
ਕਿਹਾ, ਸਖ਼ਤ ਮਿਹਨਤ ਅਤੇ ਲਗਨ ਨਾਲ ਹਾਸਲ ਕੀਤਾ ਜਾ ਸਕਦੈ ਮਨਚਾਹਿਆ ਮੁਕਾਮ!
ਚੰਡੀਗੜ੍ਹ : ਬੋਰਡ ਪ੍ਰੀਖਿਆਵਾਂ ਵਿਚ ਆਮ ਤੌਰ 'ਤੇ ਨੰਬਰਾਂ ਦੀ ਖੇਡ ਨੂੰ ਬੜੀ ਮਹੱਤਤਾ ਦਿਤੀ ਜਾਂਦੀ ਹੈ। ਚੱਲ ਰਹੀ ਧਾਰਨਾ ਮੁਤਾਬਕ ਜਿਹੜੇ ਬੱਚੇ ਬੋਰਡ ਪ੍ਰੀਖਿਆਵਾਂ ਵਿਚ ਅੱਵਲ ਆਉਂਦੇ ਹਨ, ਅੱਗੇ ਜਾ ਕੇ ਉਹ ਹੀ ਬੁਲੰਦੀਆਂ ਨੂੰ ਛੂਹ ਪਾਉਂਦੇ ਹਨ, ਜਦਕਿ ਘੱਟ ਨੰਬਰ ਵਾਲਿਆਂ ਨੂੰ ਅਕਸਰ ਹੀ ਇਸ ਦੌੜ ਵਿਚੋਂ ਬਾਹਰ ਹੀ ਸਮਝਿਆ ਜਾਂਦਾ ਹੈ। ਜਦਕਿ ਅਸਲ ਵਿਚ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ, ਅਤੇ ਨਾ ਹੀ ਇਹ ਹਰ ਇਕ 'ਤੇ ਪੂਰੀ ਤਰ੍ਹਾਂ ਢੁਕਦੀਂ ਹੈ।
IPS Officer Aditya
ਮਾਹਿਰਾਂ ਮੁਤਾਬਕ ਵੱਡੇ ਕੋਰਸਾਂ 'ਚ ਸਫ਼ਲਤਾ ਤੁਹਾਡੀ ਸਖ਼ਤ ਮਿਹਨਤ, ਲਗਨ ਅਤੇ ਉਤਸ਼ਾਹ 'ਤੇ ਨਿਰਭਰ ਕਰਦਾ ਹੈ। ਬੇਸ਼ੱਕ ਕਿਸੇ ਦੇ ਬੋਰਡ ਪ੍ਰੀਖਿਆਵਾਂ 'ਚ ਨੰਬਰ ਕੋਈ ਬਹੁਤੇ ਵਧੀਆ ਨਾ ਆਏ ਹੋਣ, ਇਸ ਦੇ ਬਾਵਜੂਦ ਅਗਲੇ ਕੋਰਸਾਂ 'ਚ ਸਖ਼ਤ ਮਿਹਨਤ ਅਤੇ ਲਗਨ ਦੇ ਸਿਰ 'ਤੇ ਬੁਲੰਦੀਆਂ ਤਕ ਪਹੁੰਚਿਆ ਜਾ ਸਕਦਾ ਹੈ। ਇਹੋ ਅਜਿਹੀ ਹੀ ਕਹਾਣੀ ਹੈ ਆਈਪੀਐਸ ਅਧਿਕਾਰੀ ਅਦਿੱਤਿਆ ਦੀ, ਜਿਸ ਨੇ ਬੋਰਡ ਪ੍ਰੀਖਿਆ 'ਚ 67 ਫ਼ੀ ਸਦੀ ਅੰਕ ਆਉਣ ਦੇ ਬਾਵਜੂਦ ਅਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਆਈਪੀਐਸ ਬਣਨ ਦੇ ਸੁਪਨੇ ਨੂੰ ਪੂਰਾ ਕਰ ਵਿਖਾਇਆ ਹੈ।
IPS Officer Aditya
ਅਦਿੱਤਿਆ ਨੇ ਸਾਲ 2009 ਵਿਚ ਰਾਜਸਥਾਨ ਬੋਰਡ ਦੀ ਪ੍ਰੀਖਿਆ ਕੇਵਲ 67 ਫ਼ ੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਉਹ ਸਿਵਲ ਅਫ਼ਸਰ ਬਣਨ ਦਾ ਸੁਪਨਾ ਦਿਲ 'ਚ ਸਮੋਈ ਬੈਠਾ ਸੀ, ਪਰ ਕੇਵਲ 67 ਫ਼ੀਸਦੀ ਨੰਬਰ ਆਉਣਾ, ਉਸ ਦੇ ਇਸ ਸੁਪਨੇ ਦੇ ਪੂਰਾ ਹੋਣ ਦੇ ਰਾਹ 'ਚ ਰੌੜਾ ਬਣਨ ਦੇ ਅਸਾਰ ਸਨ। ਫਿਰ ਉਸ ਨੇ ਅਪਣੀ ਸਖ਼ਤ ਮਿਹਨਤ ਤੇ ਲਗਨ ਦੇ ਬਲਬੂਤੇ 'ਤੇ ਅੱਠ ਸਾਲ ਦੇ ਅਰਸੇ ਬਾਅਦ ਯੂਪੀਐਸਸੀ ਦੀ ਪ੍ਰੀਖਿਆ ਪ੍ਰਕਿਰਿਆ 'ਚ ਸਫ਼ਲਤਾ ਹਾਸਲ ਕੀਤੀ। ਇਸ ਤੋਂ ਅਗਲੇ ਹੀ ਸਾਲ ਉਹ ਪੰਜਾਬ ਕੇਡਰ ਦਾ ਆਈਪੀਐਸ ਅਧਿਕਾਰੀ ਬਣ ਗਿਆ। ਫਿਲਹਾਲ ਉਹ ਸੰਗਰੂਰ ਵਿਚ ਸਹਾਇਕ ਸੁਪਰਡੈਂਟ ਆਫ ਪੁਲਿਸ ਵਜੋਂ ਤਾਇਨਾਤ ਹੈ ਤੇ ਹੈਦਰਾਬਾਦ ਵਿਚ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਹੈ।
IPS Officer Aditya
ਆਦਿੱਤਿਆ ਨੇ ਅਪਣੀ ਬੋਰਡ ਦੀ ਪ੍ਰੀਖਿਆ ਤੋਂ ਲੈ ਕੇ ਯੂਪੀਐਸਸੀ ਵਿਚ ਅਪਣੀ ਅੰਤਮ ਚੋਣ ਤਕ ਦੇ ਸਫ਼ਰ ਦੀ ਕਹਾਣੀ ਦੱਸੀ। ਇਸ ਸਮੇਂ ਦੌਰਾਨ ਉਹ ਬਗੈਰ ਕਿਸੇ ਸਫਲਤਾ ਦੇ ਦੋ ਦਰਜਨ ਤੋਂ ਵੱਧ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸ਼ਾਮਲ ਹੋਇਆ ਤੇ ਚੌਥੀ ਕੋਸ਼ਿਸ਼ 'ਚ ਉਸ ਨੇ ਯੂਪੀਐਸਸੀ ਦੀ ਪ੍ਰੀਖਿਆ ਨੂੰ ਕਲੀਅਰ ਕੀਤਾ। ਦੱਸ ਦਈਏ ਕਿ ਆਦਿੱਤਿਆ ਨੇ ਪਹਿਲਾਂ ਇੰਜਨੀਅਰ ਬਣਨ ਦੀ ਕੋਸ਼ਿਸ਼ ਕੀਤੀ, ਪਰ ਦਾਖ਼ਲਾ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਆਈਪੀਐਸ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਮੇਰੇ ਪਿਤਾ ਨੇ ਮੈਨੂੰ ਸਿਵਲ ਸੇਵਾਵਾਂ ਦੀ ਤਿਆਰੀ ਲਈ ਪ੍ਰੇਰਿਆ। ਉਨ੍ਹਾਂ ਨੇ ਵੀ ਯੂਪੀਐਸਸੀ ਦੀ ਪ੍ਰੀਖਿਆ ਵਿਚ ਕੋਸ਼ਿਸ਼ ਕੀਤੀ ਪਰ ਇਸ ਵਿਚ ਸਫ਼ਲ ਨਹੀਂ ਹੋ ਸਕੇ ਪਰ ਉਸ ਦੇ ਬਹੁਤ ਸਾਰੇ ਦੋਸਤਾਂ ਨੇ ਇਸ ਨੂੰ ਕਲੀਅਰ ਕੀਤਾ ਤੇ ਉਹ ਮੇਰੀ ਪ੍ਰੇਰਣਾ ਬਣ ਗਏ।“
IPS Officer Aditya
ਅਦਿੱਤਿਆ ਦਾ ਕਹਿਣਾ ਹੈ ਕਿ 'ਸਾਡੀ ਕੋਈ ਜ਼ਮੀਨ ਜਾਂ ਕੋਈ ਕਾਰੋਬਾਰ ਨਹੀਂ ਹੈ। ਸਾਡੇ ਲਈ ਸਿੱਖਿਆ ਸਭ ਕੁਝ ਹੈ ਤੇ ਸਫ਼ਲਤਾ ਦੀ ਇਹ ਇੱਕੋ ਇਕ ਪੌੜੀ ਹੈ। ਇਕ ਵਾਰ ਜਦੋਂ ਮੈਂ ਇਸ ਗੱਲ ਨੂੰ ਸਮਝ ਲਿਆ ਤਾਂ ਮੈਂ ਜਾਣਦਾ ਹਾਂ ਕਿ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਰਾਹੀਂ ਨੌਕਰੀਆਂ ਦੀ ਭਾਲ ਕਰਨੀ ਪੈਂਦੀ ਹੈ। ਮੈਂ ਅਪਣੀ ਸਾਰੀ ਪੜ੍ਹਾਈ ਹਿੰਦੀ ਮਾਧਿਅਮ ਰਾਹੀਂ ਕੀਤੀ ਹੈ ਤੇ ਹਿੰਦੀ ਵਿਚ ਵੀ ਪ੍ਰੀਖਿਆ ਦੀ ਤਿਆਰੀ ਕੀਤੀ। ਸਾਲ 2013 ਵਿਚ ਮੈਂ ਆਪਣੀ ਸਿਵਲ ਸੇਵਾ ਦੀ ਤਿਆਰੀ ਦੇ ਮਕਸਦ ਨਾਲ ਪਹਿਲੀ ਵਾਰ ਦਿੱਲੀ ਜਾਣ ਲਈ ਅਪਣਾ ਪਿੰਡ ਛੱਡਿਆ ਸੀ।“ਆਦਿੱਤਿਆ ਨੇ ਪਹਿਲੀ ਵਾਰ ਸਾਲ 2014 ਵਿਚ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਦਾਖ਼ਲ ਹੋਏ ਸੀ, ਪਰ ਪ੍ਰੀਖਿਆਵਾਂ ਕਲੀਅਰ ਨਹੀਂ ਹੋ ਸਕੇ। ਮੈਂ ਅਪਣੀ ਜ਼ਿੰਦਗੀ ਵਿਚ ਸਿੱਖਿਆ ਕਿ ਕਿਸੇ ਨੂੰ ਵੀ ਹਲਕੇ 'ਚ ਨਾ ਲਓ। ਮੈਂ ਦੁਬਾਰਾ ਤਿਆਰੀ ਕੀਤੀ ਅਤੇ 2017 ਵਿਚ ਸਫ਼ਲਤਾ ਮਿਲੀ।