
ਕੇਂਦਰੀ ਖੇਤੀ ਆਰਡੀਨੈਂਸਾਂ ਕਾਰਨ ਬਾਦਲ ਲਈ 'ਸੱਪ ਦੇ ਮੂੰਹ ਕੋਹੜ ਕਿਰਲੀ' ਵਰਗੀ ਸਥਿਤੀ ਹੋਵੇਗੀ
ਚੰਡੀਗੜ੍ਹ: ਕੇਂਦਰ ਵਲੋਂ ਜਾਰੀ ਖੇਤੀ ਆਰਡੀਨੈਂਸਾਂ ਦੇ ਪੰਜਾਬ ਵਿਚ ਚਹੁੰ ਤਰਫ਼ਾ ਵਿਰੋਧ ਕਾਰਨ 28 ਅਗੱਸਤ ਨੂੰ ਪੰਜਾਬ ਵਿਧਾਨ ਸਭਾ ਦੇ ਹੋ ਰਹੇ ਇਕ ਦਿਨਾ ਸੈਸ਼ਨ ਵਿਚ ਸ਼ਾਮਲ ਹੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਮੁਸ਼ਕਲ ਸਥਿਤੀ ਬਣ ਗਈ ਹੈ। ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਨ੍ਹਾਂ ਆਰਡੀਨੈਂਸਾਂ ਵਿਰੁਧ ਮਤਾ ਲਿਆਉਂਦੀਆਂ ਹਨ ਤਾਂ ਬਾਦਲ ਦਲ ਲਈ 'ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ' ਹਾਲਤ ਹੋਵੇਗੀ।
Parkash Badal With Sukhbir Badal
ਸੂਤਰਾਂ ਦੀ ਮੰਨੀਏ ਤਾਂ ਇਸ ਸਥਿਤੀ ਤੋਂ ਬਚਣ ਲਈ ਦਲ ਦੇ ਪ੍ਰਧਾਨ ਸੈਸ਼ਨ ਤੋਂ ਕਿਸੇ ਨਾ ਕਿਸੇ ਬਹਾਨੇ ਪਾਸਾ ਵੱਟਣਾ ਚਾਹੁੰਦੇ ਹਨ ਤੇ ਪਾਰਟੀ ਅੰਦਰ ਇਸ ਇਕ ਦਿਨ ਦੇ ਸੈਸ਼ਨ ਦਾ ਬਾਈਕਾਟ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਾ ਹੈ ਪਰ ਪਾਰਟੀ ਦੇ ਕੁੱਝ ਸੀਨੀਅਰ ਨੇਤਾ ਤੇ ਵਿਧਾਇਕ ਇਸ ਵਾਰ ਅਜਿਹੀ ਗ਼ਲਤੀ ਨਾ ਕਰਨ ਦੀ ਅੰਦਰਖਾਤੇ ਗੱਲ ਕਰ ਰਹੇ ਹਨ।
Sukhbir Singh Badal
ਉਹ ਚਾਹੁੰਦੇ ਹਨ ਕਿ ਸੈਸ਼ਨ ਭਾਵੇਂ ਇਕ ਦਿਨ ਦਾ ਹੀ ਹੈ ਪਰ ਸ਼ਾਮਲ ਹੋ ਕੇ ਅਪਣੀ ਸਮਰੱਥਾ ਮੁਤਾਬਕ ਸੱਤਾਧਿਰ ਨੂੰ ਸਦਨ ਵਿਚ ਘੇਰਨ ਦਾ ਯਤਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੇ ਬਹਿਸ ਸਮੇਂ ਅਕਾਲੀਆਂ ਦੇ ਬਾਹਰ ਹੋਣ ਦਾ ਸੱਤਾਧਾਰੀ ਫ਼ਾਇਦੇ ਲੈ ਗਏ ਸਨ।
Parkash Singh Badal
ਇਸ ਤਰ੍ਹਾਂ ਬਾਦਲ ਦਲ ਦੀ ਮੁੱਖ ਲੀਡਰਸ਼ਿਪ ਇਸ ਸਮੇਂ ਇਸ ਸੈਸ਼ਨ ਵਿਚ ਹਿੱਸਾ ਲੈਦ ਦੇ ਮਾਮਲੇ 'ਤੇ ਫ਼ੈਸਲਾ ਕਰਨ ਲਈ ਸ਼ਸ਼ੋਪੰਜ ਵਿਚ ਹੈ। ਜ਼ਿਕਰਯੋਗ ਹੈ ਕਿ ਭਾਵੇਂ ਸੁਖਬੀਰ ਬਾਦਲ ਤੇ ਹੋਰ ਕਈ ਸੀਨੀਅਰ ਅਕਾਲੀ ਆਗੂ ਖੇਤੀ ਆਰਡੀਨੈਂਸਾਂ ਦਾ ਕਿਸਾਨਾਂ 'ਤੇ ਮਾੜਾ ਪ੍ਰਭਾਵ ਨਾ ਪੈਣ ਦੇਣ ਤੇ ਕੁਰਬਾਨੀ ਦੇਣ ਦੇ ਬਿਆਨ ਦੇ ਰਹੇ ਹਨ ਪਰ ਦੂਜੇ ਪਾਸੇ ਜ਼ਿਕਰਯੋਗ ਹੈ ਕਿ ਅਕਾਲੀ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿਚ ਕੇਂਦਰੀ ਕੈਬਨਿਟ ਨੇ ਖੇਤੀ ਆਰਡੀਨੈਂਸਾਂ ਬਾਰੇ ਫ਼ੈਸਲਾ ਲਿਆ ਹੈ।
Sukhbir Badal
ਇਸ ਕਰ ਕੇ ਬਾਦਲ ਦਲ ਖੁਲ੍ਹ ਕੇ ਇਨ੍ਹਾਂ ਦਾ ਵਿਰੋਧ ਵੀ ਨਹੀਂ ਕਰ ਸਕਦਾ ਕਿਉਂਕਿ ਇਸ ਦਾ ਅਕਾਲੀ ਭਾਜਪਾ ਗਠਜੋੜ 'ਤੇ ਅਸਰ ਪੈ ਸਕਦਾ ਹੈ। ਭਾਜਪਾ ਤਾਂ ਇਸ ਵਾਰ ਪਹਿਲਾਂ ਹੀ ਅਪਣੀ ਸ਼ਕਤੀ ਵਧਾ ਕੇ 59 ਸੀਟਾਂ ਦੀ ਮੰਗ ਦੇ ਦਾਅਵੇ ਦੀ ਤਿਆਰੀ ਵਿਚ ਹੈ। ਜੇ ਅਕਾਲੀ ਮੈਂਬਰ ਸੈਸ਼ਨ ਵਿਚ ਸ਼ਾਮਲ ਹੁੰਦੇ ਹਨ ਤਾਂ ਖੇਤੀ ਆਰਡੀਨੈਂਸਾਂ ਵਿਰੋਧੀ ਆਉਣ ਵਾਲੇ ਮਤੇ ਦਾ ਵਿਰੋਧ ਨਹੀਂ ਕਰ ਸਕਣਗੇ ਤੇ ਸਮਰਥਨ ਕਰਨਾ ਪਵੇਗਾ। ਇਸ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਸੈਸ਼ਨ ਵਿਚ ਹਿੱਸਾ ਲੈਣ ਜਾਂ ਬਾਹਰ ਰਹਿਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।