
31 ਮਾਰਚ ਤੱਕ ਕੰਮ ਮੁਕੰਮਲ ਨਾ ਹੋਣ ਦੀ ਸੂਰਤ ਵਿਚ ਬੰਦ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਾਰੀ ਕੀਤੇ 540 ਕਰੋੜ ਰੁਪਏ
MP ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ ਜਾਣਕਾਰੀ
ਚੰਡੀਗੜ੍ਹ : ਪਾਨੀਪਤ ਤੋਂ ਲੈ ਕੇ ਅੰਮ੍ਰਿਤਸਰ ਤੱਕ ਸੜਕਾਂ ਅਤੇ ਪੁਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਜਿਸ ਲਈ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ 540 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਸਾਰੀ ਜਾਣਕਾਰੀ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਕੀਤੇ ਸ਼ਰਧਾਲੂ ਜਾਂਦੇ ਹਨ ਤਾਂ ਸਭ ਤੋਂ ਵੱਧ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਜਾਂਦੇ ਹਨ। ਪਰ ਸੂਬੇ ਵਿਚ ਸੜਕਾਂ ਦੀ ਖਸਤਾ ਹਾਲਤ ਹੈ ਜਿਸ ਕਾਰਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਸੱਸਿਆ ਕਿ ਪਹਿਲਾਂ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ ਉਸ ਨੇ ਗਬਨ ਕੀਤਾ ਅਤੇ ਭੱਜ ਗਿਆ।
ਹੁਣ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਮੰਤਰੀ ਨਿਤਿਨ ਗਡਕਰੀ ਵਲੋਂ ਵੱਖਰੇ ਤੌਰ 'ਤੇ 540 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਭਰੋਸਾ ਦਿਵਾਇਆ ਹੈ ਕਿ 31 ਮਾਰਚ ਤੱਕ ਸਾਰਾ ਕੰਮ ਮੁਕੰਮਲ ਹੋ ਜਾਵੇਗਾ। ਸਾਂਸਦ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਵਿਚ ਖਾਸ ਤੌਰ 'ਤੇ ਸਰਹਿੰਦ, ਖੰਨਾ, ਲੁਧਿਆਣਾ ਵਿਚ ਤਾਜਪੁਰ ਅਤੇ ਸ਼ੇਰਪੁਰ ਦੇ ਪੁਲਾਂ ਦੀ ਪੂਰੀ ਮੁਰਮੰਤ ਹੋਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਮਹਿੰਗੇ ਪਾਸ ਬਨਵਾਉਣੇ ਪੈਂਦੇ ਹਨ ਪਰ ਸੜਕਾਂ ਅਤੇ ਪੁਲ ਖਸਤਾ ਹਾਲਤ ਵਿਚ ਹਨ। ਜਿਸ 'ਤੇ ਹੁਣ ਸਖਤੀ ਨਾਲ ਕਿਹਾ ਗਿਆ ਹੈ ਕਿ ਜੇਕਰ ਪੂਰਾ ਕੰਮ 31 ਮਾਰਚ ਤੱਕ ਪੂਰਾ ਨਹੀਂ ਹੋਇਆ ਤਾਂ ਲਾਡੋਵਾਲ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ।