
ਲਾਕਡਾਊਨ ਦੌਰਾਨ ਆਏ ਬਿਜਲੀ ਤੇ ਪਾਣੀ ਦੇ ਬਿਲ ਮਾਫ਼ ਕਰੇ ਸਰਕਾਰ : ਰੰਧਾਵਾ
ਲਾਲੜੂ/ਡੇਰਾਬੱਸੀ, 15 ਮਈ (ਰਵਿੰਦਰ ਵੈਸਨਵ, ਗੁਰਜੀਤ ਈਸਾਪੁਰ) : ਆਮ ਆਦਮੀ ਪਾਰਟੀ ਨੇ ਕਰਫ਼ਿਊ ਤੇ ਲਾਕਡਾਊਨ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਦੇ ਆ ਰਹੇ ਪਾਣੀ ਅਤੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਲਾਲੜੂ ਦੇ ਦਫਤਰ ਮੁਹਰੇ ਰੋਸ਼ ਪ੍ਰਦਰਸ਼ਨ ਕੀਤਾ।
ਇਸ ਮੌਕੇ ਵਿਸ਼ੇਸ ਤੌਰ 'ਤੇ ਪੁੱਜੇ ਆਪ ਆਗੂ ਕੁਲਜੀਤ ਰੰਧਾਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸੂਬੇ ਵਿੱਚ ਜਾਰੀ ਕਰਫ਼ਿਊ ਅਤੇ ਲੋਕਡਾਊਨ ਦੇ ਸੰਕਟ ਦੇ ਦੌਰ ਵਿੱਚ ਲੋਕ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਘਰਾਂ ਵਿੱਚ ਵਿਹਲੇ ਬੈਠੇ ਹਨ ਅਤੇ ਇਸ ਵੇਲੇ ਉਨ੍ਹਾਂ ਨੂੰ ਅਪਣਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਪਾਣੀ ਤੇ ਬਿਜਲੀ ਦੇ ਬਿਲ ਮਾਫ਼ ਕਰਕੇ ਇਸ ਸੰਕਟ ਦੀ ਘੜੀ ਉਨ੍ਹਾਂ ਦੀ ਬਾਂਹ ਫੜੇ, ਪਰ ਸਰਕਾਰ ਵੱਲੋਂ ਪਾਣੀ ਅਤੇ ਬਿਜਲੀ ਦੇ ਬਿਲ ਭੇਜ ਕੇ ਉਨ੍ਹਾਂ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ, ਜਿਸ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ।
ਇਸ ਮੌਕੇ ਕੇਸਰ ਸਿੰਘ ਸਾਬਕਾ ਸਰਪੰਚ ਟਿਵਾਣਾ, ਰਵੀ ਰਾਣਾ, ਜ਼ੋਰਾਵਰ ਸਿੰਘ, ਪੁਰਸ਼ੋਤਮ ਸਿੰਘ ਫ਼ੌਜੀ, ਧਰਮਵੀਰ ਰਾਣਾ, ਤੇਜਿੰਦਰ ਸਿੰਘ ਗੋਲਡੀ,ਅਲੋਕ ਸ਼ਰਮਾ, ਬਲਵਿੰਦਰ ਬਾਲੀ, ਹਰਦੇਵ ਸਿੰਘ, ਅਮਰੀਕ ਸਿੰਘ ਧਨੋਨੀ, ਐਚ.ਐਸ.ਕੋਹਲੀ, ਗੁਲਜ਼ਾਰ ਸਿੰਘ ਅਤੇ ਅਜੇ ਕੁਮਾਰ ਆਦਿ ਵੀ ਹਾਜ਼ਰ ਸਨ।