
, ਧੱਕੇਸ਼ਾਹੀ ਸਿੱਖਾਂ ਨੂੰ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ
ਅੰਮ੍ਰਿਤਸਰ, 15 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਨੇ ਉੱਤਰ ਪ੍ਰਦੇਸ਼ ਵਿਚ ਵਸਦੇ ਹਜ਼ਾਰਾਂ ਸਿੱਖਾਂ ਨੂੰ ਉਜਾੜੇ ਜਾਣ ਦੀ ਮੰਦਭਾਗੀ ਕਾਰਵਾਈ ਤੇ ਗਹਿਰੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਤਿੰਨ ਪੀੜ੍ਹੀਆਂ ਤੋਂ ਵਸੇ ਸਿੱਖ ਪਰਵਾਰਾਂ ਦੇ ਖੇਤਾਂ ਵਿਚ ਜਬਰੀ ਜੇ.ਸੀ.ਬੀ. ਚਲਾ ਕੇ ਫ਼ਸਲਾਂ ਤਬਾਹ ਕਰਨੀਆਂ ਸਰਾਸਰ ਬੇਇਨਸਾਫ਼ੀ ਤੇ ਧੱਕੇਸ਼ਾਹੀ ਹੈ। ਅਜਿਹੀ ਬੇਇਨਸਾਫ਼ੀ ਸਿੱਖਾਂ ਅੰਦਰ ਬੇਗਾਨਗੀ ਅਤੇ ਰੋਸ ਪ੍ਰਗਟ ਕਰੇਗੀ।
ਕੋਵਿਡ-19 ਦੀ ਮਹਾਂਮਾਰੀ ਕਾਰਨ ਲੋਕ ਨੂੰ ਲਾਕਡਾਊਨ ਕਰ ਕੇ ਘਰਾਂ ਵਿਚ ਬੰਦ ਕੀਤਾ ਹੋਇਆ ਹੈ ਦੂਸਰੇ ਪਾਸੇ ਸਰਕਾਰਾਂ ਅਜਿਹੇ ਚੰਦ ਚਾੜ ਰਹੀਆਂ ਹਨ। ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਬੁੱਢਾ ਦਲ 96 ਕਰੋੜੀ ਨੇ ਕਿਹਾ ਕਿ ਉਤਰ ਪ੍ਰਦੇਸ਼ ਰਾਜ ਦੇ ਤਰਾਈ ਖੇਤਰ ਦੇ ਜ਼ਿਲ੍ਹਾ ਰਾਮਪੁਰ ਦੇ 15 ਪਿੰਡਾਂ, ਬਿਜ਼ਨੌਰ ਅਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਖੇਤਰਾਂ ਵਿਚ ਸਰਕਾਰ ਵਲੋਂ ਫ਼ੋਰਸ ਚਾੜ ਕੇ ਕਿਸਾਨਾਂ ਦੀਆਂ ਜਿਥੇ ਫ਼ਸਲਾਂ ਤਬਾਹ ਕੀਤੀਆਂ ਹਨ ਉੱਥੇ ਧੱਕਾਜ਼ੋਰੀ ਜ਼ਮੀਨਾਂ ਐਕਵਾਇਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੇ ਜੰਗਲ ਬੇਲੇ ਬੀਆਬਾਨ ਹੱਡਭਨਵੀ ਮਿਹਨਤ ਨਾਲ ਵਾਹ ਕੇ ਜ਼ਮੀਨਾਂ ਖੇਤੀਯੋਗ ਬਣਾਈਆਂ। ਮੌਜੂਦਾ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਮੌਜੂਦਾ ਸਰਕਾਰ ਹੀ ਸਿੱਖਾਂ ਨੂੰ ਉਜਾੜਨ 'ਤੇ ਕਿਉਂ ਤੁਲੀ ਹੋਈ ਹੈ। ਸਰਕਾਰ ਨੂੰ ਇਹ ਵਰਤਾਰਾ ਤੁਰਤ ਬੰਦ ਕਰਨਾ ਚਾਹੀਦਾ ਹੈ।