
ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਮਰਹੂਮ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ..........
ਸੰਗਰੂਰ : ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਮਰਹੂਮ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਸਕਾਰਪੀਉ ਗੱਡੀ, ਡੇਢ ਕਿਲੋ ਅਫ਼ੀਮ ਵੀ ਬਰਾਮਦ ਹੋਈ ਹੈ। ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਨੇ ਦਸਿਆ ਕਿ ਮਾਰਕੀਟ ਕਮੇਟੀ ਧੂਰੀ ਕੋਲ ਨਾਕਾਬੰਦੀ ਦੌਰਾਨ ਕਾਰ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਉਕਤ ਸਮਾਨ ਬਰਾਮਦ ਹੋਇਆ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਗ੍ਰਿਫ਼ਤਾਰ ਜਾਮਨ ਖ਼ਾਨ ਸੀ. ਆਰ. ਪੀ. ਐਫ਼ ਵਿਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਸੀ ਅਤੇ ਸਾਲ 1982 ਵਿਚ ਮੈਡੀਕਲ ਪੈਨਸ਼ਨ 'ਤੇ ਆ ਗਿਆ।
ਫਿਰ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋਣ ਮਗਰੋਂ ਉਸ ਦੀ ਸਾਲ 1997 ਵਿਚ ਪੈਨਸ਼ਨ ਬੰਦ ਹੋ ਗਈ ਸੀ। ਬਾਅਦ ਵਿਚ ਉਸ ਦੇ ਸਬੰਧ ਸੁੱਖਾ ਕਾਹਲਵਾਂ ਨਾਲ ਬਣ ਗਏ। ਸੁੱਖਾ ਕਾਹਲਵਾਂ ਇਸ ਦੇ ਘਰ ਠਹਿਰਦਾ ਰਿਹਾ ਜਿਸ ਨੇ ਗੈਂਗ ਨਾਲ ਮਿਲ ਕੇ ਜਲੰਧਰ, ਫ਼ਤਿਹਾਬਾਦ (ਹਰਿਆਣਾ), ਸਿਟੀ ਟੋਹਾਣਾ ਵਿਖੇ ਵਾਰਦਾਤਾਂ ਕੀਤੀਆਂ। ਇਸ ਸਬੰਧੀ ਮੁਕੱਦਮੇ ਦਰਜ ਹਨ।
ਇਸ ਨੇ ਇਹ ਅਫ਼ੀਮ ਏਅਰ ਪੋਰਟ ਰੋਡ ਜ਼ੀਰਕਪੁਰ ਵਿਖੇ ਕਿਸੇ ਡਰਾਈਵਰ ਸ਼ਿੰਗਾਰਾ ਸਿੰਘ ਰਾਹੀਂ ਬਹਾਦਰ ਸਿੰਘ ਸਰਪੰਚ ਪਿੰਡ ਮਟਰਾਂ ਨੂੰ ਦੇਣੀ ਸੀ। ਉਨ੍ਹਾਂ ਦਸਿਆ ਕਿ ਜਾਮਨ ਖ਼ਾਨ ਵਿਰੁਧ ਐਨ.ਡੀ.ਪੀ.ਐਸ. ਐਕਟ ਤਹਿਤ ਤਿੰਨ ਮਾਮਲੇ, ਲੁੱਟ ਖੋਹ, ਚੋਰੀ ਤੇ ਅਸਲਾ ਐਕਟ ਦੇ ਤਿੰਨ ਮਾਮਲੇ ਪਹਿਲਾਂ ਹੀ ਦਰਜ ਹਨ।