
ਭਾਰਤ ਵਿਚ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫ਼ੀ ਉਤਸ਼ਾਹਤ ਹੁੰਦੇ ਹਨ।
ਮੁਹਾਲੀ: ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਕਾਫ਼ੀ ਖ਼ਰੀਦਦਾਰੀ ਕੀਤੀ ਜਾਂਦੀ ਹੈ। ਬਜ਼ਾਰਾਂ ਵਿਚ ਖ਼ਰੀਦੋ ਫ਼ਰੋਖ਼ਤ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਲੋਕ ਖ਼ਰੀਦਦਾਰੀ ਕਰਨ ਮੌਕੇ ਖ਼ਾਸ ਕਰ ਕੇ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਮਠਿਆਈਆਂ ਖ਼ਰੀਦਣ ਮੌਕੇ ਕਾਫ਼ੀ ਅਣਗਹਿਲੀ ਵਰਤ ਜਾਂਦੇ ਹਨ। ਅੱਜ ਦੇ ਸਮੇਂ ਵਿਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ ਅਤੇ ਹਰ ਚੀਜ਼ ਵਿਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਨਸਾਨੀਅਤ ਦਾ ਮਿਆਰ ਦਿਨੋ-ਦਿਨ ਘਟਦਾ ਜਾ ਰਿਹਾ ਹੈ
sweets
ਜਿਸ ਕਾਰਨ ਸਿਰਫ਼ ਧੋਖਾ, ਠੱਗੀ, ਬੇਈਮਾਨੀ ਹੀ ਵੇਖਣ ਨੂੰ ਮਿਲਦੀ ਹੈ। ਇਕ ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿਚੋਂ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ। ਹਜ਼ਾਰਾਂ ਹੀ ਉਤਪਾਦ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਸੀ ਰੋਜ਼ਾਨਾ ਜੀਵਨ ਵਿਚ ਵਰਤਦੇ ਹਾਂ। ਬਜ਼ਾਰ ਵਿਚ ਵਧੇਰੇ ਮਾਤਰਾ ਵਿਚ ਨਕਲੀ ਚੀਜ਼ਾਂ ਦੀ ਵਿਕਰੀ ਹੋ ਰਹੀ ਹੈ ਅਤੇ ਸਾਡੇ ਵਲੋਂ ਖ਼ਰੀਦੀ ਹੋਈ ਕੋਈ ਵੀ ਚੀਜ਼ ਨਕਲੀ ਹੋ ਸਕਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਸਾਨੂੰ ਬਹੁਤ ਧਿਆਨ ਨਾਲ ਖਰੀਦਦਾਰੀ ਕਰਨੀ ਚਾਹੀਦੀ ਹੈ। ਕੋਈ ਵੀ ਸਮਾਨ ਜਦੋਂ ਘਰ ਆ ਕੇ ਨਕਲੀ ਨਿਕਲਦਾ ਹੈ ਤਾਂ ਮਨ ਦੀ ਸਥਿਤੀ ਤਾਂ ਖ਼ਰਾਬ ਹੁੰਦੀ ਹੀ ਹੈ, ਨਾਲ-ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ। ਇਸ ਦਾ ਇਕੋ ਕਾਰਨ ਹੈ ਵਸਤੂ ਬਾਰੇ ਜਾਣਕਾਰੀ ਦੀ ਘਾਟ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖ਼ਰੀਦਦਾਰੀ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਸਿਹਤ ਖ਼ਰਾਬ ਨਾ ਹੋਵੇ ਅਤੇ ਮਾਲੀ ਨੁਕਸਾਨ ਨਾ ਹੋਵੇ।
Enjoy the festival but avoid artificial sweets
'ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ' ਸਗੋਂ ਅਸਲੀ ਤੇ ਨਕਲੀ ਵਸਤੂ ਵਿਚ ਬਹੁਤ ਫ਼ਰਕ ਹੁੰਦਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ-ਨਾਲ ਬੱਚਿਆਂ ਦੇ ਖਿਡੌਣੇ, ਬਿਜਲੀ ਦੇ ਉਪਕਰਨ, ਸੂਟ-ਬੂਟ ਹਰ ਉਹ ਚੀਜ਼ ਜੋ ਅਸੀ ਰੋਜ਼ਾਨਾ ਵਰਤਦੇ ਹਾਂ, ਵਿਚ ਬੇਈਮਾਨੀ ਵਰਤੀ ਗਈ ਵਿਖਾਈ ਦਿੰਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖ਼ੋਰੀ ਦੇ ਚਲਣ ਕਰ ਕੇ ਇਸ ਸਮੱਸਿਆ ਨੂੰ ਬੰਦ ਕਰਨ ਦਾ ਰਾਹ ਨਹੀਂ ਲੱਭ ਰਿਹਾ। ਲੋੜ ਤੋਂ ਵੱਧ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਾਡੀ ਧਰਤੀ, ਹਵਾ ਤੇ ਪਾਣੀ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਹੋ ਚੁਕੇ ਹਨ।
Enjoy the festival but avoid artificial sweets
ਇਥੋਂ ਤਕ ਕਿ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਲਈ ਵੀ ਜਾਨ ਲੇਵਾ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਣ ਵਾਲੀਆਂ ਸਬਜ਼ੀਆਂ ਤੇ ਫ਼ਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿਖ ਬਦਲਣ ਲਈ ਕੈਮੀਕਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵਿਡੀਉ ਅਸੀ ਅਨੇਕਾਂ ਵਾਰ ਸੋਸ਼ਲ ਮੀਡੀਆ 'ਤੇ ਵੀ ਵੇਖ ਚੁਕੇ ਹਾਂ। ਅੱਜ-ਕੱਲ੍ਹ ਭਾਰਤ ਵਿਚ ਨਕਲੀ ਦੁਧ ਦੀ ਬਹੁਤ ਵਿਕਰੀ ਹੋ ਰਹੀ ਹੈ। ਨਕਲੀ ਦੁਧ ਕਾਰਨ ਕਈ ਤਰ੍ਹਾਂ ਦੇ ਰੋਗ ਉਤਪਨ ਹੋ ਰਹੇ ਹਨ। ਕੈਂਸਰ ਸੱਭ ਤੋਂ ਖ਼ਤਰਨਾਕ ਰੋਗ ਹੈ। ਇਸ ਦਾ ਵੱਡਾ ਕਾਰਨ ਨਕਲੀ ਦੁਧ ਹੀ ਹੈ। ਅੱਜ-ਕੱਲ ਨਕਲੀ ਦੁਧ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਬਣ ਰਹੀਆਂ ਹਨ, ਜਿਵੇਂ ਖੋਆ, ਮੇਵਾ, ਪਨੀਰ, ਬਰਫ਼ੀ, ਘਿਉ ਆਦਿ। ਭਾਰਤ ਵਿਚ ਸਾਲ ਵਿਚ ਕਈ ਤਰ੍ਹਾਂ ਦੇ ਤਿਉਹਾਰ ਆਉਂਦੇ ਹਨ।
ਜਿਵੇਂ ਕਿ ਹੁਣ ਦਿਵਾਲੀ ਦਾ ਤਿਉਹਾਰ ਹੈ, ਇਨ੍ਹਾਂ ਤਿਉਹਾਰਾਂ ਦੌਰਾਨ ਆਮ ਕਰ ਕੇ ਮਠਿਆਈਆਂ ਦੀ ਜ਼ਿਆਦਾ ਖ਼ਰੀਦਦਾਰੀ ਕੀਤੀ ਜਾਂਦੀ ਹੈ। ਜਦ ਲੋਕ ਮਠਿਆਈ ਖਰੀਦਣ ਜਾਂਦੇ ਹਨ ਤਾਂ ਕਈ ਦੁਕਾਨਦਾਰ (ਸਾਰੇ ਨਹੀਂ) ਕਾਫ਼ੀ ਦਿਨਾਂ ਤੋਂ ਬਣੀ ਅਤੇ ਨਕਲੀ ਖੋਏ ਦੀ ਮਠਿਆਈ ਵੇਚ ਦਿੰਦੇ ਹਨ ਜਿਸ ਨਾਲ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕ ਮਠਿਆਈਆਂ ਲੈਂਦੇ ਸਮੇਂ ਜਾਂ ਕੋਈ ਹੋਰ ਦੁਧ ਤੋਂ ਬਣੀ ਚੀਜ਼ ਲੈਂਦੇ ਹਨ ਤਾਂ ਉਹ ਉਸ ਦੀ ਚੰਗੀ ਤਰ੍ਹਾਂ ਪਰਖ ਨਹੀਂ ਕਰਦੇ। ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਮਠਿਆਈ ਨਕਲੀ ਹੈ ਜਾਂ ਅਸਲੀ। ਜ਼ਿਆਦਾ ਗੂੜ੍ਹੇ ਰੰਗ ਦੀਆਂ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਸਾਨੂੰ ਉਸ ਦੁਕਾਨ ਤੋਂ ਮਠਿਆਈਆਂ ਖਰੀਦਣੀਆਂ ਚਾਹੀਦੀਆਂ ਹਨ ਜੋ ਦੁਕਾਨ ਸਾਫ਼-ਸੁਥਰੀ ਹੋਵੇ ਤੇ ਜਿਥੇ ਆਸੇ-ਪਾਸੇ ਗੰਦਗੀ ਨਾ ਹੋਵੇ। ਭਾਰਤ ਵਿਚ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫ਼ੀ ਉਤਸ਼ਾਹਤ ਹੁੰਦੇ ਹਨ।
ਇਸ ਤਿਉਹਾਰ ਤੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕਈ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਜਦੋਂ ਦੁਕਾਨਦਾਰਾਂ ਨੂੰ ਵਧੀਆ ਦੁੱਧ ਨਹੀਂ ਮਿਲਦਾ ਤਾਂ ਉਹ ਨਕਲੀ ਦੁੱਧ ਨਾਲ ਮਠਿਆਈਆਂ ਤਿਆਰ ਕਰ ਕੇ ਵੇਚਦੇ ਹਨ ਜੋ ਕਿ ਪੈਸੇ ਕਮਾਉਣ ਦੇ ਲਾਲਚ ਵਿਚ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਹੈ। ਸਿਹਤ ਸੰਸਥਾਵਾਂ ਨੂੰ ਇਸ ਦਾ ਕੋਈ ਸਾਰਥਕ ਹੱਲ ਲਭਣਾ ਚਾਹੀਦਾ ਹੈ। ਸਾਨੂੰ ਵੀ ਇਸ ਸਬੰਧੀ ਚੌਕਸ ਹੋਣ ਦੀ ਲੋੜ ਹੈ। ਇਸ ਧੰਦੇ ਦੇ ਖ਼ਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ ਨਾਲ ਸਰਕਾਰ ਨੂੰ ਵੀ ਕੁੱਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟ ਕਰਨ ਵਾਲਾ ਹਰ ਬੰਦਾ ਡਰ ਮਹਿਸੂਸ ਕਰੇ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੁੰਦਾ ਖਿਲਵਾੜ ਰੁਕ ਸਕੇ ਤਾਂ ਜੋ ਅਸੀ ਇਨ੍ਹਾਂ ਪਵਿੱਤਰ ਤਿਉਹਾਰਾਂ ਦਾ ਖੁੱਲ੍ਹ ਕੇ ਆਨੰਦ ਮਾਣ ਸਕੀਏ।
ਪ੍ਰਮੋਦ ਧੀਰ ,ਮੋਬਾਈਲ : 98550-31081