
ਬਾਗੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ 16 ਦਸੰਬਰ ਨੂੰ ਨਵੇਂ ਅਕਾਲੀ ਦਲ ਦੇ ਗਠਨ ਦੇ...
ਅੰਮ੍ਰਿਤਸਰ (ਸਸਸ) : ਬਾਗੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ 16 ਦਸੰਬਰ ਨੂੰ ਨਵੇਂ ਅਕਾਲੀ ਦਲ ਦੇ ਗਠਨ ਦੇ ਨਾਲ ਹੀ ਬਾਦਲ ਪਰਵਾਰ ਦੇ ਰਾਜਨੀਤਿਕ ਜੀਵਨ ਦੇ ਅੰਤ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਬ੍ਰਹਮਪੁਰਾ ਸ਼ੁੱਕਰਵਾਰ ਨੂੰ ਮਾਲ ਰੋਡ ਸਥਿਤ ਇਕ ਹੋਟਲ ਵਿਚ ਸ਼ਹਿਰੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਬ੍ਰਹਮਪੁਰਾ ਨੇ ਕਿਹਾ ਕਿ 16 ਦਸੰਬਰ ਨੂੰ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਜਾਵੇਗਾ, ਉਦੋਂ ਬਾਦਲ ਪਰਵਾਰ ਸਿੱਖ ਪੰਥ ਵਿਚ ਅਪਣੇ ਵਿਰੋਧ ਨੂੰ ਦੇਖੇਗਾ। ਉਨ੍ਹਾਂ ਨੇ ਕਿਹਾ, ਬਾਦਲ ਇਹ ਭੁਲੇਖਾ ਨਾ ਪਾਲਣ ਕਿ ਜਿਸ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ‘ਤੇ ਕਬਜ਼ਾ ਹੁੰਦਾ ਹੈ, ਉਹੀ ਅਕਾਲੀ ਦਲ ਪੰਥ ਨੂੰ ਆਦਰ ਯੋਗ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਹ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਮੁਲਾਕਾਤ ਕਰ ਕੇ ਐਸਜੀਪੀਸੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕਰਨਗੇ। ਨਵਾਂ ਅਕਾਲੀ ਦਲ ਐਸਜੀਪੀਸੀ ਦਾ ਚੋਣ ਵੀ ਲੜੇਗਾ। ਲੋਕਸਭਾ ਚੋਣਾਂ ਲੜਨ ਦੇ ਮੁੱਦੇ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਅਜੇ ਇਸ ਉਤੇ ਫ਼ੈਸਲਾ ਨਹੀਂ ਹੋਇਆ ਹੈ। ਇਸ ਮੌਕੇ ‘ਤੇ ਸਾਬਕਾ ਮੰਤਰੀ ਸੇਵਾ ਸਿੰਘ ਸ਼ੇਖਵਾਂ ਨੇ ਕਿਹਾ ਕਿ ਬਾਦਲ ਪਰਵਾਰ ਸ਼੍ਰੀ ਹਰਮੰਦਿਰ ਸਾਹਿਬ ਵਿਚ ਸੇਵਾ ਲਈ ਪਹੁੰਚੇ ਸਨ। ਅਪਣੇ ਨਾਲ ਅਪਣੇ ਪਰਵਾਰ ਦਾ ਟੀਵੀ ਚੈਨਲ ਵੀ ਨਾਲ ਲੈ ਕੇ ਆਏ, ਤਾਂਕਿ ਸੇਵਾ ਦੀ ਬਰਾਂਡਿੰਗ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਬਾਦਲ ਪਰਵਾਰ ਸਮਝ ਲਵੇ ਕਿ ਪੰਥ ਉਨ੍ਹਾਂ ਨੂੰ ਹੁਣ ਸਵੀਕਾਰ ਨਹੀਂ ਕਰੇਗਾ। ਨਾਲ ਹੀ ਉਨ੍ਹਾਂ ਨੇ ਦੱਸਿਆ ਨਵੇਂ ਅਕਾਲੀ ਦਲ ਦੇ ਗਠਨ ਦਾ ਸਿਰਫ਼ ਇਕ ਉਦੇਸ਼ 1920 ਦੇ ਅਕਾਲੀ ਦਲ ਨੂੰ ਦੁਬਾਰਾ ਪਟਰੀ ‘ਤੇ ਲਿਆਉਣਾ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਉਪ-ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਟਕਸਾਲੀ ਅਕਾਲੀ ਆਗੂਆਂ ਵਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਬਾਰੇ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਅਕਾਲੀ ਦਲ 98 ਸਾਲ ਪੁਰਾਣੀ ਸਥਾਪਿਤ ਪਾਰਟੀ ਹੈ।
ਚੀਮਾ ਨੇ ਕਿਹਾ ਕਿ ਅਕਾਲੀ ਵਰਕਰ ਚਾਹੁੰਦੇ ਹਨ ਪਾਰਟੀ ਮਜ਼ਬੂਤ ਹੋਵੇ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਸ਼ਕਤੀ ਦੇ ਨਾਲ ਵਰਕਰ ਚੱਲਣ ਲਈ ਤਿਆਰ ਨਹੀਂ ਹਨ।