
ਪੁਲਿਸ ਵਲੋਂ ਡਿਪੋ ਹੋਲਡਰ ਅਤੇ ਡਰਾਇਵਰ ਦੇ ਵਿਰੁਧ ਮਾਮਲਾ ਦਰਜ
ਮੋਗਾ: ਜੰਡਿਆਲਾ ਗੁਰੂ ਦੇ ਨੇੜੇ ਪਿੰਡ ਗਹਿਰੀ ਮੰਡੀ ਸਥਿਤ ਰਾਜਪਾਲ ਗੋਦਾਮ ਧੀਰੇਕੋਟ ਤੋਂ ਲੁੱਟੇ ਗਏ ਸਰਕਾਰੀ ਕਣਕ ਦਾ ਇਕ ਟਰੱਕ ਲੁਟੇਰਿਆਂ ਨੇ ਮੋਗਾ ਦੇ ਪਿੰਡ ਧਰਮਕੋਟ ਦੇ ਸਾਬਕਾ ਕਾਂਗਰਸੀ ਨੇਤਾ ਅਤੇ ਡਿਪੋ ਹੋਲਡਰ ਹਰਦੀਪ ਸਿੰਘ ਫ਼ੌਜੀ ਨੂੰ ਵੇਚ ਦਿਤਾ ਸੀ। ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਕਪਿਲ ਕੌਸ਼ਲ ਨੇ ਪਿੰਡ ਵਿਚ ਅਪਣੀ ਟੀਮ ਦੇ ਨਾਲ ਰੇਡ ਕੀਤੀ ਅਤੇ ਡਿਪੋ ਹੋਲਡਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਲੁੱਟੀਆਂ ਗਈਆਂ 1800 ਵਿਚੋਂ 548 ਬੋਰੀਆਂ ਕਣਕ ਦੀਆਂ ਬਰਾਮਦ ਕੀਤੀਆਂ ਹਨ।
Arrested
ਕਣਕ ਦਾ ਟਰੱਕ ਡਰਾਇਵਰ ਨਿਰਮਲ ਸਿੰਘ ਨੇ ਡਿਪੋ ਹੋਲਡਰ ਨੂੰ ਵੇਚਿਆ ਸੀ। ਫ਼ਿਲਹਾਲ ਪੁਲਿਸ ਨੇ ਡਿਪੋ ਹੋਲਡਰ ਅਤੇ ਡਰਾਇਵਰ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਬਾਕੀ ਮੁਲਜ਼ਮ ਵੀ ਛੇਤੀ ਪੁਲਿਸ ਦੇ ਸ਼ਿਕੰਜੇ ਵਿਚ ਹੋਣਗੇ। ਉਥੇ ਹੀ ਦੂਜੇ ਪਾਸੇ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੀ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਹੈ।
ਪੁੱਛਗਿਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਨੇ ਸਰਕਾਰੀ ਕਣਕ ਡਰਾਇਵਰ ਤੋਂ ਖਰੀਦੀ ਸੀ। ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਕਪਿਲ ਕੌਸ਼ਲ ਦਾ ਕਹਿਣਾ ਹੈ ਕਿ ਅਜੇ ਡਿਪੋ ਹੋਲਡਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਤੱਕ 548 ਕਣਕ ਦੀਆਂ ਬੋਰੀਆ ਬਰਾਮਦ ਕੀਤੀ ਜਾ ਚੁੱਕੀਆਂ ਹਨ, ਬਾਕੀ ਵੀ ਜਲਦੀ ਹੀ ਬਰਾਮਦ ਕਰ ਲਈਆਂ ਜਾਣਗੀਆਂ।
ਦੱਸ ਦਈਏ ਕਿ ਪਿੰਡ ਗਹਿਰੀ ਮੰਡੀ ਸਥਿਤ ਰਾਜਪਾਲ ਗੋਦਾਮ ਧੀਰੇਕੋਟ ਤੋਂ 12-13 ਮਾਰਚ ਦੀ ਰਾਤ ਅਣਪਛਾਤੇ ਲੁਟੇਰਿਆਂ ਨੇ ਪਿੰਡ ਦੇ ਚਾਰ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਗੋਦਾਮ ਵਿਚੋਂ ਦੋ ਟਰੱਕ ਸਰਕਾਰੀ ਕਣਕ ਲੁੱਟ ਕੇ ਫ਼ਰਾਰ ਹੋ ਗਏ ਸਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਲੁਟੇਰੇ 1800 ਸਰਕਾਰੀ ਕਣਕ ਦੀਆਂ ਬੋਰੀਆਂ ਲੈ ਗਏ ਸਨ। ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਚੌਕੀਦਾਰ ਪ੍ਰਿਤਪਾਲ ਸਿੰਘ ਨਿਵਾਸੀ ਗਦਲੀ ਦੇ ਬਿਆਨਾਂ ਉਤੇ 16 ਅਣਪਛਾਤੇ ਲੋਕਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਸੀ।
ਪ੍ਰਿਤਪਾਲ ਸਿੰਘ ਦੇ ਨਾਲ ਪ੍ਰੇਮ ਸਿੰਘ, ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਵੀ ਚੌਕੀਦਾਰੀ ਕਰਦੇ ਸਨ। ਗੋਦਾਮ ਵਿਚ ਪਨਗ੍ਰੇਨ ਏਜੰਸੀ ਦੀ ਕਣਕ ਸਟੋਰ ਸੀ। 12-13 ਮਾਰਚ ਨੂੰ ਲੁਟੇਰੇ ਗੋਦਾਮ ਦੀ ਕੰਧ ਟੱਪ ਕੇ ਦਾਖ਼ਲ ਹੋਏ ਅਤੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਮੇਨ ਗੇਟ ਦਾ ਲੌਕ ਤੋੜ ਕੇ ਅਤੇ ਟਰੱਕ ਅੰਦਰ ਲਿਆ ਕੇ ਉਸ ਵਿਚ ਸਰਕਾਰੀ ਕਣਕ ਦੀਆਂ ਬੋਰੀਆਂ ਲੋਡ ਕਰਕੇ ਲੈ ਗਏ ਸਨ। ਮੁਲਜ਼ਮ ਹਰਦੀਪ ਸਿੰਘ ਕਾਫ਼ੀ ਸਮਾਂ ਕਾਂਗਰਸ ਨਾਲ ਜੁੜਿਆ ਰਿਹਾ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਸ ਨੇ ਹਲਕਾ ਧਰਮਕੋਟ ਤੋਂ ਹੀ ਟਿਕਟ ਦੀ ਮੰਗ ਕੀਤੀ ਸੀ। ਟਿਕਟ ਨਾ ਮਿਲੀ ਤਾਂ ਆਜ਼ਾਦ ਚੋਣ ਲੜਿਆ ਪਰ ਹਾਰ ਗਿਆ।