
10,67,800 ਨਸ਼ੀਲੀ ਗੋਲੀਆਂ ਬਰਾਮਦ
ਚੰਡੀਗੜ੍ਹ : ਪੰਜਾਬ ਪੁਲਿਸ ਅਤੇ ਐਸ.ਟੀ.ਐਫ਼. ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਲੜਾਈ 'ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਟ੍ਰੈਮਾਡੋਲ ਗੋਲੀਆਂ ਨੂੰ ਨਸ਼ੇ ਦੇ ਰੂਪ 'ਚ ਵੇਚਣ ਦਾ ਪਰਦਾਫ਼ਾਸ਼ ਕਰਦਿਆਂ ਇਕ ਮੁਲਜ਼ਮ ਕੈਮਿਸਟ ਨੂੰ 10,67,800 ਨਸ਼ੇ ਦੇ ਰੂਪ 'ਚ ਵਰਤੀਆਂ ਜਾਂਦੀਆਂ ਦਵਾਈਆਂ ਨਾਲ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ।
Punjab Police busts major drug racket habit forming drugs
ਸਪੈਸ਼ਲ ਟਾਸਕ ਫ਼ੋਰਸ ਦੇ ਮੋਹਾਲੀ ਸਥਿਤ ਹੈੱਡ ਕੁਆਰਟਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਪ੍ਰਗਟਾਵਾ ਕਰਿਦਆਂ ਐਸ.ਟੀ.ਐਫ਼. ਮੁਖੀ ਗੁਰਪ੍ਰੀਤ ਕੌਰ ਦਿਓ ਏ.ਡੀ.ਜੀ.ਪੀ. ਨੇ ਦੱਸਿਆ ਕਿ ਇਸ ਗਰੋਹ ਦਾ ਸਰਗਨਾ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿੰਡੀ ਗਲੀ ਲੁਧਿਆਣਾ ਵਿਖੇ ਪਲਾਟੀਨਮ ਹੈਲਥ ਕੇਅਰ ਨਾਂ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 20,500 ਗੋਲੀਆਂ ਬਰਾਮਦ ਹੋਈਆਂ।
Drugs
ਉਨ੍ਹਾਂ ਦੱਸਿਆ ਕਿ ਮੁਲਜ਼ਮ ਕੈਮਿਸਟ ਦੀ ਗ੍ਰਿਫ਼ਤਾਰੀ ਬਠਿੰਡਾ ਪੁਲਿਸ ਵੱਲੋਂ ਇਕ ਨਸ਼ਾ ਤਸਕਰ ਸੁਨੀਲ ਕੁਮਾਰ ਉਰਫ਼ ਸੋਨੂੰ ਵਾਸੀ ਮੌੜ ਮੰਡੀ ਦੀ ਗ੍ਰਿਫ਼ਤਾਰੀ ਦੌਰਾਨ ਕੀਤੀ ਪੁਛਿਗਿਛ ਦੇ ਆਧਾਰ 'ਤੇ ਕੀਤੀ ਗਈ। ਸੋਨੂੰ ਪਾਸੋਂ ਪੁਲਿਸ ਨੇ ਉਸ ਦੀ ਹੁੰਦਈ ਕਾਰ 'ਚੋਂ 1.56 ਲੱਖ ਗੋਲੀਆਂ ਬਰਾਮਦ ਕੀਤੀਆਂ ਸਨ। ਸੋਨੂੰ ਵੱਲੋਂ ਕੀਤੇ ਕਬੂਲਨਾਮੇ ਕਿ ਪਾਬੰਦੀਸ਼ੁਦਾ ਗੋਲੀਆਂ ਦਾ ਵੱਡਾ ਜ਼ਖੀਰਾ ਮੌੜ ਮੰਡੀ ਅਧਾਰਤ ਦਿੱਲੀ-ਪੰਜਾਬ ਟਰਾਂਸਪੋਰਟ ਕੰਪਨੀ ਦੇ ਗੋਦਾਮ 'ਚ ਪਿਆ ਹੈ, ਦੇ ਆਧਾਰ 'ਤੇ ਪੁਲਿਸ ਵੱਲੋਂ 9,11,400 ਟ੍ਰੈਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਸੋਨੂੰ ਨੇ ਹੀ ਇਹ ਇੰਕਸ਼ਾਫ਼ ਕੀਤਾ ਸੀ ਕਿ ਉਸ ਨੇ ਇਹ ਮਾਲ ਪ੍ਰਦੀਪ ਗੋਇਲ ਤੋਂ ਪ੍ਰਾਪਤ ਕੀਤਾ ਸੀ।
Drugs
ਐਸ.ਟੀ.ਐਫ. ਮੁਖੀ ਨੇ ਲੁਧਿਆਣਾ ਤੋਂ ਕਾਬੂ ਕੀਤੇ ਗਏ ਕੈਮਿਸਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਨਾਲ ਸਬੰਧਤ ਧੰਦਾ ਵੱਡੇ ਪੱਧਰ 'ਤੇ ਕਰ ਰਿਹਾ ਸੀ। ਉਸ ਨੇ ਸਾਲ 2007 'ਚ ਏ.ਪੀ. ਮੈਡੀਕਲ ਸਟੋਰ, ਟੱਕਰ ਕੰਪਲੈਕਸ, ਪਿੰਡੀ ਗਲੀ, ਲੁਧਿਆਣਾ ਦੇ ਪਤੇ 'ਤੇ ਥੋਕ ਡਰੱਗ ਲਾਇਸੰਸ ਲਿਆ ਸੀ। ਉਸ ਤੋਂ ਬਾਅਦ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਤੋਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਹੋਣ ਕਰ ਕੇ ਉਸ ਦਾ ਲਾਇਸੰਸ 21 ਦਿਨਾਂ ਲਈ ਮੁਅੱਤਲ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਇਸੇ ਫ਼ਰਮ ਦਾ ਨਾਮ 2011 'ਚ ਤਬਦੀਲ ਕਰ ਕੇ ਜੈ ਮਾਂ ਕਰਵਾ ਲਿਆ ਸੀ। ਪਰ ਉਸ ਦਾ ਇਹ ਲਾਇਸੰਸ ਵੀ ਉਸ ਦੇ ਕਬਜ਼ੇ 'ਚੋਂ 7 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਬਾਅਦ 2018 'ਚ ਰੱਦ ਕਰ ਦਿੱਤਾ ਗਿਆ ਸੀ।
Punjab Police busts major drug racket habit forming drugs
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਬੰਧਤ ਮੁਲਜ਼ਮ ਨੇ ਆਪਣੀ ਨਵੀਂ ਫ਼ਰਮ ਪਲਾਟੀਨਮ ਹੈਲਥ ਕੇਅਰ ਆਪਣੇ ਸਾਲੇ ਸੰਦੀਪ ਗਰਗ ਵਾਸੀ ਸੋਲਨ ਦੇ ਨਾਮ 'ਤੇ ਕੈਮਿਸਟ ਦਾ ਲਾਇਸੰਸ ਲੈ ਕੇ ਬਣਾ ਲਈ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਵੱਲੋਂ ਪੰਜਾਬ ਭਰ 'ਚ ਕਰੀਬ 70 ਲੱਖ ਗੋਲੀਆਂ, ਪ੍ਰਮੁੱਖ ਤੌਰ 'ਤੇ ਅੰਮ੍ਰਿਤਸਰ, ਫ਼ਗਵਾੜਾ, ਹੁਸ਼ਿਆਰਪੁਰ ਤੇ ਬਠਿੰਡਾ ਵਗੈਰਾ 'ਚ ਪਿਛਲੇ 10 ਮਹੀਨਿਆਂ 'ਚ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।
Chemist
5 ਮਹੀਨਿਆਂ 'ਚ 421 ਕੈਮਿਸਟਾਂ ਦੇ ਲਾਇਸੰਸ ਰੱਦ :
ਗੱਲਬਾਤ ਦੌਰਾਨ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਕੇ.ਐਸ. ਪਨੂੰ ਨੇ ਦੱਸਿਆ ਕਿ ਪੰਜਾਬ ਵਿਚ ਤਕਰੀਬਨ 16000 ਲਾਇਸੰਸ ਧਾਰਕ ਕੈਮਿਸਟ ਦਵਾਈਆਂ ਵੇਚ ਰਹੇ ਹਨ ਜਿਨਾਂ ਵਿੱਚੋਂ 117 ਦੁਕਾਨਦਾਰਾਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਦੀਆਂ ਪਾਈਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ 5 ਮਹੀਨਿਆਂ ਦੌਰਾਨ 421 ਲਾਇਸੰਸ ਰੱਦ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਲੰਘਣਾ ਕਰਨ ਵਾਲੇ 15 ਕੈਮਿਸਟਾਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ 10 ਨੂੰ ਭਗੌੜੇ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਕ ਵਾਰ ਲਾਇਸੰਸ ਰੱਦ ਹੋਣ ਤੋਂ ਬਾਅਦ ਕਿਸੇ ਵੀ ਕੈਮਿਸਟ ਨੂੰ ਨਵਾਂ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ।
Punjab Police busts major drug racket habit forming drugs
ਹੁਣ ਤਕ 33,591 ਨਸ਼ਾ ਤਸਕਰ ਗ੍ਰਿਫ਼ਤਾਰ :
ਗੁਰਪ੍ਰੀਤ ਦਿਓ ਨੇ ਦੱਸਿਆ ਕਿ ਅਜਿਹੀਆਂ ਗ਼ੈਰ-ਕਾਨੂਨੀ ਕਾਰਵਾਈਆਂ 'ਤੇ ਸਖ਼ਤ ਪਾਬੰਦੀ ਨੂੰ ਯਕੀਨੀ ਬਣਾਉਂਦਿਆਂ ਐਸ.ਟੀ.ਐਫ. ਨੇ 14 ਜੁਲਾਈ, 2019 ਤੱਕ 33,591 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਨਾਲ 759.662 ਕਿਲੋਗ੍ਰਾਮ ਹੈਰੋਇਨ ਅਤੇ 17.881 ਕਿਲੋਗ੍ਰਾਮ ਸਮੈਕ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਐਸ.ਟੀ.ਐਫ. ਵੱਲੋਂ 97986.416 ਕਿਲੋਗ੍ਰਾਮ ਅਫ਼ੀਮ, 296.039 ਕਿਲੋਗ੍ਰਾਮ ਭੁੱਕੀ, 296.039 ਕਿਲੋਗ੍ਰਾਮ ਚਰਸ, 5474.671 ਕਿਲੋਗ੍ਰਾਮ ਗਾਂਜਾ, 755.126 ਕਿਲੋਗ੍ਰਾਮ ਭੰਗ, 0.726 ਕਿਲੋਗ੍ਰਾਮ ਕੋਕੇਨ, 10.06 ਕਿਲੋਗ੍ਰਾਮ ਬਰਫ਼, 344.884 ਕਿਲੋਗ੍ਰਾਮ ਨਸ਼ੀਲਾ ਪਾਊਡਰ, 117008 ਨਸ਼ੀਲੇ ਟੀਕੇ ਅਤੇ 16203651 ਨਸ਼ੀਲੀਆਂ ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਹਨ।