
ਭਾਕਿਯੂ ਏਕਤਾ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਚਿਤਵਾਨੀ
ਚੰਡੀਗੜ੍ਹ (ਭੁੱਲਰ): ਕੋਰੋਨਾ ਦੀ ਆੜ ਹੇਠ ਕਿਸਾਨ ਸੰਘਰਸ਼ ਉਤੇ ਪਾਬੰਦੀਆਂ ਮੜ੍ਹਨ ਦੀਆਂ ਵਿਉਂਤਾਂ ਘੜ ਰਹੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਕਿਹਾ ਹੈ ਉਹ ਕਿਸਾਨ ਸੰਘਰਸ਼ ਤੋਂ ਅਪਣੇ ਨਾਪਾਕ ਅਤੇ ਜਾਬਰ ਹੱਥ ਪਾਸੇ ਰੱਖੇ। ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਉਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ।
Farmers Protest
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਦੇਸ਼ ਅੰਦਰ ਮੁੜ ਲਾਕਡਾਊਨ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਬੰਗਾਲ ਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਅੰਦਰ ਆਪ ਵੱਡੀਆਂ ਰੈਲੀਆਂ ਕਰ ਰਹੀ ਹੈ।
ਅਪਣੇ ਖੇਤੀ ਕਿੱਤੇ ਦੀ ਰਾਖੀ ਲਈ ਦਿੱਲੀ ਦੇ ਬਾਰਡਰ ਉਤੇ ਡਟੇ ਹੋਏ ਕਿਸਾਨਾਂ ਨੂੰ ਕੋਰੋਨਾ ਖ਼ਤਰੇ ਦੀਆਂ ਨਸੀਹਤਾਂ ਦਿਤੀਆਂ ਜਾ ਰਹੀਆਂ ਹਨ।
Joginder Singh Ugrahan
ਮੀਡੀਆ ਦੀਆਂ ਖ਼ਬਰਾਂ ਰਾਹੀਂ ਅਪਰੇਸ਼ਨ ਕਲੀਨ ਵਰਗੀ ਚਰਚਾ ਚਲਾ ਕੇ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਮਰਾਜ ਦੀ ਝੋਲੀਚੁੱਕ ਇਸ ਸਰਕਾਰ ਨੇ ਇਸ ਮਹਾਂਮਾਰੀ ਨੂੰ ਵੀ ਅਪਣੇ ਲੁਟੇਰੇ ਮਨਸੂਬਿਆਂ ਦਾ ਹੱਥਾ ਬਣਾ ਲਿਆ ਹੈ। ਅਜਿਹੀਆਂ ਕੋਈ ਵੀ ਰੀਪੋਰਟਾਂ ਕਿਸਾਨਾਂ ਨੂੰ ਸੰਘਰਸ਼ ਦੇ ਰਸਤੇ ਤੋਂ ਥਿੜਕਾ ਨਹੀਂ ਸਕਦੀਆਂ।
corona virus
ਇਨ੍ਹਾਂ ਮਨਸ਼ਿਆਂ ਨੂੰ ਚਕਨਾਚੂਰ ਕਰਨ ਲਈ 21 ਅਪ੍ਰੈਲ ਨੂੰ ਕਿਸਾਨਾਂ ਦਾ ਵੱਡਾ ਕਾਫ਼ਲਾ ਪੰਜਾਬ ਤੋਂ ਦਿੱਲੀ ਵਲ ਕੂਚ ਕਰੇਗਾ। ਆਗੂਆਂ ਨੇ ਕਿਹਾ ਕਿ ਸੰਘਰਸ਼ ਵਿਚ ਸ਼ਾਮਲ ਕਿਸਾਨ-ਮਜ਼ਦੂਰ ਅਪਣੀ ਸਿਹਤ ਲਈ ਵੀ ਜਾਗਰੂਕ ਹਨ। ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ ਪਰ ਕੋਰੋਨਾ ਬਿਮਾਰੀ ਕਿਸਾਨਾਂ ਲਈ ਖੇਤੀ ਕਿੱਤੇ ਦੀ ਤਬਾਹੀ ਤੋਂ ਉੱਪਰ ਨਹੀਂ ਹੈ।