
ਲੜਕਾ-ਲੜਕੀ ਨੂੰ ਮਾਰੀਆਂ ਗੋਲੀਆਂ, ਮੌਤ
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਨੌਸ਼ਿਹਰਾ ਢਾਲਾ ਵਿਖੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ 8 ਵਜੇ ਇਕ ਲੜਕਾ-ਲੜਕੀ ਦੀ ਲਾਸ਼ ਮਿਲੀ। ਇਨ੍ਹਾਂ ਦੋਹਾਂ ਨੇ ਇਕ ਸਾਲ ਪਹਿਲਾਂ ਆਪਣੇ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਦੋਸ਼ ਹੈ ਕਿ ਲੜਕੀ ਦੇ ਪਰਵਾਰ ਵਾਲਿਆਂ ਨੇ ਗੋਲੀਆਂ ਮਾਰ ਕੇ ਦੋਹਾਂ ਦੀ ਹੱਤਿਆ ਕਰ ਦਿੱਤੀ।
Boy-Girl shot dead at Taran Taran
ਜਾਣਕਾਰੀ ਮੁਤਾਬਕ ਪਿੰਡ ਨੌਸ਼ਿਹਰਾ ਢਾਲਾ ਦੇ ਅਮਨਦੀਪ ਸਿੰਘ (24) ਪੁੱਤਰ ਸੁਖਦੇਵ ਸਿੰਘ ਨੇ ਪਿੰਡ ਗਹਿਰੀ ਦੀ ਕੁੜੀ ਅਮਨਪ੍ਰੀਤ ਕੌਰ (23) ਨਾਲ ਅਦਾਲਤ ਰਾਹੀਂ ਇਕ ਸਾਲ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿੰਡ ਨੌਸ਼ਿਹਰਾ ਵਿਖੇ ਹੀ ਰਹਿ ਰਹੇ ਸਨ। ਅੱਜ ਸਵੇਰੇ ਜਦੋਂ ਦੋਵੇਂ ਮੋਟਰਸਾਈਕਲ 'ਤੇ ਪਿੰਡ ਵੱਲ ਆ ਰਹੇ ਸਨ ਤਾਂ ਇਕ ਸਵਿਫ਼ਟ ਕਾਰ 'ਚ ਆਏ ਕੁਝ ਵਿਆਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਅਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਮਨਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ।
Boy-Girl shot dead at Taran Taran
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਕਮਲਜੀਤ ਸਿੰਘ ਔਲਖ ਨੇ ਦਸਿਆ ਕਿ ਇਹ ਮਾਮਲਾ ਇਕ ਸਾਲ ਪਹਿਲਾਂ ਹੋਏ ਲਵ ਮੈਰਿਜ ਰਾਹੀਂ ਵਿਆਹ ਕਰਾਉਣ ਕਾਰਨ ਲੜਕੀ ਪਰਵਾਰ ਦੇ ਰਿਸ਼ਤੇਦਾਰਾਂ ਵਲੋਂ ਰੰਜਿਸ਼ ਰੱਖਣ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਮਾਤਾ-ਪਿਤਾ ਨੇ ਇਸ ਵਿਆਹ ਦੀ ਸਹਿਮਤੀ ਦੇ ਦਿੱਤੀ ਸੀ ਪਰ ਰਿਸ਼ਤੇਦਾਰਾਂ ਨੇ ਇਸ ਦਾ ਵਿਰੋਧ ਕਰਦਿਆਂ ਇਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਇਸ ਘਟਨਾ ਨੂੰ ਲੈ ਕੇ ਪੰਜ ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
Boy-Girl shot dead at Taran Taran
ਇਸ ਮੌਕੇ ਲੜਕੇ ਦੇ ਭਰਾ ਬਿਕਰਮਜੀਤ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਕੁਝ ਲੋਕ ਗੱਡੀਆਂ 'ਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਉਸ ਦੇ ਭਰਾ ਅਤੇ ਭਰਜਾਈ 'ਤੇ ਹਮਲਾ ਕਰ ਦਿੱਤਾ। ਪਿੰਡ ਨੌਸ਼ਹਿਰਾ ਢਾਲਾ ਸਿੰਘ ਭਾਰਤ–ਪਾਕਿਸਤਾਨ ਸਰਹੱਦ ਤੋਂ ਸਿਰਫ਼ 200 ਮੀਟਰ ਦੀ ਦੂਰੀ ਉੱਤੇ ਸਥਿਤ ਹੈ।
Boy-Girl shot dead at Taran Taran
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਮਹੀਨੇ ਅੰਦਰ ਨੌਸ਼ਹਿਰਾ ਢਾਲਾ ਸਿੰਘ 'ਚ ਅਣਖ ਖ਼ਾਤਰ ਹੋਈ ਕਤਲ ਦੀ ਦੂਜੀ ਵਾਰਦਾਤ ਹੈ। ਬੀਤੀ 30 ਜੁਲਾਈ ਨੂੰ ਤਿੰਨ ਜਣਿਆਂ ਨੂੰ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਉਸ ਵਿਅਕਤੀ ਦੇ ਰਿਸ਼ਤੇਦਾਰ ਸਨ, ਜਿਸ ਨੇ ਇਕ ਦਲਿਤ ਔਰਤ ਨਾਲ ਵਿਆਹ ਰਚਾਇਆ ਸੀ।