
ਭਲਕੇ ਅਦਾਲਤ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਫ਼ਰੀਦਕੋਟ ਵਿਖੇ ਕੀਤੀ ਜਾਣ ਵਾਲੀ ਪੋਲ-ਖੋਲ੍ਹ ਰੈਲੀ ਨੂੰ ਰੋਕਣ ਲਈ ਪੰਥਕ ਧਿਰਾਂ............
ਬਠਿੰਡਾ : ਭਲਕੇ ਅਦਾਲਤ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਫ਼ਰੀਦਕੋਟ ਵਿਖੇ ਕੀਤੀ ਜਾਣ ਵਾਲੀ ਪੋਲ-ਖੋਲ੍ਹ ਰੈਲੀ ਨੂੰ ਰੋਕਣ ਲਈ ਪੰਥਕ ਧਿਰਾਂ ਨੇ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਫ਼ਰੀਦਕੋਟ ਪੁੱਜਣ ਦੀ ਅਪੀਲ ਕੀਤੀ ਹੈ। ਅੱਜ ਬਠਿੰਡਾ ਪ੍ਰੈਸ ਕਲੱਬ 'ਚ ਹੋਈ ਪੱਤਰਕਾਰ ਵਾਰਤਾ ਦੌਰਾਨ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਪ੍ਰਦੀਪ ਸਿੰਘ ਚਾਂਦਪੁਰਾ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਸਿੰਘ ਬਾਲਿਆਵਾਲੀ, ਹਰਦੀਪ ਸਿੰਘ ਮਹਿਰਾਜ ਆਦਿ ਨੇ ਇਕਸੁਰ ਹੁੰਦਿਆਂ ਦਾਅਵਾ ਕੀਤਾ
ਕਿ ''ਬਾਦਲਾਂ ਵਲੋਂ ਅਪਣੀ ਖੁੱਸੀ ਸਾਖ ਨੂੰ ਬਹਾਲ ਕਰਨ ਲਈ ਪ੍ਰੇਮੀਆਂ ਦੇ ਸਹਿਯੋਗ ਨਾਲ ਉਥੇ ਤਾਕਤ ਦਾ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਥੇ ਉਨ੍ਹਾਂ ਦੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ ਗਈ ਤੇ ਨਾਲ ਹੀ ਨਿਹੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।'' ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਨੂੰ ਇਸ ਸਬੰਧੀ ਇਤਲਾਹ ਕਰ ਦਿਤੀ ਗਈ ਹੈ ਕਿ ਬਾਦਲਾਂ ਦੀ ਰੈਲੀ ਦੇ ਬਰਾਬਰ ਪੰਥਕ ਧਿਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ ਤੇ ਜੇਕਰ ਇਸ ਦੌਰਾਨ ਕੋਈ ਹਿੰਸਕ ਘਟਨਾ ਹੁੰਦੀ ਹੈ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਇਸ ਮੌਕੇ ਸੀ.ਬੀ.ਆਈ ਦੀ ਭੂਮਿਕਾ ਉਪਰ ਵੀ ਸਵਾਲ ਚੁਕੇ ਤੇ ਦੋਸ਼ ਲਗਾਇਆ ਕਿ ਭਾਜਪਾ ਵੋਟਾਂ ਦੀ ਰਾਜਨੀਤੀ ਲਈ ਬਾਦਲਾਂ ਨਾਲ ਮਿਲ ਕੇ ਪੰਜਾਬ ਨੂੰ ਮੁੜ ਭੱਠੀ ਵਿਚ ਝੋਕਣ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਥਕ ਧਿਰਾਂ ਦੀ ਅਕਾਲੀ ਦਲ ਜਾਂ ਇਸ ਦੇ ਸਮੂਹ ਆਗੂਆਂ ਤੇ ਵਰਕਰਾਂ ਨਾਲ ਕੋਈ ਦੁਸ਼ਮਣੀ ਨਹੀਂ,
ਬਲਕਿ ਉਹ ਬਾਦਲਾਂ ਸਹਿਤ ਦਲ 'ਚ ਬੇਠੇ ਭ੍ਰਿਸ਼ਟ ਆਗੂਆਂ ਨੂੰ ਘਰ ਦਾ ਰਸਤਾ ਦਿਖਾ ਕੇ ਇਸ ਦੀ ਪੁਰਾਤਨ ਸ਼ਾਨ ਬਹਾਲ ਕਰਵਾਉਣਾ ਚਾਹੁੰਦੇ ਹਨ, ਜਿਸ ਵਿਚ ਸਮੂਹ ਅਕਾਲੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਪੰਥਕ ਆਗੂਆਂ ਨੇ ਭਲਕ ਦੀ ਰੈਲੀ ਵਿਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਕਾਲੀਆਂ ਨਾ ਜਾਣ ਦੀ ਅਪੀਲ ਕੀਤੀ।