
ਸੁਪਰਬੇਟ ਰੈਪਿਡ ਸ਼ਤਰੰਜ: ਵਿਸ਼ਵਨਾਥਨ ਆਨੰਦ ਨੇ ਲਾਈ ਜਿੱਤ ਦੀ ਹੈਟ੍ਰਿਕ
ਵਾਰਸ਼ਾ, 20 ਮਈ : ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ 52 ਸਾਲਾ ਵਿਸ਼ਵਨਾਥਨ ਆਨੰਦ ਵਾਰ-ਵਾਰ ਇਹ ਸਾਬਤ ਕਰ ਦਿੰਦੇ ਹਨ ਕਿ ਉਮਰ ਉਨ੍ਹਾਂ ਲਈ ਸਿਰਫ਼ ਇਕ ਨੰਬਰ ਹੈ। ਕਰੀਬ ਇਕ ਸਾਲ ਬਾਅਦ ਕੌਮਾਂਤਰੀ ਸ਼ਤਰੰਜ ਦੇ ਆਨ ਦਿ ਬੋਰਡ ਮੁਕਾਬਲਿਆਂ ’ਚ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਅਪਣੇ ਪ੍ਰਦਰਸ਼ਨ ਨਾਲ ਵਿਸ਼ਵ ਭਰ ਦੇ ਸ਼ਤਰੰਜ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿਤਾ ਹੈ। ਉਨ੍ਹਾਂ ਨੇ ਪਹਿਲੇ ਹੀ ਦਿਨ ਪੋਲੈਂਡ ਦੇ ਰਾਡੇਕ ਵੋਈਟਸਜੇਕ, ਯੂ. ਐੱਸ. ਏ. ਦੇ ਵੇਸਲੀ ਸੋ ਤੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨੂੰ ਹਰਾਉਂਦੇ ਹੋਏ ਪ੍ਰਤੀਯੋਗਤਾ ’ਚ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਆਨੰਦ ਦੇ ਸ਼ਾਨਦਾਰ ਖੇਡ ਦਾ ਨਜ਼ਾਰਾ ਕੱੁਝ ਇੰਜ ਰਿਹਾ ਕਿ ਪਹਿਲੇ ਦਿਨ ਦੇ ਬਾਅਦ ਜਿਥੇ ਉਹ 6 ਅੰਕ ਲੈ ਕੇ ਸੱਭ ਤੋਂ ਅੱਗੇ ਹਨ ਤਾਂ ਯੂ. ਐੱਸ. ਏ. ਦੇ ਫ਼ਬੀਆਨੋ ਕਰੂਆਨਾ ਤੇ ਲੇਵੋਨ ਅਰੋਨੀਅਨ 3 ਅੰਕ ਲੈ ਕੇ ਦੂਜੇ ਸਥਾਨ ’ਤੇ ਚਲ ਰਹੇ ਹਨ। (ਏਜੰਸੀ)