਰਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਨੂੰ ਫੁਲਾਂ ਦੇ ਨਾਲ ਸ਼ਰਧਾਂਜਲੀ ਦਿਤੀ ਅਤੇ ਏਥੇ ਹਾਜ਼ਰ ਸਾਰਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ, ਲੈਫ ਜਨਰਲ ਸੁਰਿੰਦਰ ਸਿੰਘ ਆਰਮੀ ਕਮਾਂਡਰ ਪੱਛਮੀ ਕਮਾਂਡ, ਜੀ.ਓ.ਸੀ. ਵਜਰਾ ਕੌਰ, ਸਿਵਲ ਅਧਿਕਾਰੀ ਅਤੇ ਹੋਰ ਵਿਅਕਤੀ ਮੌਜੂਦ ਸਨ।