
ਦੇਸ਼ ਦਾ ਕੌਮੀ ਤਿਉਹਾਰ ਦੁਸ਼ਿਹਰੇ ਮੌਕੇ ਲੰਕਾਪਤੀ ਰਾਵਣ ਦਾ ਪੁਤਲਾ ਫੂਕ ਕੇ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਦਿਆਂ ਚਾਰ ਬੇਦਾਂ ਦੇ ਗਿਆਤਾ ਰਾਵਣ.........
ਖੰਨਾ : ਦੇਸ਼ ਦਾ ਕੌਮੀ ਤਿਉਹਾਰ ਦੁਸ਼ਿਹਰੇ ਮੌਕੇ ਲੰਕਾਪਤੀ ਰਾਵਣ ਦਾ ਪੁਤਲਾ ਫੂਕ ਕੇ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਦਿਆਂ ਚਾਰ ਬੇਦਾਂ ਦੇ ਗਿਆਤਾ ਰਾਵਣ ਪ੍ਰਤੀ ਘ੍ਰਿਣਾ ਪਾਲੀ ਜਾਂਦੀ ਹੈ। ਉਥੇ ਪੰਜਾਬ ਦਾ ਸ਼ਹਿਰ ਪਾਇਲ ਜਿੱਥੇ ਦੁਸ਼ਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ ਵੀ ਕੀਤੀ ਜਾਂਦੀ ਹੈ, ਇਸ ਪ੍ਰੰਪਰਾਂ ਨੂੰ ਦੂਬੇ ਪ੍ਰੀਵਾਰ ਪਟਿਆਲਾ, ਬਠਿੰਡਾਂ, ਪਠਾਨਕੋਟ, ਚੰਡੀਗੜ੍ਹ ਤੋਂ ਹਰ ਸਾਲ ਦੁਸ਼ਿਹਰੇ ਮੌਕੇ ਪਾਇਲ ਆ ਕੇ ਛੇ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ ਅਤੇ ਰਾਵਣ ਦੀ ਪੂਜਾ ਸਮੇਤ ਰਾਮ ਮੰਦਰ ਵਿੱਚ ਵੀ ਪ੍ਰਤੀ ਪੂਜਾ ਅਰਚਨਾ ਕਰਦਿਆਂ ਲੋਕਾਂ 'ਚ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ।
ਪਰਵਾਰ ਦੀ ਛੇਵੀ ਪੁਸ਼ਤ ਵਿੱਚੋਂ ਅਕਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵਲ ਕੂਚ ਕਰ ਦਿੱਤਾ, ਰਸਤੇ ਵਿੱਚ ਇਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦਿਆਂ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸ਼ਿਹਰਾ ਮਨਾਉ। ਜਿਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸ਼ਹਿਰ ਤੋਂ ਪਹਿਲਾਂ, ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ, ਇਸੇ ਤਰਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਅਤੇ ਨਰੈਣਦਾਸ ਦੂਬੇ ਸੀ।
ਜਿਨ੍ਹਾਂ ਨੂੰ ਅਸੀ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ, ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪ੍ਰੀਵਾਰ ਲਈ ਦੁਸ਼ਿਹਰੇ ਮੌਕੇ ਪੂਜਾ ਅਰਚਨਾ ਕਰਨ ਦਾ ਜਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ। ਰਾਮ ਮੰਦਰ ਤੇ ਲੱਗੀ ਸ਼ਿਲਾ ਰਾਮ ਮੰਦਰ ਦੀ ਉਸਾਰੀ ਸੰਨ 1900 ਵਿੱਚ ਹੋਣ ਦਾ ਪ੍ਰਮਾਣ ਦਰਸਾਉਦੀ ਹੈ ਅਤੇ ਰਾਵਣ ਦਾ ਬੁੱਤ ਵੀ ਮੰਦਰ ਦਾ ਸਮਕਾਲੀ ਦੱਸਿਆ ਜਾ ਰਿਹਾ ਹੈ। ਸ਼ਹਿਰ ਦੇ ਵਾਸੀ ਭਾਸਕਰ ਜੀ ਨੇ ਦੱਸਿਆ ਕਿ ਹਰ ਸਾਲ ਰਾਮਲੀਲਾ ਵੀ ਕੀਤੀ ਜਾਂਦੀ ਹੈ ਅਤੇ ਬੱਚਿਆਂ ਵਲੋਂ ਦਿਨ ਸਮੇਂ ਖੇਡੀ ਜਾਂਦੀ ਰਾਮਲੀਲਾ ਦਾ ਮੰਚਨ ਵੀ ਕੀਤਾ ਜਾਂਦਾ ਹੈ।
ਵਿਸ਼ੇਸ਼ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਕ ਪ੍ਰੀਵਾਰ ਵਲੋਂ ਰਾਵਣ ਦੇ ਬੁੱਤ ਨੂੰ ਪੱਕੇ ਤੌਰ ਤੇ ਸਥਾਪਿਤ ਕੀਤੇ ਨੂੰ ਅਸ਼ੁੱਭ ਮੰਨਦਿਆਂ, ਤੋੜਿਆ ਗਿਆ, ਜਿਨ੍ਹਾਂ ਨੂੰ ਪ੍ਰੀਵਾਰਕ ਨੁਕਸਾਨ ਹੋਣ ਕਰਕੇ ਦੁਬਾਰਾ ਨਿਰਮਾਣ ਕਰਵਾਉਣਾ ਪਿਆ, ਜੋ ਅੱਜ ਵੀ ਇਸ ਅਸਥਾਨ ਨਾਲ ਜੁੜੇ ਹੋਏ ਹਨ। ਦੁਸ਼ਿਹਰੇ ਮੌਕੇ ਸਾਰਾ ਇਲਾਕੇ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਤਿਉਹਾਰ ਬੜੀ ਮਹੱਤਤਾ ਰੱਖਦਾ ਹੈ। ਦੁਬੇ ਪ੍ਰੀਵਾਰ ਦਾ ਕਹਿਣਾ ਸੀ ਕਿ ਰਾਵਣ ਦੀ ਪੂਜਾ ਲਈ ਸਾਡੀ ਅਗਲੀ ਪੀੜ੍ਹੀ ਵੀ ਬੜੀ ਸ਼ਿੱਦਤ ਨਾਲ ਰਾਵਣ ਦੀ ਪੂਜਾ ਅਤੇ ਮੰਦਰ ਵਿੱਚ ਪਾਠ ਆਦਿਕ ਕਰਨ ਲਈ ਵਚਨਵੱਧ ਹੈ।
ਉਨ੍ਹ੍ਹਾਂ ਦੱਸਿਆ ਕਿ ਦੁਸ਼ਹਿਰੇ ਵਾਲੇ ਦਿਨ ਸ਼ਾਮ ਸਮੇਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਜਿੱਥੇ ਵਿਸ਼ੇਸ਼ ਤੌਰ ਤੇ ਰਾਵਣ ਨੂੰ ਦੁਸ਼ਿਹਰੇ ਵਾਲੇ ਦਿਨ ਸੂਰਜ ਛਿੱਪਣ ਮੌਕੇ ਸ਼ਰਾਬ ਸਮੇਤ ਲਹੂ ਦਾ ਟਿੱਕਾ ਲਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ ਉਪ੍ਰੰਤ ਰਾਵਣ ਦੇ ਬੁੱਤ ਦੇ ਸਿਰ ਉਪਰ ਅੱਗ ਲਾ ਕੇ ਅਗਨੀ ਦੀ ਰਸਮ ਵੀ ਨਿਭਾਈ ਜਾਂਦੀ ਹੈ। ਸ਼ਰਾਬ ਤੇ ਖੂਨ ਭੇਂਟ ਕਰਨ ਦੇ ਸੁਆਲ ਤੇ ਉਨ੍ਹ੍ਹਾਂ ਕਿਹਾ ਕਿ ਜਿੱਥੇ ਰਾਵਣ ਰਾਖਸ਼ਿਸ਼ ਬੁੱਧੀ ਵਾਲਾ ਸੀ ਉਥੇ ਬੇਦਾਂ ਦਾ ਗਿਆਤਾ ਵੀ ਸੀ, ਜਿਸ ਕਰਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।