
300 ਯੂਨਿਟ ਬਿਜਲੀ ਮੁਆਫ਼ੀ ਦੇ ਐਲਾਨ ਵਿਚ ਜਰਨਲ ਕੈਟਾਗਿਰੀ ਨਾਲ ਵਿਤਕਰੇ ਵਿਰੁਧ ਸੰਘਰਸ਼ ਦਾ ਐਲਾਨ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਵੀ ਵਿਰੋਧ ਦਾ ਕੀਤਾ ਐਲਾਨ
ਨੰਗਲ, 17 ਅਪ੍ਰੈਲ (ਕੁਲਵਿੰਦਰ ਭਾਟੀਆ) : ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ 300 ਯੂਨਿਟ ਬਿਜਲੀ ਦਲਿਤ ਪਰਵਾਰਾਂ ਨੂੰ ਮੁਫ਼ਤ ਦੇਣ ਦੇ ਫ਼ੈਸਲੇ ਨੂੰ ਲੈ ਕੇ ਅੱਜ ਜਨਰਲ ਕੈਟਾਗਿਰੀ ਦੇ ਲੋਕ ਇਸ ਫ਼ੈਸਲੇ ਵਿਰੁਧ ਬਾਹਰ ਆ ਗਏ |
ਅੱਜ ਇਕ ਪੱਤਰਕਾਰ ਸੰਮੇਲਨ ਕਰ ਕੇ ਨੰਗਲ ਦੇ ਜਨਰਲ ਕੈਟਾਗਿਰੀ ਦੇ ਕੱੁਝ ਮੋਹਤਬਰ ਵਿਅਕਤੀਆਂ ਵਲੋਂ ਸਰਕਾਰ ਤੇ ਪੱਖਪਾਤ ਦੇ ਦੋਸ਼ ਲਗਾਏ | ਵਿਜੈ ਕੌਸ਼ਲ ਸਾਬਕਾ ਕੌਂਸਲਰ, ਉਮਾ ਕਾਂਤ ਸ਼ਰਮਾ ਬ੍ਰਾਹਮਣ ਸਭਾ ਦੇ ਆਗੂ ਅਤੇ ਰਮਨ ਸ਼ਰਮਾ ਬ੍ਰਾਹਮਣ ਸਭਾ ਦੇ ਆਗੂ ਅਤੇ ਹੋਰ ਮੋਹਤਬਰ ਵਿਅਕਤੀਆਂ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਨਰਲ ਕੈਟਾਗਿਰੀ ਦੇ ਨਾਲ 300 ਯੂਨਿਟ ਮੁਆਫ਼ ਕਰਨ ਦੇ ਫ਼ੈਸਲੇ ਵਿਚ ਵੱਡਾ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਨਰਲ ਕੈਟਾਗਿਰੀ ਵਿਚ ਵੀ ਇਕ ਬਹੁਤ ਵੱਡਾ ਤਬਕਾ ਆਰਥਕ ਤੰਗੀ ਨਾਲ ਜੂਝ ਰਿਹਾ ਹੈ ਅਤੇ ਮਿਡਲ ਕਲਾਸ ਲੋਕਾਂ ਵਿਚ ਵੀ ਬਹੁਤਾਤ ਜਨਰਲ ਕੈਟਾਗਿਰੀ ਦੀ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਪਿਛਲੀ ਕਾਂਗਰਸ ਦੀ ਚੰਨੀ ਸਰਕਾਰ ਦੀ ਤਰਜ਼ 'ਤੇ ਬਿਜਲੀ ਦੇ ਰੇਟ ਘਟਾਏ ਨਾ ਕਿ ਮੁਫ਼ਤ ਬਿਜਲੀ ਦੇਵੇ |
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਜਨਰਲ ਕੈਟਾਗਰੀ ਦੀ ਸਾਰ ਨਾ ਲਈ ਅਤੇ ਇਸ ਫ਼ੈਸਲੇ ਨੂੰ ਨਾ ਬਦਲਿਆ ਤਾਂ ਉਨ੍ਹਾਂ ਵਲੋਂ ਇਸ ਸੰਘਰਸ਼ ਨੂੰ ਨਾ ਸਿਰਫ਼ ਸੂਬਾ ਪੱਧਰ 'ਤੇ ਲਿਜਾਇਆ ਜਾਵੇਗਾ ਸਗੋਂ ਹਿਮਾਚਲ ਪ੍ਰਦੇਸ਼ ਦੀ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਦੇ ਨਤੀਜੇ ਆਮ ਆਦਮੀ ਪਾਰਟੀ ਨੂੰ ਭੁਗਤਣੇ ਪੈਣਗੇ |
ਇਸ ਮੌਕੇ ਸਾਂਝੇ ਤੌਰ ਤੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਜਲਦੀ ਹੀ ਪਾਰਟੀਬਾਜ਼ੀ ਤੋਂ ਉਤੇ ਉਠ ਕੇ ਜਨਰਲ ਕੈਟਾਗਿਰੀ ਮੰਚ ਦਾ ਗਠਨ ਕੀਤਾ ਜਾਵੇਗਾ ਅਤੇ ਇਕ ਝੰਡੇ ਹੇਠ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਵਿਰੁਧ ਇਕ ਜੇਹਾਦ ਛੇੜਿਆ ਜਾਵੇਗਾ | ਇਸ ਮੌਕੇ ਬਲਵਿੰਦਰ ਬਾਲੀ ਮੁਕੇਸ਼ ਬਾਵਾ, ਅਸ਼ੋਕ ਸੈਣੀ, ਟੋਨੀ ਸਹਿਗਲ, ਅਵਤਾਰ ਰਾਣਾ, ਚੰਨਣ ਸਿੰਘ ਠੇਕੇਦਾਰ, ਰਜਨੀਸ਼ ਸ਼ਰਮਾ ਅਤੇ ਵਿਸ਼ਾਲ ਸ਼ਰਮਾ ਹਾਜ਼ਰ ਸਨ |