
ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਲਗਭਗ 32 ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਇਸ ਦੀ ਵਜ੍ਹਾ ਧੂੜ ਭਰੇ ਵਾਤਾਵਰਣ ਨੂੰ ਦਸਿਆ ਗਿਆ ਜਿਸ ...
ਐਸ.ਏ.ਐਸ. ਨਗਰ: ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਲਗਭਗ 32 ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਇਸ ਦੀ ਵਜ੍ਹਾ ਧੂੜ ਭਰੇ ਵਾਤਾਵਰਣ ਨੂੰ ਦਸਿਆ ਗਿਆ ਜਿਸ ਕਾਰਨ ਦਿਖਾਈ ਦੇਣ ਦੀ ਸਮਰਥਾ ਕਾਫੀ ਘੱਟ ਹੋ ਗਈ ਸੀ। ਇਸ ਦੇ ਨਾਲ ਨਾਲ ਦੋ ਅੰਤਰਰਾਸ਼ਟਰੀ ਉਡਾਣਾਂ (ਦੁਬਈ ਅਤੇ ਸ਼ਾਰਜਾਹ) ਨੂੰ ਵੀ ਰੱਦ ਕਰ ਦਿਤਾ ਗਿਆ। ਇਸ ਨਾਲ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ 4 ਹਜ਼ਾਰ ਦੇ ਲਗਭਗ ਯਾਤਰੀ ਤੰਗ ਪ੍ਰੇਸ਼ਾਨ ਹੁੰਦੇ ਰਹੇ।
ਵੱਡੀ ਗੱਲ ਇਹ ਸੀ ਕਿ ਬਹੁਤੇ ਯਾਤਰੀਆਂ ਨੂੰ ਦੁਪਹਿਰ ਤਕ ਇਸ ਗੱਲ ਦਾ ਆਲਮ ਨਹੀਂ ਸੀ ਕਿ ਉਨ੍ਹਾਂ ਦੀਆਂ ਫ਼ਲਾਈਟਾਂ ਰੱਦ ਹੋ ਚੁੱਕੀਆਂ ਹਨ ਅਤੇ ਏਅਰਪੋਰਟ ਵਿਚ ਪੂਰੀ ਤਰ੍ਹਾਂ ਭੰਬਲਭੂਸਾ ਫੈਲਿਆ ਹੋਇਆ ਸੀ। ਯਾਤਰੀਆਂ ਅਨੁਸਾਰ ਉਨ੍ਹਾਂ ਨੂੰ ਬਾਅਦ ਦੁਪਹਿਰ ਦਸਿਆ ਗਿਆ ਕਿ ਇਹ ਫ਼ਲਾਈਟਾਂ ਰੱਦ ਹੋ ਗਈਆਂ ਹਨ ਕਿਉਂਕਿ ਵਾਤਾਵਰਣ ਵਿਚ ਧੂੜ ਹੀ ਧੂੜ ਭਰੀ ਹੋਈ ਹੈ।
ਇਸ ਦੇ ਨਾਲ ਨਾਲ ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਉਤੇ ਅੱਜ ਇਕ ਵੀ ਫ਼ਲਾਈਟ ਨਹੀਂ ਆਈ। ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਸਬੰਧੀ 15 ਜੂਨ ਨੂੰ ਦੁਪਹਿਰ ਤੋਂ ਬਾਅਦ ਹੀ ਵਾਤਾਵਰਣ ਦੇ ਹਾਲਾਤ ਵਿਚ ਸੁਧਾਰ ਆਵੇਗਾ। ਇਹ ਫ਼ਲਾਈਟਾਂ ਹੋਈਆਂ ਰੱਦ : ਦੋ ਅੰਤਰਰਾਸ਼ਟਰੀ ਫ਼ਲਾਈਟਾਂ ਨਾਲ ਨਾਲ ਦਿੱਲੀ, ਮੁੰਬਈ, ਅਹਿਮਦਾਬਾਦ, ਹੈਦਰਾਬਾਦ, ਪੂਨੇ, ਲੇਹ, ਸ੍ਰੀਨਗਰ, ਲਖਨਊ ਅਤੇ ਕੁੱਲੂ ਦੀਆਂ ਫ਼ਲਾਈਟਾਂ ਰੱਦ ਕੀਤੀਆਂ ਗਈਆਂ।
ਯਾਤਰੀਆਂ ਵਿਚ ਇਸ ਗੱਲ ਦਾ ਰੋਸ ਸੀ ਕਿ ਏਅਰਪੋਰਟ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਫ਼ਲਾਈਟਾਂ ਦੇ ਰੱਦ ਹੋਣ ਸਬੰਧੀ ਹਨੇਰੇ ਵਿਚ ਰਖਿਆ ਗਿਆ। ਇਸ ਸਬੰਧੀ ਯਾਤਰੀਆਂ ਦਾ ਕਹਿਣਾ ਸੀ ਕਿ ਫ਼ਲਾਈਟਾਂ ਰੱਦ ਹੋਣ ਬਾਰੇ ਸਵੇਰੇ ਹੀ ਯਾਤਰੀਆਂ ਨੂੰ ਜਾਣਕਾਰੀ ਦਿਤੀ ਜਾਣੀ ਚਾਹੀਦੀ ਸੀ ਜਦੋਂ ਕਿ ਵੈਬਸਾਈਟ ਉਤੇ ਦੁਪਹਿਰ ਇਕ ਵਜੇ ਤਕ ਕੋਈ ਜਾਣਕਾਰੀ ਨਹੀਂ ਸੀ ਦਿਤੀ ਗਈ। ਇਹੀ ਨਹੀਂ ਇਥੇ ਇਕ ਸਪੈਸ਼ਲ ਬੱਚੇ ਨਾਲ ਆਏ ਹੋਏ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਵ੍ਹੀਲਚੇਅਰ ਉਤੇ ਹੈ ਅਤੇ ਏਅਰਲਾਈਨ ਦੇ ਪ੍ਰਬੰਧਕ ਕਹਿੰਦੇ ਹਨ ਕਿ ਟਿਕਟ ਨੂੰ ਰੀਫੰਡ ਕਰਵਾ ਕੇ ਭਲਕੇ ਤਕ ਅਪਣੇ ਆਪ ਆਪਣੇ ਰਹਿਣ ਦਾ ਇੰਤਜ਼ਾਮ ਕਰੋ।
ਏਅਰ ਇੰਡੀਆ ਦੇ ਪ੍ਰਬੰਧਕਾਂ ਨੇ ਬਹਿਰਹਾਲ ਕਿਹਾ ਕਿ ਉਨ੍ਹਾਂ ਨੇ ਦਿੱਲੀ ਤਕ ਲਈ ਯਾਤਰੀਆਂ ਵਾਸਤੇ ਮੁਫ਼ਤ ਲਗਜ਼ਰੀ ਬਸਾਂ ਦਾ ਪ੍ਰਬੰਧ ਕੀਤਾ ਹੈ। ਸ਼ਾਰਜਾਹ ਜਾਣ ਵਾਲੇ ਯਾਤਰੀਆਂ ਨੂੰ ਬਸਾਂ ਰਾਹੀਂ ਦਿੱਲੀ ਹਵਾਈ ਅੱਗੇ ਲਿਜਾਇਆ ਗਿਆ।ਇਹ ਕਹਿੰਦਾ ਹੈ ਮੌਸਮ ਵਿਭਾਗ : ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਵਿਚ ਆਏ ਧੂੜ ਭਰੇ ਤੂਫਾਨ ਕਾਰਨ ਪੂਰੇ ਵਾਤਾਵਰਨ ਵਿਚ ਧੂੜ ਫੈਲ ਗਈ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਹਾਲਾਤ ਸ਼ੁਕਰਵਾਰ ਸ਼ਾਮ ਤਕ ਰਹਿ ਸਕਦੇ ਹਨ।