
ਲੁਧਿਆਣਾ ਵਿਖੇ ਇਕ ਪ੍ਰਾਈਵੇਟ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਕੈਮੀਕਲ ਧਮਾਕੇ ਨਾਲ ਮਾਰੇ ਗਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ...
ਚੰਡੀਗੜ੍ਹ (ਸਸਸ) : ਲੁਧਿਆਣਾ ਵਿਖੇ ਇਕ ਪ੍ਰਾਈਵੇਟ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਕੈਮੀਕਲ ਧਮਾਕੇ ਨਾਲ ਮਾਰੇ ਗਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ/ਕਰਮਚਾਰੀਆਂ ਵਿਚੋਂ ਪੰਜ ਜਣਿਆਂ ਦੇ ਵਾਰਸਾਂ ਨੂੰ ਅੱਜ ਨੌਕਰੀ ਦਾ ਨਿਯੁਕਤੀ ਪੱਤਰ ਦਿਤਾ। ਅੱਜ ਇਥੇ ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜ ਅਧਿਕਾਰੀਆਂ/ਕਰਮਾਚੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ।
Sidhu given appointment letterਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਅੱਜ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਿਸਾਂ ਸਾਹਿਲ ਗਿੱਲ ਪੁੱਤਰ ਸ੍ਰੀ ਸਮਾਉਣ ਗਿੱਲ (ਸਬ ਫਾਇਰ ਅਫਸਰ), ਤੁਸ਼ਾਰ ਸ਼ਰਮਾ ਪੁੱਤਰ ਸ੍ਰੀ ਰਾਜਿੰਦਰ ਕੁਮਾਰ ਸ਼ਰਮਾ (ਸਬ ਫਾਇਰ ਅਫਸਰ), ਪਰਮਿੰਦਰ ਸਿੰਘ ਪੁੱਤਰ ਸ੍ਰੀ ਰਾਜ ਕੁਮਾਰ (ਸਬ ਫਾਇਰ ਅਫਸਰ), ਭੁਪਿੰਦਰ ਸਿੰਘ ਪੁੱਤਰ ਸ੍ਰੀ ਪੂਰਨ ਸਿੰਘ (ਲੀਡਿੰਗ ਫਾਇਰ ਮੈਨ) ਤੇ ਰੇਖਾ ਰਾਣੀ ਪਤਨੀ ਸ੍ਰੀ ਰਾਜਨ (ਫਾਇਰਮੈਨ) ਨੂੰ ਵਿਭਾਗ ਵਿਚ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ।
ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਚਾਰ ਪਰਿਵਾਰਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਕਿਹਾ ਕਿ ਲੁਧਿਆਣਾ ਵਿਖੇ ਪਿਛਲੇ ਸਾਲੇ ਵਾਪਰੇ ਇਸ ਦੁਖਾਂਤ ਵਿੱਚ ਫਾਇਰ ਬ੍ਰਿਗੇਡ ਦੇ ਜੁਝਾਰੂ ਸਟਾਫ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਤਨਦੇਹੀ ਨਾਲ ਡਿਊਟੀ ਨਿਭਾਈ ਅਤੇ 9 ਅਧਿਕਾਰੀ/ਕਰਮਚਾਰੀ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਇਨ੍ਹਾਂ ਫਾਇਰ ਕਰਮੀਆਂ ਵਲੋਂ ਨਿਭਾਈ ਸੇਵਾ ਲਾਮਿਸਾਲ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਸ਼ਹੀਦ ਹੋਏ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦਿਤੀ ਗਈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਬਣਦੇ ਸਾਰੇ ਬਕਾਏ ਵੀ ਤੁਰੰਤ ਕਾਰਵਾਈ ਕਰਦੇ ਹੋਏ ਦਿਤੇ ਜਾ ਚੁੱਕੇ ਹਨ। ਪੀੜਤ ਪਰਿਵਾਰਾਂ ਨੂੰ ਫੈਮਲੀ ਪੈਨਸ਼ਨ ਵੀ ਪਹਿਲ ਦੇ ਆਧਾਰ 'ਤੇ ਜਾਰੀ ਕਰ ਦਿਤੀ ਗਈ। ਸ. ਸਿੱਧੂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਰੇਲ ਹਾਦਸੇ ਦੀ ਪੀੜਤਾਂ ਦੇ ਮੁੜ ਵਸੇਬੇ ਲਈ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਹਨ।
ਪੀੜਤਾਂ ਨੂੰ ਜਿੱਥੇ ਮੁਆਵਜ਼ਾ ਰਾਸ਼ੀ ਵੰਡੀ ਗਈ ਉਥੇ ਉਨ੍ਹਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅਤੇ ਮੁੱਖ ਮੰਤਰੀ ਜੀ ਜਲਦ ਹੀ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 7 ਪੀੜਤ ਪਰਿਵਾਰ ਜਿਹੜੇ ਕਿਸੇ ਨੌਕਰੀ ਦੇ ਯੋਗ ਨਹੀਂ ਸਨ, ਉਨ੍ਹਾਂ ਨੂੰ ਉਹ ਖ਼ੁਦ ਆਪਣੇ ਵਲੋਂ 8000 ਰੁਪਏ ਪ੍ਰਤੀ ਮਹੀਨਾ ਪ੍ਰਤੀ ਪੀੜਤ ਤਾਉਮਰ ਦੇਣਗੇ। ਇਸ ਮੌਕੇ ਵਿਧਾਇਕ ਸ੍ਰੀ ਸੁਰਿੰਦਰ ਡਾਬਰ ਤੇ ਅਮਿਤ ਵਿੱਜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ ਵੀ ਹਾਜ਼ਰ ਸਨ।