
ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਕ ਵਾਰ ਫਿਰ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ...
ਚੰਡੀਗੜ੍ਹ : ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਕ ਵਾਰ ਫਿਰ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਕਿਉਂਕਿ ਕਮਿਸ਼ਨ ਰਿਪੋਰਟ ਦੇ ਅਹਿਮ ਗਵਾਹ ਹਿੰਮਤ ਸਿੰਘ ਕਮਿਸ਼ਨ ਨੂੰ ਦਿਤੇ ਅਪਣੇ ਬਿਆਨਾਂ ਤੋਂ ਪਾਸਾ ਵੱਟ ਲਿਆ ਹੈ। ਦਸ ਦਈਏ ਕਿ ਹਿੰਮਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਨ।
Justice Ranjit Singh
ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਗਾਏ ਕਿ ਉਨ੍ਹਾਂ ਇਹ ਆਖਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ (ਹਿੰਮਤ ਸਿੰਘ) ਦੇ ਭਰਾ ਗਿਆਨੀ ਗੁਰਮੁਖ ਸਿੰਘ (ਤਤਕਾਲੀ ਜਥੇਦਾਰ ਤਖ਼ਤ ਦਮਦਮਾ ਸਾਹਿਬ) ਅਤੇ ਹੋਰ ਜਥੇਦਾਰਾਂ 'ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਸੀ, ਨੇ ਜਬਰੀ ਉਸ ਤੋਂ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾਏ। ਹਿੰਮਤ ਸਿੰਘ ਦਾ ਇਹ ਬਿਆਨ ਆਉਣ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ।
Captain Amrinder Singh CM
ਉਧਰ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਿੰਮਤ ਸਿੰਘ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦਸਿਆ ਹੈ। ਜ਼ਿਕਰਯੋਗ ਹੈ ਕਿ ਹਿੰਮਤ ਸਿੰੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ 'ਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਦੇ ਦੋਸ਼ ਲਾਏ ਜਾਣ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਅਪਰੈਲ ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ਵਿਚ ਤਬਦੀਲ ਕਰ ਦਿਤਾ ਸੀ। ਹੁਣ 3 ਅਗੱਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ।
Bargadi Kand
ਹਿੰਮਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਮੰਤਰੀ ਰੰਧਾਵਾ ਤੋਂ ਖ਼ਤਰਾ ਹੈ, ਜਿਸ ਕਰਕੇ ਉਹ ਲੁਕਿਆ ਹੋਇਆ ਹੈ। ਉਸ ਨੇ ਦੋਸ਼ ਲਗਾਏ ਹਨ ਕਿ ਉਸ ਨੂੰ ਬਿਆਨ ਪੜ੍ਹਨ ਤਕ ਦੀ ਇਜਾਜ਼ਤ ਨਹੀਂ ਦਿਤੀ ਗਈ। ਉਸ ਨੇ ਇਹ ਵੀ ਆਖਿਆ ਕਿ ਬਿਆਨ ਅੰਗਰੇਜ਼ੀ ਅਤੇ ਪੰਜਾਬੀ ਵਿਚ ਸਨ, ਅੰਗਰੇਜ਼ੀ ਮੈਂ ਪੜ੍ਹ ਨਹੀਂ ਸਕਦਾ ਜਦਕਿ ਪੰਜਾਬੀ ਵਾਲਾ ਬਿਆਨ ਮੈਨੂੰ ਦਿਖਾਇਆ ਹੀ ਨਹੀਂ ਗਿਆ। ਹਿੰਮਤ ਸਿੰਘ ਨੇ ਕਿਹਾ ਕਿ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ਵਿਚ ਬਾਦਲਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ।
Captain Amrinder Singh CM Punjab
ਹਿੰਮਤ ਸਿੰਘ ਮੁਤਾਬਕ ਕਮਿਸ਼ਨ ਦੀ ਰਿਪੋਰਟ ਵਿਚ ਉਸ ਦਾ ਨਾਮ ਗਵਾਹ ਵਜੋਂ ਦਰਸਾਇਆ ਗਿਆ ਹੈ ਜੋ 16 ਸਤੰਬਰ 2015 ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮੌਜੂਦ ਸੀ, ਜਿਥੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਦਲਾਂ ਦੇ ਕਹਿਣ 'ਤੇ ਪੱਤਰ ਪੜ੍ਹਿਆ। ਇਸ ਪੱਤਰ ਵਿਚ ਆਖਿਆ ਗਿਆ ਕਿ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ਵਿਚ ਮੁਆਫ਼ੀ ਮੰਗੀ ਹੈ ਅਤੇ ਸਾਰੇ ਜਥੇਦਾਰਾਂ ਵਲੋਂ ਡੇਰਾ ਮੁਖੀ ਦੇ ਸਮਾਜਿਕ ਬਾਈਕਾਟ ਦੇ ਜਾਰੀ ਹੁਕਮਨਾਮੇ ਨੂੰ ਵਾਪਸ ਲਿਆ ਜਾਵੇ। ਸੂਤਰਾਂ ਨੇ ਕਿਹਾ ਕਿ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਉਸ ਦੇ ਫੋਨ ਰਾਹੀਂ ਭਰਾ ਗਿਆਨੀ ਗੁਰਮੁਖ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੁਕਮਨਾਮਾ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ।
Justice Ranjit Singh
ਹਿੰਮਤ ਸਿੰਘ ਦਾ ਕਹਿਣਾ ਕਿ ਉਸ ਨੂੰ ਬਿਆਨ ਬਾਰੇ ਅਖ਼ਬਾਰਾਂ ਵਿਚ ਪੜ੍ਹਨ ਮਗਰੋਂ ਪਤਾ ਲੱਗਿਆ ਪਰ ਮੈਂ ਉਸ ਤਰੀਕ ਨੂੰ ਨਾ ਤਾਂ ਬਾਦਲਾਂ ਨੂੰ ਮਿਲਣ ਗਿਆ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਗਿਆ। ਉਸ ਨੇ ਦਸਿਆ ਕਿ ਮੇਰੇ ਉਪਰ ਮੰਤਰੀ ਰੰਧਾਵਾ ਨੇ ਚੰਡੀਗੜ੍ਹ ਆਉਣ ਅਤੇ 11 ਦਸੰਬਰ 2017 ਨੂੰ ਆਧਾਰਹੀਣ ਬਿਆਨਾਂ 'ਤੇ ਦਸਤਖ਼ਤ ਕਰਨ ਲਈ ਦਬਾਅ ਬਣਾਇਆ, ਜਿਸ ਤੋਂ ਬਾਅਦ ਮੈਂ ਪਿਛਲੇ ਸਾਲ ਅਕਤੂਬਰ ਵਿਚ ਗ੍ਰੰਥੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਜਸਟਿਸ ਰਣਜੀਤ ਸਿੰਘ ਨੇ ਵੀ ਮੇਰੇ 'ਤੇ ਦਬਾਅ ਬਣਾਇਆ ਕਿ ਮੈਂ ਬਿਆਨ ਦਾ ਖ਼ੁਲਾਸਾ ਨਾ ਕਰਾਂ।
Himmat Singh And Giani Gurmukh Singh
ਹਿੰਮਤ ਸਿੰਘ ਦਾ ਕਹਿਣਾ ਹੈ ਕਿ ਉਹ ਕਦੇ ਬਾਦਲਾਂ ਨੂੰ ਨਹੀਂ ਮਿਲਿਆ ਪਰ ਉਸ ਦੇ ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਸ 'ਤੇ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੁਧ ਦੋਸ਼ ਲਾਉਣ ਲਈ ਦਬਾਅ ਬਣਾਉਂਦਾ ਰਿਹਾ। ਖ਼ੈਰ, ਹੁਣ ਇਹ ਮਾਮਲਾ ਕਾਫ਼ੀ ਭਖਦਾ ਨਜ਼ਰ ਆ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਰਿਪੋਰਟ ਨੂੰ ਲੈ ਕੇ ਕੀ ਕੁੱਝ ਸਾਹਮਣੇ ਆਉਂਦਾ ਹੈ ਕਿਉਂਕਿ ਇਸ ਅਹਿਮ ਗਵਾਹ ਨੇ ਤਾਂ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੂੰ ਹੀ ਕਟਹਿਰੇ ਵਿਚ ਲਿਆ ਕੇ ਖੜ੍ਹਾ ਕਰ ਦਿਤਾ ਹੈ।